ਸੜਕਾਂ ਉੱਤੇ ਫਿਰਦੀ ਲੈਬਾਰਟਰੀ

-ਤਰਸੇਮ ਲੰਡੇ
ਬੀ ਏ ਕਰਨ ਪਿੱਛੋਂ ਲੈਬਰਾਟਰੀ ਟੈਕਨੀਸ਼ੀਅਨ ਡਿਪਲੋਮਾ ਕਰਨ ਦੀ ਸੋਚੀ। ਮੇਰੇ ਨਾਲ ਹੀ ਪਿੰਡ ਦੇ ਇਕ ਦੋਸਤ ਨੇ ਇਹ ਡਿਪਲੋਮਾ ਕਰਨ ਦਾ ਮਨ ਬਣਾ ਲਿਆ ਤੇ ਅਸੀਂ ਲੁਧਿਆਣੇ ਸਿਵਲ ਲਾਈਨਜ਼ ਦੇ ਇਕ ਇੰਸਟੀਚਿਊਟ ਵਿੱਚ ਦਾਖਲਾ ਲੈ ਲਿਆ। ਪਿੰਡ ਛੱਡ ਕੇ ‘ਪੀ ਜੀ’ ਵਿੱਚ ਰਹਿਣਾ ਬੜਾ ਮੁਸ਼ਕਿਲ ਸੀ, ਪਰ ਹੌਲੀ-ਹੌਲੀ ਪੈਰ ਲੱਗ ਗਏ। ਮਹੀਨੇ ਕੁ ਬਾਅਦ ਪਿੰਡ ਗੇੜਾ ਮਾਰ ਜਾਣਾ। ਇਸੇ ਬਹਾਨੇ ਪਿਤਾ ਜੀ ਤੋਂ ਖਰਚਾ ਅਤੇ ਮਾਂ ਦੇ ਹੱਥ ਦੀਆਂ ਰੋਟੀਆਂ ਮਿਲ ਜਾਂਦੀਆਂ। ਇਸੇ ਤਰ੍ਹਾਂ ਸਾਲ ਗੁਜ਼ਰ ਗਿਆ ਅਤੇ ਡਿਪਲੋਮਾ ਪੂਰਾ ਹੋ ਗਿਆ।
ਅੱਗੇ ਕਿਸੇ ਲੈਬਾਰਟਰੀ ਵਿੱਚ ਕੰਮ ਸਿੱਖਣ ਦਾ ਮਨ ਬਣਾ ਲਿਆ ਤਾਂ ਜੋ ਆਪਣੀ ਕੋਈ ਲੈਬਾਰਟਰੀ ਖੋਲ੍ਹ ਸਕੀਏ। ਲੁਧਿਆਣੇ ਇਕ ਡਾਇਗਨੋਸਟਿਕ ਸੈਂਟਰ ਵਿੱਚ ਨੌਕਰੀ ਮਿਲ ਗਈ। ਇਥੇ ਬਲੱਡ ਟੈਸਟਿੰਗ ਘੱਟ ਅਤੇ ‘ਬਲੱਡ ਕੁਲੈਕਸ਼ਨ ਸੈਂਟਰ’ ਦਾ ਕੰਮ ਵਧੇਰੇ ਸੀ। ਵੱਖ-ਵੱਖ ਹਸਪਤਾਲਾਂ ਵਿੱਚੋਂ ਸੈਂਪਲ ਇਕੱਠੇ ਕਰਕੇ ਸ਼ਾਮ ਨੂੰ ਵੱਖ-ਵੱਖ ਮੁੱਖ ਸੈਂਟਰਾਂ ਜਿਵੇਂ ਨੋਇਡਾ, ਦਿੱਲੀ, ਕੋਲਕਾਤਾ, ਮੁੰਬਈ ਆਦਿ ਸ਼ਹਿਰਾਂ ਨੂੰ ਕੋਰੀਅਰ ਰਾਹੀਂ ਭੇਜੇ ਜਾਂਦੇ ਸਨ। ਕੁਲੈਕਸ਼ਨ ਲਈ ਮੈਂ ਲੁਧਿਆਣਾ ਅਤੇ ਮੈਥੋਂ ਸੀਨੀਅਰ ਮੁੰਡਾ ਜੌਹਨੀ ਜਲੰਧਰ ਤੋਂ ਸੈਂਪਲ ਇਕੱਠੇ ਕਰਦੇ ਸਾਂ। ਸੈਂਪਲ ਇਕੱਠੇ ਕਰਦਿਆਂ ਜੇਠ ਹਾੜ੍ਹ ਦੀ ਧੁੱਪ, ਨੰਗੇ ਸਿਰ ਉਤੇ ਹੀ ਗੁਜ਼ਰਦੀ ਸੀ। ਕਦੀ ਦਸ ਕੁ ਮਿੰਟ ਪਸੀਨਾ ਸੁਕਾਉਣ ਲਈ ਪੱਖੇ ਹੇਠ ਬੈਠ ਜਾਣਾ ਤਾਂ ਡਾਕਟਰ ਨੇ ਝੱਟ ਕਹਿਣਾ, ‘ਜਾਓ ਫਲਾਣੇ ਹਸਪਤਾਲ ‘ਚੋਂ ਸੈਂਪਲ ਲੈ ਕੇ ਆਓ।’ ਕਦੀ ਕਹਿਣਾ, ‘ਜਾਓ ਅਰਜੈਂਟ ਹੈ, ਰਿਪੋਰਟ ਦੇ ਕੇ ਆਓ।’ ਇੰਨਾ ਜ਼ਰੂਰ ਸੀ ਕਿ ਦੂਜੇ ਹਸਪਤਾਲ ਦੇ ਡਾਕਟਰਾਂ ਤੇ ਸਟਾਫ ਨਾਲ ਜਾਣ ਪਛਾਣ ਵਾਹਵਾ ਹੋ ਗਈ ਅਤੇ ਸਾਰਾ ਕੰਮ ਹੱਥੀਂ ਕਰਨ ਦਾ ਤਰੀਕਾ ਵੀ ਸਿੱਖ ਲਿਆ। ਸਵੇਰੇ ਤਾਰਿਆਂ ਦੀ ਲੋਏ ਉਠਣਾ, ਫਿਰ ਚੱਲ ਸੋ ਚੱਲ।
ਇਨ੍ਹੀਂ ਦਿਨੀਂ ਡਾਕਟਰ ਨੂੰ ਜੌਹਨੀ ਵਾਧੂ ਜਾਪਣ ਲੱਗ ਪਿਆ। ਪਰਵਾਰ ਤੇ ਬੱਚਿਆਂ ਦੀਆਂ ਫੀਸਾਂ ਦਾ ਭਾਰ ਉਸ ਦੇ ਮੋਢਿਆ ‘ਤੇ ਸੀ। ਉਸ ਨੇ ਆਪਣੀ ਤਨਖਾਹ ਵਧਾਉਣ ਲਈ ਅਜੇ ਕਿਹਾ ਸੀ ਕਿ ਡਾਕਟਰ ਭੜਕ ਪਿਆ, ‘ਜੇ ਕਿਧਰੇ ਕੋਈ ਹੋਰ ਕੰਮ ਮਿਲਦਾ ਤਾਂ ਦੇਖਲੈ, ਮੈਂ ਵੀ ਆਪਣਾ ਘਰ ਚਲਾਉਣੈ।’ ਆਖਰ ਉਸ ਨੇ ਨੌਕਰੀ ਛੱਡ ਦਿੱਤੀ। ਜੌਹਨੀ ਤੋਂ ਬਾਅਦ ਜਲੰਧਰ ਵਾਲਾ ਸਾਰਾ ਕੰਮ ਮੇਰੇ ਸਿਰ ਆ ਪਿਆ। ਮੇਰਾ ਰੇਲ ਗੱਡੀ ਦਾ ਰੋਜ਼ਾਨਾ ਵਾਲਾ ਪਾਸ ਬਣ ਚੁੱਕਾ ਸੀ। ਸੈਂਪਲ ਇਕੱਠੇ ਕਰਨ ਲਈ ਮੇਰੇ ਵਾਸਤੇ ਅੱਧ ਪੁਰਾਣਾ ਜਿਹਾ ਸਾਈਕਲ ਜਲੰਧਰ ਰੇਲਵੇ ਸਟੇਸ਼ਨ ‘ਤੇ ਰੱਖ ਦਿੱਤਾ ਗਿਆ। ਇਹ ਜਿੰਮੇਵਾਰੀ ਲੁਧਿਆਣੇ ਤੋਂ ਵੀ ਔਖੀ ਸੀ। ਸਵੇਰੇ ਜਲਦੀ ਉਠਣਾ, ਨਹਾਉਣਾ, ਖਾਣਾ ਬਣਾਉਣਾ, ਤਿਆਰ ਹੋਣਾ, ਰੋਟੀ ਟਿਫਨ ਵਿੱਚ ਪਾ ਕੇ ਬੈਗ ਚੁੱਕ ਰੇਲਵੇ ਸਟੇਸ਼ਨ ਵੱਲ ਭੱਜਣਾ ਕਿ ਕਿਧਰੇ ਗੱਡੀ ਨਾ ਨਿਕਲ ਜਾਵੇ। ਜਲੰਧਰ ਰੇਲਵੇ ਸਟੇਸ਼ਨ ਤੋਂ ਕਪੂਰਥਲਾ ਚੌਕ, ਕਿਡਨੀ ਹਸਪਤਾਲ, ਕੈਂਟ, ਬੱਸ ਸਟੈਂਡ, ਮੇਨ ਬਾਜ਼ਾਰ ਹੁੰਦਾ ਹੋਇਆ ਰੇਲਵੇ ਸਟੇਸ਼ਨ ਪੁੱਜਣਾ। ਦਿਨ ਭਰ ਸਾਈਕਲ ਚਲਾਉਂਦਿਆਂ ਪੱਟ ਫੁੱਲ ਜਾਂਦੇ। ਸਰੀਰ ਦਾ ਧੂੰਆਂ ਨਿਕਲ ਜਾਣਾ। ਇਹ ਘਾਲਣਾ ਘਾਲਦਿਆਂ ਸਾਲ ਨਿਕਲ ਗਿਆ। ਆਸ ਉਹੀ ਕਿ ਆਪਣੀ ਲੈਬਾਰਟਰੀ ਖੋਲ੍ਹਾਂਗਾ। ਇਸੇ ਆਸ ਵਿੱਚ ਸਰੀਰ ਦਾ ਵਜ਼ਨ 44 ਕਿਲੋ ਰਹਿ ਗਿਆ।
ਉਸ ਦਿਨ ਐਤਵਾਰ ਸੀ, ਪਿਤਾ ਜੀ ਮਿਲਣ ਪੁੱਜ ਗਏ। ਮੇਰੀ ਤੇ ਮੇਰੇ ਰਹਿਣ ਦੀ ਹਾਲਤ ਦੇਖ ਉਨ੍ਹਾਂ ਮੈਨੂੰ ਵਾਪਸ ਪਿੰਡ ਜਾਣ ਦੀ ਰਾਏ ਦਿੱਤੀ। ਜਾਣ ਵੇਲੇ ਖਰਚ ਲਈ 2500 ਰੁਪਏ ਦਿੰਦਿਆਂ ਉਨ੍ਹਾਂ ਕਿਹਾ, ‘ਆਪਣੇ ਡਾਕਟਰ ਨੂੰ ਕਹਿ ਦਈਂ, ਅਗਲੇ ਮਹੀਨੇ ਕੰਮ ਛੱਡ ਦੇਣਾ। ਆਪਾਂ ਉਥੇ ਕਿਤੇ ਹੋਰ ਦੇਖ ਲਵਾਂਗੇ।’ ਪਿਤਾ ਜੀ ਦੇ ਚਿਹਰੇ ਵੱਲ ਦੇਖ ਮੇਰੀਆਂ ਅੱਖਾਂ ਭਰ ਆਈਆਂ। ਅਗਲੇ ਦਿਨ ਪਿਤਾ ਜੀ ਵਾਲੀ ਗੱਲ ਡਾਕਟਰ ਨੂੰ ਕਹਿ ਦਿੱਤੀ। ਡਾਕਟਰ ਨੇ ਮੇਰੀ ਥਾਂ ਕੋਈ ਪ੍ਰਬੰਧ ਨਾ ਕੀਤਾ, ਪਰ ਮੈਨੂੰ ਰੋਕਣ ਦੇ ਪੂਰੇ ਯਤਨ ਕੀਤੇ। ਅੰਤ ਡਾਕਟਰ ਨੇ ਖਿੱਝ ਕੇ ਕਿਹਾ, ‘ਤੈਨੂੰ ਪਤੈ, ਤੇਰੇ ਘਰ ਦੇ ਚੁੱਲੇ੍ਹ ਦੀ ਅੱਗ ਇਸ ਕੰਮ ਨਾਲ ਮੱਚਣੀ ਐ..।’
ਇਹ ਗੱਲ ਮੈਨੂੰ ਕੌੜੀ ਲੱਗੀ। ਮੇਰੇ ਜ਼ਿਹਨ ਵਿੱਚ ਜੌਹਨੀ ਦੇ ਘਰ ਦੇ ਚੁੱਲ੍ਹੇ ਦੀ ਅੱਗ ਘੁੰਮਣ ਲੱਗੀ, ਜੋ ਇਸ ਬੰਦੇ ਨੇ ਬੁਝਾਈ ਸੀ। ਇਹ ਵੀ ਪਤਾ ਸੀ ਕਿ ਜਿਸ ਦਿਨ ਕੋਈ ਹੋਰ ਮੁੰਡਾ ਆ ਗਿਆ, ਮੇਰੀ ਛੁੱਟੀ ਪੱਕੀ ਹੈ। ਵੱਧ ਤਨਖਾਹ ਦੀ ਫਿਰ ਪੇਸ਼ਕਸ਼ ਹੋਈ, ਪਰ ਇਕ ਦਿਨ ਮੈਂ ਹਿਸਾਬ ਕਰਕੇ ਪਿੰਡ ਚਾਲੇ ਪਾ ਦਿੱਤੇ। ਨਵੇਂ ਸਿਰਿਓਂ ਫਿਰ ਕਮਰ ਕੱਸੀ ਅਤੇ ਬੀ ਐਡ ਕਰ ਲਈ, ਹੁਣ ਬੱਚਿਆਂ ਨੂੰ ਪੜ੍ਹਾਉਂਦਾ ਹਾਂ।