ਸਜ਼ਾਯਾਫਤਾ

-ਅਮਰਜੀਤ ਸਿੰਘ ਮਾਨ
‘ਆ ਗੇ ਓਏ, ਆ ਗੇ, ਮੋੜਿਓ ਨਾ, ਲੰਘ ਜਾਣ ਦੇ..’ ਲਲਕਾਰੇ ਸੁਣ ਕੇ ਘਾਚੀ ਤ੍ਰਭਕ ਕੇ ਉਠਿਆ। ਮੈਂ ਜਾਗਦਾ ਹੀ ਬੈਠਾ ਸੀ। ਅਸੀਂ ਝੁੰਬੀ ਵਿੱਚੋਂ ਬਾਹਰ ਨਿਕਲ ਆਏ। ਸੰਘਣੀ ਧੁੰਦ ਵਿੱਚ ਹੱਥ ਮਾਰਿਆਂ ਵੀ ਨਹੀਂ ਦਿਸਦਾ ਸੀ, ਪਰ ਸਾਨੂੰ ਅੰਦਾਜ਼ਾ ਲੱਗ ਗਿਆ। ਅਸੀਂ ਬੈਟਰੀ ਨਾ ਜਗਾਈ। ਬਿਲਕੁਲ ਨੇੜੇ ਆਇਆਂ ਤੋਂ ਪਤਾ ਲੱਗਿਆ। ਜੱਗਾ ਤੇ ਬੰਸੀ ਸੱਤ ਅੱਠ ਡੰਗਰਾਂ ਨੂੰ ਭਜਾਈ ਆਉਂਦੇ ਸਨ। ਉਹ ਸਾਡੀ ਝੁੰਬੀ ਕੋਲੋਂ ਅੱਗੇ ਸੜਕ ਵੱਲ ਲੰਘ ਗਏ।
ਘਾਚੀ ਮੇਰੇ ਖੇਤ ਦਾ ਗੁਆਂਢੀ ਹੈ। ਸੜਕ ਵਾਲੇ ਖੇਤ ਅਸੀਂ ਸਾਂਝੀ ਝੁੰਬੀ ਬਣਾਈ ਹੋਈ ਹੈ। ਮੋਟਰ ਵਾਲੇ ਕਮਰੇ ਵਿੱਚ ਪੈ ਕੇ ਸਾਂਝੀ ਰਾਖੀ ਨਹੀਂ ਰੱਖੀ ਜਾ ਸਕਦੀ। ਉਂਜ ਵੀ ਝੁੰਬੀ ਵਿੱਚ ਪੈਣ ਨਾਲ ਠੰਢ ਲੱਗਦੀ ਰਹਿੰਦੀ ਹੈ, ਜਿਸ ਕਾਰਨ ਗੂੜ੍ਹੀ ਨੀਂਦ ਨਹੀਂ ਆਉਂਦੀ। ਕਿਉਂ ਜੋ ਗੂੜ੍ਹੀ ਨੀਂਦ ਸੌਣ ਵਾਲਾ ਵਧੀਆ ਰਖਵਾਲੀ ਨਹੀਂ ਕਰ ਸਕਦਾ।
ਵਾਪਸ ਆਉਂਦੇ ਜੱਗਾ ਤੇ ਬੰਸੀ ਸਾਡੇ ਕੋਲ ਖੜ ਗਏ। ‘ਮਾਰ’ਤੇ ਯਾਰ ਐਤਕੀਂ ਤਾਂ ..ਨਾ ਦਿਨੇ ਚੈਨ ਮਿਲਦੈ ਤੇ ਨਾ ਰਾਤ ਨੂੰ ਸੌਣਾ ਮਿਲਦੈ। ਜੇ ਏਹੀ ਹਾਲ ਰਿਹਾ, ਵਾਹੀ ਤਾਂ ਛੱਡਣੀ ਪਊ।’ ਉਨੀਂਦਰੇ ਦਾ ਭੰਨਿਆ ਬੰਸੀ ਤਪਿਆ ਪਿਆ ਸੀ।
‘ਜੇ ਆਪਾਂ ਛੱਡ’ਤੀ ਫੇਰ ਤਾਂ ਚੁਟਕਲੇ ਵਾਲਿਆਂ ਵਾਂਗੂੰ ਖੇਤੀ ‘ਬੰਦਿਆਂ’ ਨੂੰ ਕਰਨੀ ਪਊ।’ ਮੈਂ ਹੱਸਿਆ।
‘ਹੋਰ ਯਾਰ ਬੰਦਿਆਂ ਵਾਲੀ ਜੂਨ ਤਾਂ ਆਪਣੀ ਰਹੀ ਕੋਈ ਨ੍ਹੀਂ।’ ਸਾਰੇ ਕਿਸਾਨਾਂ ਵਾਂਗੂੰ ਜੱਗਾ ਦੁਖੀ ਸੀ। ਉਹ ਕਹਿਣ ਲੱਗਿਆ,‘ਜਦੋਂ ਦਾ ਪਹਿਲਾ ਪਾਣੀ ਲੱਗਿਐ, ਘਰੇ ਕੋਈ ਰਾਤ ਕੱਟ ਕੇ ਨ੍ਹੀਂ ਦੇਖੀ। ਸਾਰਾ ਪੋਹ ਮਾਘ ਖੇਤਾਂ ‘ਚ ਲੰਘ ਗਿਆ, ਡੰਗਰਾਂ ਮਗਰ ਡੰਗਰ ਬਣੇ ਪਏ ਆਂ।’
‘ਪਿਛਲੇ ਸਾਲ ਤਾਂ ਰਾਖਿਆਂ ਨੇ ਵਾਹਵਾ ਡੰਗ ਸਾਰ ‘ਤਾ ਸੀ। ਐਤਕੀਂ ਤਾਂ ਉਹ ਵੀ ਅੱਧ ਵਿਚਾਲੇ ਛੱਡ ਗਏ ਰਾਖੀ।’ ਘਾਚੀ ਵੀ ਚਰਚਾ ‘ਚ ਸ਼ਾਮਲ ਹੋ ਗਿਆ।
‘ਹੁਣ ਤਾਂ ਬਾਈ ਆਪ ਹੀ ਅੱਕ ਚੱਬਣਾ ਪਊ, ਜਿਹੜਾ ਮਹੀਨਾ ਡੇਢ ਮਹੀਨਾ ਰਹਿ ਗਿਆ ਕਣਕ ਪੱਕਣ ‘ਚ।’ ਕਹਿੰਦਾ ਹੋਇਆ ਬੰਸੀ, ਜੱਗੇ ਨੂੰ ਲੈ ਕੇ ਚਲਾ ਗਿਆ।
ਮੈਂ ਮੋਬਾਈਲ ‘ਤੇ ਸਮਾਂ ਦੇਖਿਆ। ਇਕ ਵੱਜਣ ਵਾਲਾ ਸੀ। ਹੁਣ ਸੌਣ ਦੀ ਵਾਰੀ ਮੇਰੀ ਸੀ ਤੇ ਰਾਖੀ ਘਾਚੀ ਨੂੰ ਰੱਖਣੀ ਪੈਣੀ ਸੀ। ਬਿਸਤਰੇ ‘ਚ ਥੋੜ੍ਹਾ ਸਿੱਧਾ ਹੋ ਕੇ ਪੈਣ ਦੀ ਲੋੜ ਹੈ ਕਿ ਘੁਰਾੜੇ ਵੱਜਣੇ ਸ਼ੁਰੂ ਹੋ ਜਾਂਦੇ ਹਨ।
ਦਿਨ ਚੜ੍ਹਿਆ ਹੈ। ਘਰ ਪਰਤਣ ਦਾ ਵੇਲਾ। ਘਾਚੀ ਨੇ ਚਾਹ ਬਣਾ ਰੱਖੀ ਸੀ।
ਪਿੰਡ ਦੇ ਹਰ ਮੋੜ ‘ਤੇ ਦੋ-ਦੋ, ਚਾਰ-ਚਾਰ ਜਣਿਆਂ ਦੇ ਟੋਲੇ ਖੜੇ ਹਨ। ਪਹਿਲਾਂ ਤਾਂ ਕਦੇ ਇਉਂ ਨਹੀਂ ਦੇਖੇ। ਥੋੜ੍ਹਾ ਸ਼ੱਕ ਪੈਂਦਾ ਹੈ। ਰਾਤ ਸੁਖਾਂ ਭਰੀ ਬਤੀਤ ਹੋਈ ਨਹੀਂ ਲੱਗਦੀ। ਅਖੀਰ ਘਰ ਨੇੜਲੀ ਸੱਥ ਤੋਂ ਤਾਂ ਪਤਾ ਲੱਗ ਹੀ ਜਾਂਦਾ ਹੈ। ਦਰਅਸਲ ਸਾਡੇ ਵਾਂਗ ਹੀ ਰੋਹੀ ਵਾਲੇ ਖੇਤਾਂ ਵਿੱਚ ਵੀ ਲੋਕ ਆਪਣੇ ਖੇਤਾਂ ਦੀ ਰਾਖੀ ਕਰਨ ਜਾਂਦੇ ਹਨ। ਭਾਗੂ ਕੇ ਮੁੰਡੇ ਖੁਦ ਆਪਣੇ ਖੇਤ ਦੀ ਰਖਵਾਲੀ ਕਰਦੇ। ਸਰਦਾਰਾਂ ਦੇ ਖੇਤ ਦੀ ਰਾਖੀ ਲਈ ਉਨ੍ਹਾਂ ਦੇ ਨੌਕਰ ਵਾਰੀ-ਵਾਰੀ ਖੇਤ ਪੈਂਦੇ। ਦੋਵੇਂ ਘਰਾਂ ਦੀ ਕੁਝ ਰੰਜਿਸ਼ ਪਹਿਲਾਂ ਤੋਂ ਚੱਲੀ ਆਉਂਦੀ ਸੀ। ਰਾਤ ਦਸ ਕੁ ਵਜੇ ਆਵਾਰਾ ਪਸ਼ੂਆਂ ਦਾ ਵੱਗ ਰੋਹੀ ਵਾਲੇ ਖੇਤਾਂ ‘ਚ ਚਲਾ ਗਿਆ। ਸਰਦਾਰਾਂ ਦੇ ਨੌਕਰ ਮੁੱਖੇ ਨੇ ਆਪਣੇ ਖੇਤਾਂ ਵਿੱਚੋਂ ਉਨ੍ਹਾਂ ਨੂੰ ਅੱਗੇ ਸ਼ਿਸ਼ਕੇਰ ਦਿੱਤਾ। ਪਸ਼ੂ ਭਾਗੇ ਕੀ ਵਾੜ ਤੋੜ ਗਏ। ਮੁੰਡਿਆਂ ਨੂੰ ਪਤਾ ਲੱਗ ਗਿਆ। ਉਹ ਮੁੱਖੇ ਦੇ ਗਲ ਜਾ ਪਏ। ਕਮਜ਼ੋਰ ਮੁੱਖੇ ਤੋਂ ਜਰਵਾਣੇ ਮੰੁਡਿਆਂ ਦੀ ਮਾਰ ਸਹਾਰੀ ਨਾ ਗਈ। ਗੰਭੀਰ ਹਾਲਤ ਵਿੱਚ ਉਸ ਨੂੰ ਹੁਣ ਵੱਡੇ ਸ਼ਹਿਰ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਸੱਥ ਵਾਲੇ ਦੱਸਦੇ ਹਨ ਕਿ ਮੁੰਡੇ, ਪੁਲਸ ਤੋਂ ਡਰਦੇ ਕਿਧਰੇ ਲੁਕ ਗਏ ਹਨ।
ਮੁੱਖੇ ਦੀ ਕੁੱਟਮਾਰ ਵਾਲੀ ਘਟਨਾ ਇਕੱਲੇ ਸਾਡੇ ਪਿੰਡ ਹੀ ਨਹੀਂ ਵਾਪਰੀ। ਹੁਣ ਇਹ ਹਰ ਪਿੰਡ ਦੀ ਹੋਣੀ ਬਣ ਚੁੱਕੀ ਹੈ। ਉਨੀਂਦਰੇ ਕਾਰਨ ਥਕਾਵਟ ਦਾ ਮਰਿਆ ਛੇਤੀ ਹੀ ਘਰ ਵੱਲ ਤੁਰ ਪੈਂਦਾ ਹਾਂ।
***
ਲੱਗਦਾ ਹੈ ਜਿਵੇਂ ਸੁਪਨੇ ਵਿੱਚ ਮੋਬਾਈਲ ਦੀ ਘੰਟੀ ਵੱਜ ਰਹੀ ਹੈ। ਪਾਸਾ ਪਲਟ ਕੇ ਰਜਾਈ ਠੀਕ ਕਰਦਾ ਦੂਜੇ ਪਾਸੇ ਪੈ ਜਾਂਦਾ ਹਾਂ। ਫਿਰ ਵੀ ਘੰਟੀ ਵੱਜਦੀ ਮਹਿਸੂਸ ਹੋ ਰਹੀ ਹੈ। ਪਤਨੀ ਨੇ ਝੰਜੋੜ ਕੇ ਜਗਾ ਦਿੱਤਾ। ਮੋਬਾਈਲ ਦੁਬਾਰਾ ਖੜਕਿਆ। ਖੇਤੋਂ ਗੁਆਂਢੀ ਦਾ ਫੋਨ ਸੀ, ‘ਥੋਡੀ ਕਣਕ ‘ਚ ਪਸ਼ੂ ਵੜ’ਗੇ। ਤਾਰ ਤੋੜ ‘ਤੀ।’
ਮੈਂ ਕਾਹਲੀ ਨਾਲ ਬਿਸਤਰੇ ‘ਚੋਂ ਉਠਿਆ। ਵਰਾਂਡੇ ‘ਚ ਮੋਟਰ ਸਾਈਕਲ ਦੇਖਿਆ। ‘ਉਹ ਤਾਂ ਨਿੱਕਾ ਦੂਜੇ ਖੇਤ ਲੈ ਗਿਆ,’ ਪਤਨੀ ਨੇ ਦੱਸਿਆ ਤਾਂ ਮੈਂ ਕੰਧ ਨਾਲ ਖੜਾ ਸਾਈਕਲ ਘੜੀਸ ਲਿਆ। ਪਿੱਛੋਂ ਪਤਨੀ ਦੀ ਆਵਾਜ਼ ਆਉਂਦੀ ਹੈ, ‘ਚਾਹ ਤਾਂ ਪੀ ਜਾਂਦੇ.!’
ਜਦੋਂ ਫਸਲ ਖਰਾਬ ਹੁੰਦੀ ਹੋਵੇ, ਭੁੱਖ ਤੇਹ ਦਾ ਖਿਆਲ ਨਹੀਂ ਰਹਿੰਦਾ। ਘੱਟ ਹਵਾ ਵਾਲੇ ਟਾਇਰਾਂ ਵਾਲਾ ਸਾਈਕਲ ਚਲਾਉਂਦਿਆਂ ਫੱਗਣ ਦੇ ਮਹੀਨੇ ਵੀ ਮੁੜ੍ਹਕਾ ਆ ਗਿਆ।
***
ਕਣਕ ਨੂੰ ਤਿੰਨ ਦਿਨ ਪਹਿਲਾਂ ਪਾਣੀ ਲਾਇਆ ਸੀ। ਨੌਂ ਦਸ ਆਵਾਰਾ ਪਸ਼ੂਆਂ ਦੇ ਵੱਗ ਨੇ ਗਿੱਲੇ ਖੇਤ ‘ਚ ਕਣਕ ਦਾ ਨਾਸ ਮਾਰਿਆ ਪਿਆ ਸੀ। ਤਾਰ ਇਕ ਥਾਂ ਤੋਂ ਕਮਜ਼ੋਰ ਸੀ। ਉਹ ਇਕ ਵਾਰ ਖੇਤ ਦੇ ਅੰਦਰ ਲੰਘ ਤਾਂ ਗਏ, ਪਰ ਬਾਹਰ ਨਿਕਲਣ ਲਈ ਰਾਹ ਤਲਾਸ਼ਦਿਆਂ ਖੇਤ ਦਾ ਇਹ ਹਾਲ ਹੋ ਗਿਆ। ਇਨ੍ਹਾਂ ਦਿਨਾਂ ‘ਚ ਮੁੱਛੀ ਜਾਂ ਲਤਾੜੀ ਕਣਕ ਠੀਕ ਵੀ ਨਹੀਂ ਹੁੰਦੀ। ਤਕਲੀਫ ਸਹੀ ਜਾਣ ਵਾਲੀ ਨਹੀਂ, ਪਰ ਕੀਤਾ ਕੀ ਜਾ ਸਕਦਾ? ਮਸਲਾ ਧਰਮ ਨਾਲ ਜੋ ਜੋੜ ਦਿੱਤਾ ਗਿਆ ਹੈ।
ਮੈਂ ਪਸ਼ੂ ਬਾਹਰ ਕੱਢ ਦਿੱਤੇ। ਕਮਜ਼ੋਰ ਸੰਨ੍ਹ ਸੜਕ ਵਿੱਚੋਂ ਝਾਫੇ-ਮੋਹੜੀਆਂ ਲਿਆ ਕੇ ਚੰਗੀ ਤਰ੍ਹਾਂ ਬੰਦ ਕਰ ਦਿੱਤਾ।
***
ਰਾਤ ਦੀ ਰਾਖੀ ਵਾਸਤੇ ਤੁਰਨ ਦੀ ਤਿਆਰੀ ਚੱਲ ਰਹੀ ਹੈ। ਗੁਰਦੁਆਰਿਓਂ ਐਲਾਨ ਹੁੰਦਾ ਹੈ, ‘ਸਾਧ ਸੰਗਤ ਜੀ, ਨਵੇਂ ਪਿੰਡ ਕੰਨੀਓਂ ਲੋਕ, ਪਸ਼ੂ ਆਪਣੇ ਪਿੰਡ ਵੱਲ ਛੱਡਣ ਲਈ ਲੈ ਕੇ ਆ ਰਹੇ ਹਨ।’
ਮੈਂ ਕਾਹਲੀ ਨਾਲ ਸੜਕ ‘ਤੇ ਪਹੁੰਚਿਆ ਹਾਂ। ਲਿਆਂਦੇ ਹੋਏ ਪਸ਼ੂ ਖਿੱਲਰ ਚੁੱਕੇ ਹਨ। ਪਿੰਡ ਵਾਲਿਆਂ ਨੇ ਨਵੇਂ ਪਿੰਡ ਦੇ ਰਾਖੇ ਠੇਕੇਦਾਰ ਨੂੰ ਕਾਬੂ ਕਰ ਰੱਖਿਆ ਹੈ। ਉਸ ਦੇ ਨਾਲ ਦੇ ਦੋ ਤਿੰਨ ਜਣੇ ਭੱਜਣ ਵਿੱਚ ਕਾਮਯਾਬ ਹੋ ਗਏ। ਭੀੜ ਵਿੱਚ ਜੋ ਵੀ ਬੰਦਾ ਆਉਂਦਾ, ਉਹ ਰਾਖੇ ਨੂੰ ਗੰਦੀ ਗਾਲ੍ਹ ਦੇ ਕੇ ਇਕ ਦੋ ਥੱਪੜ ਜ਼ਰੂਰ ਮਾਰਦਾ। ਮਾੜਚੂ ਜਿਹੇ ਬੰਦੇ ਦੇ ਬੁੱਲਾਂ ਤੇ ਦੰਦਾਂ ਵਿੱਚੋਂ ਖੂਨ ਸਿੰਮ ਆਇਆ ਸੀ ਤੇ ਜਟੂਰੀਆਂ ਖਿੰਡ ਪੁੰਡ ਗਈਆਂ। ਕਮੀਜ਼ ਉਪਰੋਂ ਪਾਈ ਕੋਟੀ ਦਾ ਗਲਾ ਪਾਟਿਆ ਪਿਆ ਹੈ। ਇਕ ਪੈਰ ਵਿੱਚੋਂ ਬੂਟ ਗਾਇਬ ਹੈ। ਜਾਪਦਾ ਹੈ ਕਿ ਮੇਰੇ ਆਉਣ ਤੋਂ ਪਹਿਲਾਂ ਵੀ ਉਸ ਦੀ ਚੰਗੀ ‘ਸੇਵਾ’ ਹੋਈ ਹੈ।
‘ਇਹਨੂੰ ਠਾਣੇ ਲੈ ਕੇ ਚੱਲੋ।’
‘ਇਹਦੀ ਹਿੰਮਤ ਕਿਵੇਂ ਹੋਈ..ਏਧਰ ਮੂੰਹ ਕਰਨ ਦੀ..!’
‘ਏਥੇ ਬੰਨ੍ਹੇ ਇਨ੍ਹਾਂ ਵੱਡੇ ਨਾਢੂ ਖਾਂ ਨੂੰ, ਕੀੜਿਆਂ ਵਾਲੇ ਜੰਡ ਨਾਲ।’
‘ਜਿੰਨੇ ਪਸ਼ੂ ਲਿਆਇਆ, ਉਹਤੋਂ ਦੁੱਗਣੇ ਛੁਡਾਓ ਹੁਣ!’
ਜਿੰਨੇ ਮੂੰਹ ਓਨੀਆਂ ਧਮਕੀਆਂ ਤੇ ਗਾਲ੍ਹਾਂ!!
ਪੁਲਸ ਦੀ ਜੀਪ ਆ ਗਈ। ਭੀੜ ਵਿੱਚੋਂ ਕਿਸੇ ਨੇ ਫੋਨ ਕੀਤਾ ਹੋਵੇਗਾ! ਉਸ ਮੁੰਡੇ ਨਾਲ ਦੋ ਚਾਰ ਮੋਹਤਬਰਾਂ ਨੂੰ ਵੀ ਪੁਲਸ ਨਾਲ ਲੈ ਗਈ। ਬਹੁਤੇ ਆਪੋ ਆਪਣੇ ਮੋਟਰ ਸਾਈਕਲਾਂ ‘ਤੇ ਥਾਣੇ ਨੂੰ ਚੱਲ ਪਏ ਤੇ ਮੈਂ ਆਪਣੇ ਖੇਤ ਨੂੰ ਤੁਰ ਪਿਆ।
***
ਘਾਚੀ ਮੇਰੇ ਨਾਲੋਂ ਪਹਿਲਾਂ ਝੁੰਬੀ ਵਿੱਚ ਪਿਆ ਸੀ। ਮੰਜੇ ‘ਤੇ ਲੇਟਣ ਸਾਰ ਉਸ ਦੀ ਅੱਖ ਲੱਗ ਗਈ ਹੋਣੀ! ਮੈਂ ਉਸ ਨੂੰ ਜਗਾਉਣਾ ਠੀਕ ਨਾ ਸਮਝਿਆ। ਮੰਜੇ ਦੀ ਦੌਣ ਵਾਲੇ ਪਾਸੇ ਬੈਠਿਆਂ-ਬੈਠਿਆਂ ਮੇਰੀ ਸੁਰਤ ਰਾਖੇ ਠੇਕੇਦਾਰ ਦੀ ਤਕਲੀਫ ਨਾ ਜਾ ਟਕਰਾਈ।
ਇਨ੍ਹਾਂ ਰਾਖਿਆਂ ਦੀ ਵੀ ਅਜੀਬ ਹੋਣੀ ਹੈ। ਬਾਜ਼ੀਗਰ ਜਾਂ ਬੌਰੀਏ ਬਰਾਦਰੀ ਦੇ ਬੇਰੁਜ਼ਗਾਰ ਮੁੰਡੇ ਪੰਜ ਸੱਤ ਜਣੇ ਇਕੱਠੇ ਹੋ ਕੇ ਇਕ ਪਿੰਡ ਦੇ ਰਕਬੇ ਦੀ ਰਾਖੀ ਦਾ ਠੇਕਾ ਲੈਂਦੇ ਹਨ। ਠੇਕੇ ਵਾਲੇ ਪਿੰਡ ਵਿੱਚੋਂ ਪਸ਼ੂ ਮੋੜਦੇ ਸਮੇਂ ਜੇ ਕਿਸੇ ਹੋਰ ਪਿੰਡ ਦੇ ਕਿਸਾਨਾਂ ਦੇ ਹੱਥ ਲੱਗ ਜਾਣ ਜਾਂ ਪਸ਼ੂਆਂ ਨੂੰ ਟਰੱਕ ‘ਚ ਚੜ੍ਹਾ ਕੇ ਦੂਰ ਦੁਰਾਡੇ ਛੱਡਣ ਜਾਣ ਸਮੇਂ ‘ਗਊ ਰੱਖਿਅਕਾਂ’ ਦੇ ਢਹੇ ਚੜ੍ਹ ਜਾਣ ਤਾਂ ਇਨ੍ਹਾਂ ਦੀ ਖੈਰ ਨਹੀਂ। ਪਹਿਲਾਂ ਫੜਨ ਵਾਲੀ ਧਿਰ ਕੁੱਟ-ਕੁੱਟ ਕੇ ਨੀਲ ਪਾਉਂਦੀ ਹੈ, ਫਿਰ ਥਾਣੇ ਜਾ ਕੇ ਪੁਲਸ ਤੋਂ ਕੁੱਟਮਾਰ ਤੇ ਬੇਇੱਜ਼ਤੀ ਕਰਵਾਉਂਦੀ ਹੈ। ਕੁਟਾਪੇ ਦੇ ਇਹ ਲੋਕ ਆਦੀ ਹੋਏ ਪਏ ਹਨ। ਦੂਜੇ ਚੌਥੇ ਦਿਨ ਇਹ ਭਾਣਾ ਵਰਤਦਾ ਰਹਿੰਦਾ ਹੈ। ਮੈਨੂੰ ਸਾਡੀ ਆਪਣੀ ਹੋਣੀ ਦੇ ਨਾਲ-ਨਾਲ ਇਨ੍ਹਾਂ ਦੀ ਤਰਾਸਦੀ ‘ਤੇ ਵੀ ਤਰਸ ਆਇਆ।
ਤਰਸ ਤਾਂ ਮੈਨੂੰ ਉਨ੍ਹਾਂ ਪਾਤਰਾਂ ਦੀ ਸੋਚ ‘ਤੇ ਵੀ ਆਇਆ ਸੀ ਜਦੋਂ ਪਹਿਲੀ ਵਾਰ ਉਹ ਚੁਟਕਲਾ ਸੁਣਿਆ ਸੀ ਜੋ ਇਉਂ ਹੈ-
ਉਚ ਵਰਗ ਦੀ ਔਰਤ- ਜੀ ਜਿਹੜੀ ਕਣਕ ਦੀ ਆਪਾਂ ਰੋਟੀ ਖਾਂਦੇ ਹਾਂ, ਉਹ ਕਿੱਥੋਂ ਆਉਂਦੀ ਹੈ?
ਬਾਬੂ- ਕਿਸਾਨਾਂ ਦੇ ਖੇਤਾਂ ‘ਚੋਂ।
ਔਰਤ- ਭਲਾਂ ਉਹ ਕਿਵੇਂ?
ਬਾਬੂ- ਕਿਸਾਨ ਆਪਣੇ ਖੇਤ ਤਿਆਰ ਕਰਦੇ ਐ, ਬੀਜ ਬੀਜਦੇ ਐ, ਪਾਣੀ ਲਾਉਂਦੇ ਐ, ਫਸਲ ਵੱਢਦੇ ਐ, ਫੇਰ..।
ਔਰਤ- ਬੜਾ ਕੰਮ ਐ ਇਹ ਤਾਂ!
ਬਾਬੂ- ..ਤੇ ਹੋਰ ਕੀ ਐਵੇਂ ਹੀ!
ਔਰਤ- ਫੇਰ ਤਾਂ ਜੇ ਕਿਸਾਨ ਨਾ ਹੋਣ ‘ਬੰਦਿਆਂ’ ਨੂੰ ਕਰਨਾ ਪਵੇ ਸਾਰਾ ਕੁਝ।
***
‘ਊਂ ਆਂ..ਆਂ..ਆਂ..’ ਘਾਚੀ ਨੇ ਬਰੜਾਉਂਦਿਆ ਪਾਸਾ ਮਾਰਿਆ
ਮੇਰੀ ਸੋਚਾਂ ਦੀ ਤੰਦ ਟੁੱਟ ਗਈ।
ਫਿਰ ਸੁਰਤ ਆਵਾਰਾ ਡੰਗਰਾਂ ਦੀ ਗਿਣਤੀ ਵਧਣ ਦੇ ਕਾਰਨਾਂ ਵੱਲ ਚਲੀ ਗਈ। ਇਹਦੇ ਵਿੱਚ ਕਸੂਰ ਵੱਡੇ-ਵੱਡੇ ਡੇਅਰੀ ਫਾਰਮਾਂ ਦਾ ਜਾਪਿਆ, ਜਿਹੜੇ ਦੁੱਧ ਚੁੰਘਣੋਂ ਹਟੇ ਵੱਛਿਆਂ ਤੇ ਵਾਧੂ ਢੱਠਿਆਂ ਨੂੰ ਆਪਣੇ ਫਾਰਮਾਂ ਵਿੱਚੋਂ ਬਾਹਰ ਕੱਢ ਦਿੰਦੇ ਹਨ। ਫਿਰ ਸੋਚਦਾ ਹਾਂ ਕਿ ਉਹ ਕਿਹੜੀ ਨੀਤੀ ਹੈ ਜਿਸ ਕਾਰਨ ਵੱਛੇ ਤੇ ਵਹਿੜਾਂ ਨੂੰ ਆਵਾਰਾ ਜਾਂ ਬੇਸਹਾਰਾ ਛੱਡਣ ਲਈ ਮਜਬੂਰ ਹੋਣਾ ਪੈਂਦਾ ਹੈ? ਇਨ੍ਹਾਂ ਦਾ ਮੁੱਲ ਨਾ ਲੱਗ ਸਕਣ ਪਿੱਛੇ ਕੰਮ ਕਰਦੇ ਲੋਕਾਂ ਦੇ ਸਮੂਹਾਂ ‘ਤੇ ਵੀ ਗੁੱਸਾ ਆਉਂਦਾ ਹੈ, ਜਿਨ੍ਹਾਂ ਨੇ ਇਨਸਾਨਾਂ ਨੂੰ ਛੱਡ ਕੇ ਪਸ਼ੂਆਂ ਨਾਲ ਰਿਸ਼ਤੇ ਗੰਢੇ ਹੋਏ ਨੇ!
‘ਹਾਅਟ..ਹਾਅਟ..ਹਈ ਓਏ। ਹਈਅਤ..’ ਘਾਚੀ ਸੁੱਤਾ ਪਿਆ ਬੋਲਿਆ। ਲੱਗਦਾ ਉਸ ਨੂੰ ਦਬਾਅ ਆ ਗਿਆ। ਮੈਂ ਉਸ ਦੀ ਛਾਤੀ ਤੋਂ ਉਸ ਦਾ ਹੱਥ ਪਾਸੇ ਕੀਤਾ ਤੇ ਹਲੂਣ ਕੇ ਜਗਾ ਦਿੱਤਾ। ਉਤੇ ਲਈ ਰਜਾਈ ਠੀਕ ਕਰਦਾ ਘਾਚੀ ਹੱਸਿਆ, ‘ਹੁਣ ਤਾਂ ਯਾਰ ਸੁਪਨਿਆਂ ‘ਚ ਵੀ ਡੰਗਰ ਮੋੜਦੇ ਫਿਰਦੇ ਆਂ। ਸਾਰੇ ਕੰਮਾਂ ਨਾਲੋਂ ਔਖਾ ਕੰਮ ਹੋਇਆ ਪਿਐ ਇਹ ਤਾਂ।’
‘ਇਹ ਤਾਂ ਘਾਚੀ ਸਿੰਹੁ ਸਜ਼ਾ ਮਿਲੀ ਐ ਆਪਾਂ ਨੂੰ, ਉਹ ਵੀ ਬਿਨਾਂ ਕੋਈ ਜੁਰਮ ਕਰੇ ਤੋਂ। ਬੱਸ, ਭੁਗਤੀ ਜਾਂਦੇ ਆਂ।’
‘ਤੇ ਫੇਰ ਬਾਈ ਆਪਣੀ ਜੂਨ ਐਂ ਈ ਲੰਘ ਜਾਊ..?’
ਘਾਚੀ ਦਾ ਫਿਕਰ ਜਾਇਜ਼ ਸੀ, ਪਰ ਉਸ ਦੇ ਇਸ ਤੌਖਲੇ ਭਰੇ ਸਵਾਲ ਦਾ ਜਵਾਬ ਘੱਟੋ-ਘੱਟ ਮੇਰੇ ਕੋਲ ਤਾਂ ਹੈ ਨਹੀਂ। ਸ਼ਾਇਦ ਕਿਸੇ ਹੋਰ ਕੋਲ ਹੋਵੇ!