ਸ੍ਰੀਨਗਰ ਵਿੱਚ 32 ਘੰਟੇ ਚੱਲਿਆ ਮੁਕਾਬਲਾ ਦੋ ਅੱਤਵਾਦੀਆਂ ਦੀ ਮੌਤ ਨਾਲ ਮੁੱਕਿਆ


ਸ੍ਰੀਨਗਰ, 13 ਫਰਵਰੀ, (ਪੋਸਟ ਬਿਊਰੋ)- ਜੰਮੂ-ਕਸ਼ਮੀਰ ਵਿੱਚ ਸੀ ਆਰ ਪੀ ਐਫ ਕੈਂਪ ਉੱਤੇ ਹਮਲਾ ਕਰਨ ਵਿੱਚ ਨਾਕਾਮ ਹੋਣ ਪਿੱਛੋਂ ਇਕ ਇਮਾਰਤ ਵਿੱਚ ਛੁਪੇ ਹੋਏ ਲਸ਼ਕਰ-ਏ-ਤੋਇਬਾ ਦੇ ਦੋ ਦਹਿਸ਼ਤਗਰਦਾਂ ਨੂੰ ਸੁਰੱਖਿਆ ਫੋਰਸਾਂ ਨੇ ਅੱਜ 32 ਘੰਟਿਆਂ ਦੇ ਸੰਘਰਸ਼ ਦੇ ਬਾਅਦ ਮਾਰ ਦਿੱਤਾ ਹੈ।
ਇਸ ਸੰਬੰਧ ਵਿੱਚ ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਦਹਿਸ਼ਤਗਰਦਾਂ ਨੂੰ ਕਰਨ ਨਗਰ ਵਿੱਚ ਇੱਕ ਨਵੀਂ ਬਣ ਰਹੀ ਇਮਾਰਤ ਵਿੱਚੋਂ ਕੱਢਣ ਲਈ ਜੰਮੂ ਕਸ਼ਮੀਰ ਪੁਲੀਸ ਅਤੇ ਸੀ ਆਰ ਪੀ ਐਫ ਦੇ ਸਪੈਸ਼ਲ ਆਪਰੇਸ਼ਨਜ਼ ਗਰੁੱਪ (ਐਸ ਓ ਜੀ) ਨੇ ਮੁਹਿੰਮ ਚਲਾਈ ਸੀ। ਉਨ੍ਹਾਂ ਇਹ ਗੱਲ ਸਾਫ ਕੀਤੀ ਕਿ ਆਪਰੇਸ਼ਨ ਵਿੱਚ ਫ਼ੌਜ ਸ਼ਾਮਲ ਨਹੀਂ ਸੀ। ਸੀ ਆਰ ਪੀ ਐਫ ਦੇ ਆਈ ਜੀ ਰਵੀਦੀਪ ਸਾਹੀ ਨੇ ਦੱਸਿਆ ਕਿ ਮੁਕਾਬਲੇ ਵਾਲੀ ਥਾਂ ਤੋਂ ਦੋ ਲਾਸ਼ਾਂ ਦੇ ਨਾਲ ਦੋ ਏ ਕੇ-47 ਰਾਈਫਲਾਂ ਅਤੇ 8 ਮੈਗਜ਼ੀਨ ਬਰਾਮਦ ਹੋਏ ਹਨ।
ਜੰਮੂ ਨੇੜਲੇ ਸੁੰਜਵਾਂ ਫ਼ੌਜੀ ਕੈਂਪ ਉੱਤੇ ਜੈਸ਼-ਏ-ਮੁਹੰਮਦ ਦੇ ਦਹਿਸ਼ਤਗਰਦਾਂ ਵੱਲੋਂ ਕੀਤੇ ਹਮਲੇ ਦੇ ਦੋ ਦਿਨ ਬਾਅਦ ਸੋਮਵਾਰ ਸਵੇਰੇ ਇਹ ਮੁਕਾਬਲਾ ਸ਼ੁਰੂ ਹੋਇਆ ਸੀ। ਫ਼ੌਜ ਦੇ ਸੁੰਜਵਾਂ ਕੈਂਪ ਵਿੱਚ ਛੇ ਜਵਾਨਾਂ ਸਮੇਤ ਸੱਤ ਜਣੇ ਮਾਰੇ ਗਏ ਸਨ ਅਤੇ ਜਵਾਬੀ ਕਾਰਵਾਈ ਵਿੱਚ ਤਿੰਨ ਦਹਿਸ਼ਤਗਰਦਾਂ ਨੂੰ ਵੀ ਮਾਰ ਦਿੱਤਾ ਗਿਆ ਸੀ।
ਅੱਜ ਖਤਮ ਹੋਏ ਇਸ ਦੂਸਰੇ ਮੁਕਾਬਲੇ ਦੇ ਬਾਅਦ ਪੁਲੀਸ ਦੇ ਆਈ ਜੀ, ਐਸ ਪੀ ਪਾਨੀ ਨੇ ਸੀ ਆਰ ਪੀ ਐਫ ਅਧਿਕਾਰੀਆਂ ਨਾਲ ਕੀਤੀ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ, ‘ਮੁਕਾਬਲੇ ਵਾਲੀ ਥਾਂ ਤੋਂ ਮਿਲੇ ਸਾਮਾਨ ਤੋਂ ਪਤਾ ਚਲਦਾ ਹੈ ਕਿ ਦਹਿਸ਼ਤਗਰਦ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਸਨ। ਉਨ੍ਹਾਂ ਦੀ ਅਜੇ ਪਛਾਣ ਨਹੀਂ ਹੋ ਸਕੀ’। ਪਾਨੀ ਨੇ ਕਿਹਾ ਕਿ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। ਇਸ ਮੁਕਾਬਲੇ ਵਿੱਚ ਬਹੁਤਾ ਸਮਾਂ ਲੱਗਣ ਬਾਰੇ ਉਨ੍ਹਾਂ ਕਿਹਾ ਕਿ ਜਿਸ ਬਣ ਰਹੀ ਇਮਾਰਤ ਵਿੱਚ ਦਹਿਸ਼ਤਗਰਦ ਛੁਪੇ ਹੋਏ ਸਨ, ਉਹ ਪੰਜ ਮੰਜ਼ਿਲਾ ਸੀ। ਚੌਕਸ ਸੰਤਰੀ ਵੱਲੋਂ ਦਹਿਸ਼ਤਗਰਦਾਂ ਉਪਰ ਗੋਲੀਆਂ ਚਲਾਏ ਜਾਣ ਮਗਰੋਂ ਉਨ੍ਹਾਂ ਦੀ ਸੀ ਆਰ ਪੀ ਐਫ ਕੈਂਪ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਨਾਕਾਮ ਹੋ ਗਈ ਸੀ ਅਤੇ ਉਨ੍ਹਾਂ ਨੇ ਨਵੀਂ ਬਣ ਰਹੀ ਇਸ ਬਿਲਡਿੰਗ ਦੇ ਢਾਂਚੇ ਵਿੱਚ ਪਨਾਹ ਲੈ ਲਈ ਸੀ। ਇਸ ਮੁਕਾਬਲੇ ਦੌਰਾਨ ਸੀ ਆਰ ਪੀ ਐਫ ਦਾ ਇਕ ਜਵਾਨ ਮਾਰਿਆ ਗਿਆ ਅਤੇ ਇਕ ਪੁਲੀਸ ਵਾਲਾ ਜ਼ਖ਼ਮੀ ਹੋ ਗਿਆ ਸੀ। ਕੱਲ੍ਹ ਰਾਤ ਚੁੱਪ ਛਾਈ ਰਹਿਣ ਪਿੱਛੋਂ ਅੱਜ ਸੁਰੱਖਿਆ ਬਲਾਂ ਨੇ ਇਲਾਕੇ ਦੀ ਪੂਰੀ ਤਲਾਸ਼ੀ ਦੇ ਬਾਅਦ ਆਪਰੇਸ਼ਨ ਦੀ ਨਵੀਂ ਰਣਨੀਤੀ ਬਣਾਈ। ਸੀ ਆਰ ਪੀ ਐਫ ਦੇ ਆਈ ਜੀ ਮੁਤਾਬਕ ਉਨ੍ਹਾਂ ਦੀ ਫੋਰਸ ਨੇ ਦੇ ਪੰਜ ਪਰਿਵਾਰਾਂ ਅਤੇ ਕੁਝ ਆਮ ਲੋਕਾਂ ਨੂੰ ਮੌਕੇ ਤੋਂ ਬਚਾਇਆ ਅਤੇ ਜਦੋਂ ਇਲਾਕਾ ਸੁਰੱਖਿਅਤ ਹੋ ਗਿਆ ਤਾਂ ਆਪਰੇਸ਼ਨ ਚਲਾਇਆ ਗਿਆ। ਉਨ੍ਹਾਂ ਕਿਹਾ ਕਿ ਬਹਾਦਰ ਸੰਤਰੀ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਅਤੇ ਸਮਾਂ ਆਉਣ ਉੱਤੇ ਉਸ ਸੰਤਰੀ ਨੂੰ ਇਨਾਮ ਦਿੱਤਾ ਜਾਵੇਗਾ।
ਇਸ ਦੌਰਾਨ ਦੋ ਦਿਨ ਪਹਿਲਾਂ ਹੋਏ ਸੁੰਜਵਾਂ ਫ਼ੌਜੀ ਕੈਂਪ ਵਾਲੇ ਮੁਕਾਬਲੇ ਵਾਲੀ ਥਾਂ ਮਲਬੇ ਵਿੱਚੋਂ ਇਕ ਹੋਰ ਜਵਾਨ ਦੀ ਲਾਸ਼ ਮਿਲਣ ਮਗਰੋਂ ਉਸ ਹਮਲੇ ਦੇ ਮ੍ਰਿਤਕਾਂ ਦੀ ਗਿਣਤੀ ਸੱਤ ਹੋ ਗਈ ਹੈ, ਜਿਨ੍ਹਾਂ ਵਿੱਚ ਛੇ ਫੌਜੀ ਜਵਾਨ ਹਨ। ਉਸ ਮੁਕਾਬਲੇ ਵਿੱਚ ਤਿੰਨ ਦਹਿਸ਼ਤਗਰਦ ਮਾਰ ਦਿੱਤੇ ਗਏ ਸਨ। ਜੰਮੂ ਵਿੱਚ ਫ਼ੌਜ ਦੇ ਲੋਕ ਸੰਪਰਕ ਅਧਿਕਾਰੀ ਲੈਫ਼ਟੀਨੈਂਟ ਕਰਨਲ ਦੇਵੇਂਦਰ ਆਨੰਦ ਨੇ ਦੱਸਿਆ ਕਿ ਸੋਮਵਾਰ ਰਾਤ ਨੂੰ ਕੈਂਪ ਦੀ ਸਫਾਈ ਦੌਰਾਨ ਜਵਾਨ ਦੀ ਲਾਸ਼ ਮਿਲੀ ਹੈ।