ਸੋਨਮ ਤੇ ਸ਼ਾਹਰੁਖ ਦੀ ਜੋੜੀ

shahrukh
ਜਦੋਂ ਤੋਂ ਸ਼ਾਹਰੁਖ ਖਾਨ ਦੀ ਫਿਲਮ ‘ਰਈਸ’ ਨੇ ਬਾਕਸ ਆਫਿਸ ‘ਤੇ ਚੰਗਾ ਪ੍ਰਦਰਸ਼ਨ ਕੀਤਾ ਹੈ, ਸੋਨਮ ਕਪੂਰ ਨੇ ਸੋਸ਼ਲ ਮੀਡੀਆ ‘ਤੇ ਸ਼ਾਹਰੁਖ ਦੀ ਇਸ ਫਿਲਮ ਦੀ ਖੂਬ ਤਾਰੀਫ ਕੀਤੀ ਹੈ। ਦੋਵੇਂ ਇੱਕ ਦੂਜੇ ਦੀ ਪੋਸਟ ਦੇ ਜਵਾਬ ਦੇ ਰਹੇ ਹਨ। ਸੋਨਮ ਨੇ ਸ਼ਾਹਰੁਖ ਨੂੰ ਇਹ ਵੀ ਕਿਹਾ ਕਿ ਉਨ੍ਹਾਂ ਵਾਂਗ ਉਹ ਰਾਤ ਨੂੰ ਸੌਂਦੀ ਨਹੀਂ ਅਤੇ ਉਨ੍ਹਾਂ ਦੋਵਾਂ ਨੂੰ ਛੇਤੀ ਹੀ ਮਿਲਣਾ ਚਾਹੀਦਾ ਹੈ। ਦੋਵਾਂ ਦੇ ਇਸ ਤਰ੍ਹਾਂ ਇੱਕ ਦੂਜੇ ਨਾਲ ਗੱਲਾਂ ਕਰਨ ਨਾਲ ਅਜਿਹੇ ਕਿਆਸ ਲੱਗਣ ਲੱਗੇ ਸਨ ਕਿ ਉਹ ਦੋਵੇਂ ਛੇਤੀ ਹੀ ਇਕੱਠੇ ਫਿਲਮ ਕਰਨ ਵਾਲੇ ਹਨ।
ਕਿਹਾ ਜਾ ਰਿਹਾ ਹੈ ਦੋਵੇਂ ਨਿਰਦੇਸ਼ਕ ਆਨੰਦ ਐੱਲ ਰਾਏ ਦੀ ਫਿਲਮ ਵਿੱਚ ਇਕੱਠੇ ਕੰਮ ਕਰ ਸਕਦੇ ਹਨ। ਸੂਤਰਾਂ ਅਨੁਸਾਰ ਇਸ ਫਿਲਮ ਵਿੱਚ ਸ਼ਾਹਰੁਖ ਇੱਕ ਬੌਣੇ ਦਾ ਕਿਰਦਾਰ ਅਦਾ ਕਰੇਗਾ ਅਤੇ ਇਸੇ ਫਿਲਮ ਵਿੱਚ ਉਸ ਨਾਲ ਸੋਨਮ ਕੰਮ ਕਰਨ ਜਾ ਰਹੀ ਹੈ। ਖਾਸ ਗੱਲ ਹੈ ਕਿ ਸੋਨਮ ਤੇ ਸ਼ਾਹਰੁਖ ਇਸ ਫਿਲਮ ਵਿੱਚ ਪਹਿਲੀ ਵਾਰ ਸੁਨਹਿਰੀ ਪਰਦੇ Ḕਤੇ ਨਜ਼ਰ ਆਉਣਗੇ, ਜਦ ਕਿ ਸੋਨਮ ਇਸ ਤੋਂ ਪਹਿਲਾਂ ਫਿਲਮ ‘ਰਾਂਝਣਾ’ ਵਿੱਚ ਆਨੰਦ ਨਾਲ ਕੰਮ ਕਰ ਚੁੱਕੀ ਹੈ। ਸੋਨਮ ਦੀ ਕੱਟੜ ਮੁਕਾਬਲੇਬਾਜ਼ ਦੀਪਿਕਾ ਪਾਦੁਕੋਣ ਨਾਲ ਸ਼ਾਹਰੁਖ ਤਿੰਨ ਫਿਲਮਾਂ ਕਰ ਚੁੱਕਾ ਹੈ ਤਾਂ ਉਸ ਨੂੰ ਹੁਣ ਨਵੀਂ ਹੀਰੋਇਨ ਨਾਲ ਫਿਲਮ ਕਰਨ ਦੀ ਕੋਸ਼ਿਸ ਕਰਨੀ ਪੈਣੀ ਹੈ। ਉਥੇ ਸਲਮਾਨ ਨਾਲ ਸੋਨਮ ਕੰਮ ਕਰ ਹੀ ਚੁੱਕੀ ਹੈ ਤਾਂ ਉਸ ਨੂੰ ਵੀ ਕੈਟਰੀਨਾ ਕੈਫ ਵਾਂਗ ਹੀ ਸ਼ਾਹਰੁਖ ਨਾਲ ਵੀ ਕੰਮ ਕਰ ਲੈਣਾ ਚਾਹੀਦਾ ਹੈ।
ਉਂਝ ਸੋਨਮ ਨਿਰਦੇਸ਼ਕ ਆਨੰਦ ਦੀ ਮਨਪਸੰਦ ਅਦਾਕਾਰਾ ਹੈ ਅਤੇ ਦੋਵਾਂ ਨੇ ਫਿਲਮ ‘ਰਾਂਝਣਾ’ ਤੋਂ ਬਾਅਦ ਇਕੱਠੇ ਕੰਮ ਨਹੀਂ ਕੀਤਾ ਹੈ। ਸੂਤਰਾਂ ਅਨੁਸਾਰ ਇਸ ਰੋਲ ਲਈ ਕੈਟਰੀਨਾ ਅਤੇ ਦੀਪਿਕਾ ਬਾਰੇ ਵੀ ਸੋਚਿਆ ਜਾ ਰਿਹਾ ਸੀ, ਪਰ ਆਨੰਦ ਨੇ ਅਖੀਰ ਸੋਨਮ ‘ਤੇ ਹੀ ਭਰੋਸਾ ਪ੍ਰਗਟਾਇਆ।