ਸ੍ਰੀ ਹਰਿਮੰਦਰ ਸਾਹਿਬ ਵਿਚ ਨਤਮਸਤਕ ਹੋਣ ਤੋਂ ਬਾਅਦ ਜਾਮਾ ਮਸਜਿਦ ਵਿਚ ਵੀ ਸਜਦਾ ਕਰਨਗੇ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ

ਟਰਾਂਟੋ, 14 ਫਰਵਰੀ (ਪੋਸਟ ਬਿਊਰੋ): ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਦੇ ਦੌਰੇ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਚ ਨਤਮਸਤਕ ਹੋਣ ਤੋਂ ਬਾਅਦ ਦਿੱਲੀ ਦੀ ਜਾਮਾ ਮਸਜਿਦ ਵਿਚ ਸਜਦਾ ਕਰਨਗੇ . ਉਹ 21 ਫਰਵਰੀ ਨੂੰ ਅੰਮ੍ਰਿਤਸਰ ਜਾਣਗੇ ਅਤੇ 22 ਫਰਵਰੀ ਨੂੰ ਉਨ੍ਹਾਂ ਦਾ ਜਾਮਾ ਮਸਜਿਦ ਦਾ ਪ੍ਰੋਗਰਾਮ ਹੈ .
ਗ਼ੈਰਸਰਕਾਰੀ ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਤੇ 17 ਫਰਵਰੀ ਨੂੰ ਦਿੱਲੀ ਪੁੱਜਣਗੇ ਅਤੇ 25 ਫਰਵਰੀ ਨੂੰ ਵਾਪਸ ਕੈਨੇਡਾ ਪਰਤਣਗੇ .
ਭਾਰਤ ਦੇ ਉਨ੍ਹਾਂ ਦੇ ਪਹਿਲੇ ਦੌਰੇ ਤੇ ਜਿੱਥੇ ਉਨ੍ਹਾਂ ਨਾਲ ਕੈਨੇਡਾ ਦੇ ਕੁੱਝ ਫੈਡਰਲ ਮੰਤਰੀ ਅਤੇ ਪੰਜਾਬੀ ਐਮ ਪੀ ਵੀ ਹਿੱਸਾ ਲੈਣਗੇ।
ਸੂਤਰਾਂ ਅਨੁਸਾਰ ਇਸ ਫੇਰੀ ਦੌਰਾਨ
17 ਫਰਵਰੀ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਪੁੱਜਣਗੇ
18 ਫਰਵਰੀ ਨੂੰ ਆਗਰਾ ਤਾਜ ਮਹੱਲ ਜਾਣਗੇ।
19 ਫਰਵਰੀ ਨੂੰ ਆਪਣੇ ਵਫ਼ਦ ਨਾਲ ਅਹਿਮਦਾਬਾਦ ਗੁਜਰਾਤ ਪੁੱਜਣਗੇ ਅਤੇ 20 ਫਰਵਰੀ ਨੂੰ ਮੁੰਬਈ ਦੇ ਹੋਟਲ ਤਾਜ ਵਿਖੇ ਇਕ ਰਿਸੈੱਪਸ਼ਨ ਚ ਹਿੱਸਾ ਲੈਣਗੇ।
21 ਫਰਵਰੀ ਨੂੰ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਬਣਨ ਪਿੱਛੋਂ ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨਤਮਸਤਕ ਹੋਣਗੇ।
22 ਫਰਵਰੀ ਨੂੰ ਉਹ ਦਿੱਲੀ ਵਿਖੇ ਜਾਮਾ ਮਸਜਿਦ ਜਾਣਗੇ
ਸ਼ਾਮ ਨੂੰ ਭਾਰਤ ਵਿੱਚ ਕੈਨੇਡੀਅਨ ਹਾਈ ਕਮਿਸ਼ਨਰ ਸ੍ਰੀ ਨਾਦਿਰ ਪਟੇਲ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਮਾਣ ਵਿੱਚ ਦਿੱਲੀ ਵਿਖੇ ਦਿੱਤੀ ਜਾਣ ਵਾਲੀ ਰਿਸੈਪਸ਼ਨ ਚ ਭਾਗ ਲੈਣਗੇ।
23 ਫਰਵਰੀ ਨੂੰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਥੇ ਪ੍ਰੋਗਰਾਮਾਂ ਚ ਹਿੱਸਾ ਲੈਣਗੇ।
24 ਫਰਵਰੀ ਨੂੰ ਉਹ ਇਕ ਵੱਡੇ ਯੂਥ ਪ੍ਰੋਗਰਾਮ ਚ ਸ਼ਿਰਕਤ ਕਰਨਗੇ.
25 ਫਰਵਰੀ ਨੂੰ ਵਾਪਸ ਕੈਨੇਡਾ ਪਰਤਣਗੇ।
ਇਸ ਦੌਰੇ ਦਾ ਮੁੱਖ ਮੰਤਵ ਭਾਰਤ ਨਾਲ ਕੈਨੇਡਾ ਦੇ ਕੁੱਝ ਵੱਡੇ ਵਪਾਰਕ ਸਮਝੌਤਿਆਂ ਨੂੰ ਅੰਜਾਮ ਦੇਣਾ ਹੈ ਉੱਥੇ ਕੈਨੇਡਾ ਭਾਰਤ ਦੋਸਤੀ ਦੀਆਂ ਗੰਢਾਂ ਨੂੰ ਹੋਰ ਪੱਕੀਆਂ ਕਰਨਾ ਵੀ ਸ਼ਾਮਲ ਹੈ। ਇਸ ਦੌਰੇ ਦੌਰਾਨ ਬੀਤੇ ਦਿਨੀਂ ਇਕ ਭਾਰਤੀ ਮੈਗਜ਼ੀਨ ਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਸ ਦੇ ਮੰਤਰੀ ਮੰਡਲ ਚ ਕੁੱਝ ਮੰਤਰੀਆਂ ਅਤੇ ਐਮ ਪੀਜ਼ ਦੇ ਖ਼ਾਲਿਸਤਾਨ ਪੱਖੀ ਹੋਣ ਦੇ ਕਥਿਤ ਦੋਸ਼ ਲਾਏ ਜਾਣ ਦੀ ਚਰਚਾ ਵੀ ਚੁੰਝ ਚਰਚਾ ਦਾ ਵਿਸ਼ਾ ਰਹਿਣਗੇ, ਭਾਵੇਂ ਕਿ ਕੈਨੇਡੀਅਨ ਮੰਤਰੀਆਂ ਅਤੇ ਹੋਰ ਜ਼ੁੰਮੇਵਾਰਾਂ ਵੱਲੋਂ ਖ਼ਾਲਿਸਤਾਨ ਪੱਖੀ ਹੋਣ ਦੇ ਦੋਸ਼ਾਂ ਨੂੰ ਨਕਾਰਿਆ ਹੈ।
ਬੀਤੇ ਦਿਨੀ ਕੈਨੇਡਾ ਦੇ ਡਿਫੈਂਸ ਮੰਤਰੀ ਹਰਜੀਤ ਸਿੰਘ ਸੱਜਣ ਦੀ ਬੀਤੀ ਪੰਜਾਬ ਫੇਰੀ ਅਤੇ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਪਰਤੀ ਅਪਣਾਏ ਕਥਿਤ ਵਤੀਰੇ ਦੀ ਸਿਆਹੀ ਸਾਰੇ ਦੋਸ਼ਾਂ ਤੋਂ ਕੈਨੇਡੀਅਨ ਮੰਤਰੀਆਂ ਨੇ ਪੱਲਾ ਝਾੜਿਆ ਹੈ। ਅਜਿਹੇ ਸਭ ਕਾਸੇ ਤੋਂ ਬਾਅਦ ਭਾਵੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਏ ਮਹਿਮਾਨਾਂ ਦਾ ਸਵਾਗਤ ਕਰਨ ਦੀ ਗੱਲ ਇਕ ਚੰਗੇ ਮਾਹੌਲ ਵੱਲ ਵਧੀਆ ਕਦਮ ਕਿਹਾ ਜਾ ਸਕਦਾ ਹੈ ਪਰ ਫਿਰ ਵੀ ਬੀਤੇ ਸਮੇਂ ਸੀ ਕੁੜੱਤਣ ਆਪਣਾ ਪ੍ਰਭਾਵ ਆਉਣ ਵਾਲੇ ਪਰਾਹੁਣਿਆਂ ਅਤੇ ਇਸ ਫੇਰੀ ਤੇ ਛੱਡ ਸਕਦੀ ਹੈ।
ਬੀਤੇ ਮਹੀਨੇ ਕੈਨੇਡਾ ਦੇ ਸੀਨੀਅਰ ਫੈਡਰਲ ਮੰਤਰੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸੱਜੀ ਬਾਂਹ ਕਹੇ ਜਾਂਦੇ ਨਵਦੀਪ ਬੈਂਸ ਇਕ ਵੱਡੇ ਕੈਨੇਡੀਅਨ ਬਿਜ਼ਨਸ ਵਫ਼ਦ ਨਾਲ ਭਾਰਤ ਦੇ ਵੱਖ ਵੱਖ ਸ਼ਹਿਰਾਂ ਦਾ ਦੌਰਾ ਕਰ ਕੇ ਗਏ ਹਨ ਅਤੇ ਪ੍ਰਧਾਨ ਮੰਤਰੀ ਦੇ ਇਸ ਦੌਰੇ ਦੌਰਾਨ ਕੀਤੇ ਜਾਣ ਵਾਲੇ ਵੱਡੇ ਸਮਝੌਤਿਆਂ ਨੂੰ ਅੰਜਾਮ ਦੇਣ ਦਾ ਰਾਹ ਪੱਧਰਾ ਕਰ ਕੇ ਗਏ ਹਨ ਜਿਸ ਤੋਂ ਕੈਨੇਡਾ ਨੂੰ ਇੰਡੋ ਕੈਨੇਡੀਅਨ ਭਾਈਚਾਰੇ ਨੂੰ ਦੋਹਾਂ ਦੇਸ਼ਾਂ ਦੌਰਾਨ ਵਪਾਰ ਦੇ ਰਾਹ ਖੁੱਲਣ ਦੀਆਂ ਵੱਡੀਆਂ ਆਸਾਂ ਹਨ। ਭਾਵੇਂ ਕਿ ਕੈਨੇਡਾ ਚ ਵੱਸਦੇ ਵੱਡੀ ਗਿਣਤੀ ਚ ਪੰਜਾਬੀ ਭਾਈਚਾਰੇ ਨੂੰ ਆਸ ਹੈ ਕਿ ਅਜਿਹੇ ਵਪਾਰਕ ਸਮਝੌਤਿਆਂ ਚ ਪੰਜਾਬ ਨਾਲ ਵੀ ਕੋਈ ਵੱਡੇ ਸਮਝੌਤੇ ਕੀਤੇ ਕਾਣ ਪਰ ਭਾਰਤ ਦੇ ਸੂਬਿਆਂ ਕੋਲ ਵੱਧ ਅਧਿਕਾਰ ਨਾ ਹੋਣ ਕਰਕੇ ਅਜਿਹੇ ਸਮਝੌਤਿਆਂ ਦੀ ਸਿਰਫ਼ ਆਸ ਕੀਤੀ ਜਾ ਸਕਦੀ ਭਰੋਸਾ ਨਹੀਂ. ਦੂਸਰਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬੀਤੇ ਸਮੇਂ ਦੌਰਾਨ ਕੈਨੇਡੀਅਨ ਮੰਤਰੀਆਂ ਲਈ ਵਤੀਰਾ ਅਤੇ ਸੈਂਟਰ ‘ਚ ਭਾਜਪਾ ਸਰਕਾਰ ਅਤੇ ਪੰਜਾਬ ਚ ਕਾਂਗਰਸ ਸਰਕਾਰ ਵੀ ਅਜਿਹੇ ਵਪਾਰਕ ਸਮਝੌਤਿਆਂ ਚ ਕਥਿਤ ਤੌਰ ਤੇ ਅੜਿੱਕੇ ਦਾ ਕਾਰਨ ਬਣ ਸਕਦੇ ਹਨ। ਡੇਢ ਦਰਜਨ ਦੇ ਨੇੜੇ ਕੈਨੇਡਾ ਦੀ ਪਾਰਲੀਮੈਂਟ ਚ ਮੈਂਬਰ ਪਾਰਲੀਮੈਂਟ ਮੈਂਬਰਾਂ ਚੋਂ ਬਹੁਤੇ ਪੰਜਾਬ ਜਾਣ ਤੋਂ ਕੰਨੀਂ ਕਤਰਾਉਂਦੇ ਨਜ਼ਰ ਆਉਂਦੇ ਹਨ ਇਹਨਾਂ ‘ਚੋਂ ਕਿੰਨੇ ਮੈਂਬਰ ਪਾਰਲੀਮੈਂਟ ਪੰਜਾਬ ਆਉਂਦੇ ਹਨ ਅਤੇ ਕਿੰਨੇ ਇਸ ਫੇਰੀ ਦੌਰਾਨ ਪੰਜਾਬ ਨਹੀਂ ਆਉਂਦੇ ਇਹ ਤਾਂ ਸਮਾਂ ਹੀ ਦੱਸੇਗਾ।
ਕੈਨੇਡੀਅਨ ਪ੍ਰਧਾਨ ਮੰਤਰੀ ਦੀ ਇਸ ਫੇਰੀ ਦੌਰਾਨ ਟਰਾਂਟੋ ਤੋਂ ਜਗਦੀਸ਼ ਗਰੇਵਾਲ, ਕੰਵਲਜੀਤ ਸਿੰਘ ਕੰਵਲ, ਐਡਮਿੰਟਨ ਤੋਂ ਜਰਨੈਲ ਬਸੋਤਾ ਅਤੇ ਕੈਲਗਰੀ ਤੋਂ ਰਣਜੀਤ ਸਿੱਧੂ ਪੰਜਾਬੀ ਪੱਤਰਕਾਰ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ।