ਸੋਸ਼ਲ ਮੀਡੀਆ ਦੀ ਦੁਰਵਰਤੋਂ ਵੀਜ਼ੇ ਦਾ ਅੜਿੱਕਾ ਵੀ ਬਣ ਸਕਦੀ ਹੈ


ਮੈਲਬਰਨ, 24 ਨਵੰਬਰ (ਪੋਸਟ ਬਿਊਰੋ)- ਆਸਟਰੇਲੀਆ ਦੇ ਇਮੀਗਰੇਸ਼ਨ ਵਿਭਾਗ ਦੇ ਨਵੇਂ ਨਿਯਮਾਂ ਮੁਤਾਬਕ ਸੋਸ਼ਲ ਮੀਡੀਆ ਉੱਤੇ ਪਾਈ ਜਾਣ ਵਾਲੀ ਸਮੱਗਰੀ ਕਿਸੇ ਦੇ ਵੀਜ਼ੇ ਲਈ ਵੱਡਾ ਅੜਿੱਕਾ ਬਣ ਸਕਦੀ ਹੈ। ਵਿਭਾਗ ਵੱਲੋਂ ਜਾਰੀ ਕੀਤੀਆਂ ਨਵੀਆਂ ਹਦਾਇਤਾਂ ਮੁਤਾਬਕ ਫੇਸਬੁੱਕ ਜਾਂ ਹੋਰ ਸੋਸ਼ਲ ਮੀਡੀਆ ਵੈਬਸਾਈਟ ਉੱਤੇ ਜੇ ਕਿਸੇ ਖਿਲਾਫ ਨਫਰਤ, ਧਮਕਾਉਣਾ ਜਾਂ ਵਿਤਕਰੇ ਪੈਦਾ ਕਰਨ ਵਾਲੀ ਸਮੱਗਰੀ ਅਪਲੋਡ ਕੀਤੀ ਜਾਂਦੀ ਹੈ ਤਾਂ ਇਸ ਦਾ ਆਧਾਰ ਬਣਾ ਕੇ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ।
ਇਮੀਗਰੇਸ਼ਨ ਵਿਭਾਗ ਵੱਲੋਂ ਜਾਰੀ ਕੀਤੇ ਇਹ ਨਵੇਂ ਨਿਯਮ 19 ਨਵੰਬਰ ਤੋਂ ਹੋਂਦ ਵਿੱਚ ਆ ਚੁੱਕੇ ਹਨ। ਇਨ੍ਹਾਂ ਨਿਯਮਾਂ ਅਨੁਸਾਰ ਕਿਸੇ ਫਿਰਕੇ ਖਿਲਾਫ ਨਫਰਤ ਭਰਿਆ ਭਾਸ਼ਣ ਅਤੇ ਆਨਲਾਈਨ ਹੋ ਕੇ ਕਿਸੇ ਨੂੰ ਧਮਕਾਉਣ ਨਾਲ ਆਰਜ਼ੀ ਵੀਜ਼ੇ ਵਾਲਿਆਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਵੀਜ਼ਾ ਰੱਦ ਹੋਣ ਦਾ ਕਾਰਨ ਬਣ ਸਕਦਾ ਹੈ। ਜੁਲਾਈ 2016 ਤੋਂ ਲੈ ਕੇ ਅਪ੍ਰੈਲ 2017 ਤੱਕ ਵੱਖੋ-ਵੱਖ ਕਾਰਨਾਂ ਕਰਕੇ 47 ਹਜ਼ਾਰ ਵੀਜ਼ੇ ਰੱਦ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਇਹ ਤਬਦੀਲੀ ਆਰਜ਼ੀ ਵੀਜ਼ੇ ‘ਤੇ ਰਹਿੰਦੇ, ਵਿਦਿਆਰਥੀ ਵੀਜ਼ੇ ‘ਤੇ ਟੂਰਿਸਟ ਵੀਜ਼ੇ ਵਾਲਿਆਂ ਉਪਰ ਵੀ ਲਾਗੂ ਹੋਵੇਗੀ। ਇਨ੍ਹਾਂ ਨਿਯਮਾਂ ਮੁਤਾਬਕ ਪ੍ਰਵਾਸ ਮੰਤਰੀ ਕੋਲ ਵੀਜ਼ਾ ਰੱਦ ਕਰਨ ਦੇ ਲਈ ਵਿਸ਼ੇਸ਼ ਸ਼ਕਤੀਆਂ ਹੋਣਗੀਆਂ। ਨਵੇਂ ਨਿਯਮਾਂ ਮੁਤਾਬਕ ਆਰਜ਼ੀ ਵੀਜ਼ੇ ਵਾਲਿਆਂ ਨੂੰ ਸੋਸ਼ਲ ਮੀਡੀਆ ‘ਤੇ ਸਮੱਗਰੀ ਪਾਉਣ ਤੋਂ ਪਹਿਲਾਂ ਸੋਚਣਾ ਪਿਆ ਕਰੇਗਾ ਤਾਂ ਜੋ ਇਕ ਛੋਟੀ ਜਿਹੀ ਗਲਤੀ ਤੁਹਾਨੂੰ ਕਿਸੇ ਮੁਸੀਬਤ ‘ਚ ਨਾ ਪਾ ਦੇਵੇ।