ਸੋਨੀਆ ਗਾਂਧੀ ਵੱਲੋਂ ਡਿਨਰ ਦੇ ਬਹਾਨੇ ਭਾਜਪਾ ਵਿਰੋਧੀ ਰਾਜਸੀ ਧਿਰਾਂ ਦੀ ਲਾਮਬੰਦੀ


* ਵੀਹ ਸਿਆਸੀ ਪਾਰਟੀਆਂ ਪਾਰਟੀਆਂ ਦੇ ਆਗੂ ਖਾਣੇ ਲਈ ਪੁੱਜੇ
ਨਵੀਂ ਦਿੱਲੀ, 13 ਮਾਰਚ, (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਦਾ ਜੇਤੂ ਰੱਥ ਰੋਕਣ ਲਈ ਵਿਰੋਧੀ ਧਿਰ ਨੂੰ ਇਕੱਠੇ ਕਰਨ ਤੇ ਅਗਲੇ ਸਾਲ ਲੋਕ ਸਭਾ ਚੋਣਾਂ ਲਈ ਨੀਤੀ ਤਿਆਰ ਕਰਨ ਦੀ ਸੋਚ ਨਾਲ ਅੱਜ ਸੋਨੀਆ ਗਾਂਧੀ ਦੇ ਘਰ ਵਿਰੋਧੀ ਧਿਰ ਦੇ ਆਗੂ ਰਾਤ ਦੇ ਖਾਣੇ ਲਈ ਆਏ। ਸੋਨੀਆ ਗਾਂਧੀ ਵਲੋਂ ਰਾਤ ਦੇ ਖਾਣੇ ਦਾ ਸੱਦਾ ਭੇਜੇ ਜਾਣ ਉੱਤੇ ਉਨ੍ਹਾਂ ਦੇ ਫਿਰ ਸਿਆਸਤ ਵਿੱਚ ਸਰਗਰਮ ਹੋਣ ਦੀ ਚਰਚਾ ਵੀ ਹੈ।
ਮੰਗਲਵਾਰ ਰਾਤ ਦੇ ਖਾਣੇ ਲਈ ਸੋਨੀਆ ਗਾਂਧੀ ਵੱਲੋਂ ਲਗਭਗ ਸਾਰੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਸੱਦਾ ਦਿਤਾ ਗਿਆ ਸੀ। ਖਾਣੇ ਉੱਤੇ ਪਹੁੰਚਣ ਵਾਲੇ ਪ੍ਰਮੁੱਖ ਆਗੂਆਂ ਵਿੱਚ ਰਾਸ਼ਟਰੀ ਜਨਤਾ ਦਲ ਦੇ ਤੇਜੱਸਵੀ ਯਾਦਵ ਅਤੇ ਐਨ ਸੀ ਪੀ ਦੇ ਸ਼ਰਦ ਪਵਾਰ ਸ਼ਾਮਲ ਸਨ। ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਅਤੇ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਖ਼ੁਦ ਨਹੀਂ ਸੀ ਆਈਆਂ, ਪਰ ਦੋਵਾਂ ਨੇ ਅਪਣੇ ਵਲੋਂ ਪਾਰਟੀ ਆਗੂਆਂ ਨੂੰ ਭੇਜਿਆ ਸੀ। ਮਾਇਆਵਤੀ ਵਲੋਂ ਉਨ੍ਹਾਂ ਦੀ ਪਾਰਟੀ ਦੇ ਆਗੂ ਸਤੀਸ਼ ਮਿਸ਼ਰਾ ਅਤੇ ਤ੍ਰਿਣਮੂਲ ਕਾਂਗਰਸ ਦੇ ਸੁਦੀਪ ਬੰਧੋਪਾਧਿਆਏ ਹਾਜ਼ਰ ਹੋਏ ਸਨ। ਡੀ ਐਮ ਕੇ ਪਾਰਟੀ ਵੱਲੋਂ ਕਨੀਮੋਝੀ, ਪਿਛਲੇ ਸਾਲ ਐਨ ਡੀ ਏ ਛੱਡਣ ਵਾਲੇ ਜੀਤਨ ਰਾਮ ਮਾਂਝੀ, ਨੈਸ਼ਨਲ ਕਾਨਫ਼ਰੰਸ ਦੇ ਆਗੂ ਓਮਰ ਅਬਦੁੱਲਾ, ਜਨਤਾ ਦਲ ਯੂ ਛੱਡ ਚੁੱਕੇ ਸ਼ਰਦ ਯਾਦਵ, ਝਾਰਖੰਡ ਮੁਕਤੀ ਮੋਰਚਾ ਦੇ ਹੇਮੰਤ ਸੋਰੇਨ ਵੀ ਡਿਨਰ ਪਾਰਟੀ ਵਿੱਚ ਸ਼ਾਮਲ ਹੋਏ। ਸੋਨੀਆ ਗਾਂਧੀ ਨੇ ਇਸ ਡਿਨਰ ਲਈ 20 ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਸੱਦਾ ਦਿਤਾ ਸੀ, ਜਿਨ੍ਹਾਂ ਵਿੱਚ ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ, ਤ੍ਰਿਣਮੂਲ ਕਾਂਗਰਸ, ਸੀ ਪੀ ਐਮ, ਸੀ ਪੀ ਆਈ, ਡੀ ਐਮ ਕੇ, ਜੇ ਐਮ ਐਮ, ਹਿੰਦੁਸਤਾਨੀ ਅਵਾਮ ਮੋਰਚਾ, ਰਾਸ਼ਟਰੀ ਜਨਤਾ ਦਲ, ਜਨਤਾ ਦਲ ਐਸ, ਕੇਰਲ ਕਾਂਗਰਸ, ਇੰਡੀਅਨ ਯੂਨੀਅਨ ਮੁਸਲਿਮ ਲੀਗ, ਆਰ ਐਸ ਪੀ, ਐਨ ਸੀ ਪੀ, ਨੈਸ਼ਨਲ ਕਾਨਫ਼ਰੰਸ, ਏ ਆਈ ਯੂ ਡੀ ਐਫ਼, ਆਰ ਐੱਲ ਡੀ ਸ਼ਾਮਲ ਸਨ। ਜਿਨ੍ਹਾਂ ਪਾਰਟੀ ਨੂੰ ਇਸ ਡਿਨਰ ਦਾ ਸੱਦਾ ਨਹੀਂ ਭੇਜਿਆ ਗਿਆ, ਉਨ੍ਹਾਂ ਵਿੱਚ ਟੀ ਆਰ ਐਸ, ਬੀਜੂ ਜਨਤਾ ਦਲ ਅਤੇ ਤੇਲਗੂ ਦੇਸ਼ਮ ਪਾਰਟੀ ਸ਼ਾਮਲ ਹਨ।
ਸੋਨੀਆ ਗਾਂਧੀ ਇਸ ਡਿਨਰ ਮੌਕੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਖਾਣੇ ਉੱਤੇ ਸੱਦ ਕੇ ਇਹ ਵੀ ਸਾਬਤ ਕਰਨਾ ਚਾਹੁੰਦੀ ਹੈ ਕਿ ਮੋਦੀ ਦਾ ਬਦਲ ਬਣਨ ਵਾਲੇ ਗਠੋੜ ਦੀ ਅਗਵਾਈ ਕਾਂਗਰਸ ਕੋਲ ਹੋਵੇਗੀ। ਸਾਲ 2019 ਵਿੱਚ ਭਾਜਪਾ ਨੂੰ ਸੱਤਾ ਤੋਂ ਬਾਹਰ ਰੱਖਣ ਲਈ ਸੋਨੀਆ ਗਾਂਧੀ ਨੇ ਵਿਰੋਧੀ ਪਾਰਟੀਆਂ ਨੂੰ ਛੋਟੇ ਛੋਟੇ ਝਗੜੇ ਖ਼ਤਮ ਕਰ ਕੇ ਇਕਜੁਟ ਹੋਣ ਦਾ ਸੱਦਾ ਦਿਤਾ ਸੀ। ਪਿੱਛੇ ਜਿਹੇ ਉਨ੍ਹਾਂ ਨਰਿੰਦਰ ਮੋਦੀ ਸਰਕਾਰ ਉੱਤੇ ਵੱਡਾ ਹਮਲਾ ਬੋਲਦਿਆਂ ਕਿਹਾ ਸੀ ਕਿ ਅੱਛੇ ਦਿਨਾਂ ਦਾ ਹਾਲ ਵੀ ਇੰਡੀਆ ਸ਼ਾਈਨਿੰਗ ਵਰਗਾ ਹੋਵੇਗਾ ਅਤੇ 2019 ਵਿੱਚ ਕਾਂਗਰਸ ਵਾਪਸੀ ਕਰੇਗੀ। ਉਨ੍ਹਾਂ ਕੇਂਦਰ ਸਰਕਾਰ ਉੱਤੇ ਹਮਲਾ ਕਰਦਿਆਂ ਇਕ ਟੈਲੀਵਿਜ਼ਨ ਪ੍ਰੋਗਰਾਮ ਵਿੱਚ ਕਿਹਾ ਸੀ ਕਿ ਉਹ ਭਾਜਪਾ ਨੂੰ ਮੁੜ ਸੱਤਾ ਵਿੱਚ ਨਹੀਂ ਆਉਣ ਦੇਣਗੇ। ਕਾਂਗਰਸ ਦੇ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਕਿਹਾ ਕਿ ਸੋਨੀਆ ਗਾਂਧੀ ਵਲੋਂ ਦਿਤਾ ਡਿਨਰ ਦਾ ਸੱਦਾ ਸਿਆਸਤ ਦੇ ਪੈਂਤੜੇ ਵਜੋਂ ਨਹੀਂ ਵੇਖਣਾ ਚਾਹੀਦਾ ਹੈ ਅਤੇ ਇਹ ਸਿਰਫ ਦੋਸਤਾਨਾ ਸਬੰਧ ਕਾਇਮ ਕਰਨ ਲਈ ਦਿਤਾ ਗਿਆ ਹੈ।