ਸੋਮਵਾਰ ਨੂੰ ਬੰਦ ਰਹਿਣਗੇ ਕੈਨੇਡਾ ਵਿਚਲੇ ਸਟਾਰਬੱਕਸ ਸਟੋਰ

ਓਟਵਾ, 11 ਜੂਨ (ਪੋਸਟ ਬਿਊਰੋ) : ਸੋਮਵਾਰ ਨੂੰ ਕੈਨੇਡੀਅਨ ਸਟਾਰਬੱਕਸ ਦੀਆਂ ਕਈ ਕੌਫੀ ਸੌ਼ਪਜ਼ ਕਈ ਘੰਟਿਆਂ ਲਈ ਬੰਦ ਰਹਿਣਗੀਆਂ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਇਨ੍ਹਾਂ ਸ਼ੌਪਜ਼ ਦਾ ਅਮਲਾ ਨਸਲੀ ਤੇ ਪੱਖਪਾਤੀ ਵਿਵਹਾਰ ਤੋਂ ਬਚਣ ਤੇ ਸਹਿਣਸ਼ੀਲਤਾ ਨੂੰ ਆਪਣੇ ਵਿਹਾਰ ਦਾ ਹਿੱਸਾ ਬਣਾਉਣ ਲਈ ਨਵੇਂ ਸਿਰੇ ਤੋਂ ਸਿਖਲਾਈ ਲਵੇਗਾ।
ਜਿ਼ਕਰਯੋਗ ਹੈ ਕਿ ਬੀਤੇ ਦਿਨੀਂ ਫਿਲਾਡੈਲਫੀਆ ਦੇ ਇੱਕ ਸਟੋਰ ਵਿੱਚ ਸਿਆਹ ਨਸਲ ਦੇ ਦੋ ਨੌਜਵਾਨਾਂ ਨੂੰ ਬਿਨਾਂ ਕਾਰਨ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਕੰਪਨੀ ਵੱਲੋਂ ਇਹ ਫੈਸਲਾ ਕੀਤਾ ਗਿਆ। ਸਟਾਰਬੱਕਸ ਕੌਫੀ ਕੈਨੇਡਾ ਦੇ ਪ੍ਰੈਜ਼ੀਡੈਂਟ ਮਾਈਕਲ ਕੌਨਵੇਅ ਨੇ ਇੱਕ ਖੁੱਲ੍ਹੇ ਖ਼ਤ ਵਿੱਚ ਆਖਿਆ ਕਿ ਫਿਲਾਡੈਲਫੀਆ ਵਾਲੀ ਘਟਨਾ ਤੋਂ ਬਾਅਦ ਹੀ ਸਾਨੂੰ ਇਸ ਪਾਸੇ ਕੁੱਝ ਠੋਸ ਕਰਨ ਦੀ ਪ੍ਰੇਰਣਾ ਮਿਲੀ।
ਪਰ ਇਹ ਸੱਭ ਫਿਲਾਡੈਲਫੀਆ ਵਾਲੀ ਘਟਨਾ ਜਾਂ ਨਸਲ ਜਾਂ ਅਮਰੀਕਾ ਵਿੱਚ ਦਰਪੇਸ਼ ਸਮਾਜਕ ਚੁਣੌਤੀਆਂ ਬਾਰੇ ਹੀ ਨਹੀਂ ਹੈ ਸਗੋਂ ਇਹ ਸੱਭ ਮਨੁੱਖਤਾ ਖਾਤਰ ਕੀਤਾ ਜਾ ਰਿਹਾ ਹੈ। ਇਹ ਖ਼ਤ ਸੋਮਵਾਰ ਨੂੰ ਗਾਹਕਾਂ ਨੂੰ ਭੇਜਿਆ ਜਾਵੇਗਾ। ਖ਼ਤ ਮੁਤਾਬਕ ਕੈਨੇਡਾ ਵਿਚਲੇ 1100 ਸਟੋਰ ਦੁਪਹਿਰੇ 3:00 ਵਜੇ ਬੰਦ ਹੋਣਗੇ ਤੇ ਟਰੇਨਿੰਗ ਸਬੰਧੀ ਮਟੀਰੀਅਲ ਆਨਲਾਈਨ ਉਪਲਬਧ ਹੋਵੇਗਾ।