ਸੈਨੇਟ ਵੱਲੋਂ ਮੈਰੀਜੁਆਨਾ ਬਿੱਲ ਪਾਸ


ਓਟਵਾ, 7 ਜੂਨ (ਪੋਸਟ ਬਿਊਰੋ) : ਮੈਰੀਜੁਆਨਾ ਨੂੰ ਕਾਨੂੰਨੀ ਮਾਨਤਾ ਦੇਣ ਲਈ ਸੈਨੇਟ ਵੱਲੋਂ ਬਿੱਲ ਸੀ-45 ਅੱਜ ਪਾਸ ਕਰ ਦਿੱਤਾ ਗਿਆ।
ਛੇ ਘੰਟੇ ਭਾਸ਼ਣ ਦੇਣ ਤੋਂ ਬਾਅਦ ਸੈਨੇਟਰਜ਼ ਵੱਲੋਂ ਬਿੱਲ ਸੀ-45 ਨੂੰ ਪਾਸ ਕੀਤਾ ਗਿਆ। ਇਸ ਬਿੱਲ ਨੂੰ ਕੈਨਾਬਿਸ ਐਕਟ ਵਜੋਂ ਵੀ ਜਾਣਿਆ ਜਾਂਦਾ ਹੈ। ਵੀਰਵਾਰ ਰਾਤ ਇਸ ਬਿੱਲ ਦੀ ਤੀਜੀ ਰੀਡਿੰਗ ਉੱਤੇ ਬਹਿਸ ਚੱਲ ਰਹੀ ਸੀ। 30 ਦੇ ਮੁਕਾਬਲੇ 56 ਵੋਟਾਂ ਨਾਲ ਇਹ ਬਿੱਲ ਪਾਸ ਹੋਇਆ।
ਸੈਨੇਟ ਦੇ 32 ਕੰਜ਼ਰਵੇਟਿਵ ਮੈਂਬਰਾਂ ਦੇ ਸਖ਼ਤ ਵਿਰੋਧ ਦੇ ਬਾਅਦ ਬਿੱਲ ਨੂੰ ਪਾਸ ਕਰਵਾਉਣਾ ਟਰੂਡੋ ਲਈ ਵੱਕਾਰ ਦਾ ਸਵਾਲ ਬਣ ਗਿਆ ਸੀ। ਪਿਛਲੇ ਹਫਤੇ ਤੋਂ ਲੈ ਕੇ ਇਸ ਹਫਤੇ ਟਰੂਡੋ ਵੱਲੋਂ ਤਿੰਨ ਆਜ਼ਾਦ ਸੈਨੇਟਰਜ਼ ਨਿਯੁਕਤ ਕੀਤੇ ਗਏ। ਇਸ ਨਾਲ ਬਿੱਲ ਪਾਸ ਹੋਣ ਦੀ ਸੰਭਾਵਨਾ ਵੱਧ ਗਈ ਤੇ ਬਿੱਲ ਆਖਿਰਕਾਰ ਪਾਸ ਹੋ ਵੀ ਗਿਆ। ਜਿਹੜਾ ਬਿੱਲ ਸੈਨੇਟ ਵਿੱਚ ਪਾਸ ਹੋਇਆ ਹੈ ਉਹ ਅਸਲ ਵਿੱਚ ਹਾਊਸ ਆਫ ਕਾਮਨਜ਼ ਵਿੱਚ ਪੇਸ਼ ਬਿੱਲ ਤੋਂ ਥੋੜ੍ਹਾ ਵੱਖਰਾ ਰੂਪ ਲੈ ਚੁੱਕਿਆ ਹੈ।