ਸੈਕਸੂਅਲ ਹੈਰਾਸਮੈਂਟ: ਜੇਕਰ ਪਾਰਲੀਮੈਂਟ ਵੀ ਸੁਰੱਖਿਅਤ ਨਹੀਂ ਤਾਂ?

zzzzzzzz-300x1111ਕੈਨੇਡੀਅਨ ਸੀਨੇਟ ਦੀ ਨੈਤਿਕਤਾ ਬਾਰੇ ਕਮੇਟੀ (Ethics Committee) ਨੇ ਸਿਫ਼ਾਰਸ਼ ਕੀਤੀ ਹੈ ਕਿ ਸੀਨੇਟਰ ਡੌਨ ਮੀਰੀਡਿਥ (Don Meredith) ਨੂੰ ਸੀਨੇਟ ਵਿੱਚੋਂ ਖਾਰਜ ਕਰ ਦਿੱਤਾ ਜਾਣਾ ਚਾਹੀਦਾ ਹੈ। ਕੈਨੇਡਾ ਦੇ ਉੱਚ ਪੱਧਰ ਦੇ ਸਾਬਕਾ ਜੱਜਾਂ, ਵਕੀਲਾਂ ਉੱਤੇ ਆਧਾਰਿਤ ਇਸ ਪੰਜ ਮੈਂਬਰੀ ਕਮੇਟੀ ਨੇ ਇਹ ਫੈਸਲਾ ਸੀਨੇਟ ਦੀ ਐਥਿਕਸ ਅਫ਼ਸਰ Lyse Ricard  (ਲਾਈਸ ਰਿਕਾਰਡ) ਵੱਲੋਂ ਤਿਆਰ ਕੀਤੀ ਇੱਕ ਵਿਸ਼ੇਸ਼ ਰਿਪੋਰਟ ਮਿਲਣ ਤੋਂ ਬਾਅਦ ਕੀਤਾ ਹੈ। ਬੀਬੀ ਲਾਈਸ ਨੇ ਆਪਣੀ ਰਿਪੋਰਟ ਵਿੱਚਂ ਵੇਰਵੇ ਸਹਿਤ ਦਰਜ਼ ਕੀਤਾ ਸੀ ਕਿ ਪੈਂਟੇਕੋਸਟਲ ਚਰਚ ਵਿੱਚ ਮੰਤਰੀ ਵਜੋਂ ਮਾਨਤਾ ਹਾਸਲ 48 ਸਾਲਾ ਡੌਨ ਮੀਰੀਡਿਥ ਨੇ ਕਿਵੇਂ ਆਪਣੀ ਸੱਤਾ ਦਾ ਗਲਤ ਇਸਤੇਮਾਲ ਕਰਦੇ ਹੋਏ 17 ਸਾਲਾਂ ਦੀ ਲੜਕੀ ਨਾਲ ਜਿਸਮਾਨੀ ਸਬੰਧ ਬਣਾਏ। ਡੌਨ ਇਸ ਲੜਕੀ ਨੂੰ ਇਹ ਲਾਲਚ ਦੇ ਕੇ ਵਰਤਦਾ ਰਿਹਾ ਕਿ ਉਹ ਲੜਕੀ ਦੀ ਮਾਤਾ ਦੀ ਪਰਮਾਨੈਂਟ ਰੈਜ਼ੀਡੈਂਟ ਬਣਨ ਦੀ ਫਾਈਲ ਦਾ ਜਲਦੀ ਫੈਸਲਾ ਕਰਵਾ ਦੇਵੇਗਾ ਅਤੇ ਉਸਨੂੰ ਪਾਰਲੀਮੈਂਟ ਵਿੱਚ ਨੌਕਰੀ ਲੈਣ ਵਿੱਚ ਮਦਦ ਕਰੇਗਾ। ਕੰਜ਼ਰਵੇਟਿਵ ਪਾਰਟੀ ਇਸ ਸੀਨੇਟਰ ਨੂੰ ਪਹਿਲਾਂ ਹੀ ਮੁੱਢਲੀ ਮੈਂਬਰੀਸਿ਼ੱਪ ਤੋਂ ਖਾਰਜ ਕਰ ਚੁੱਕੀ ਹੈ।

ਡੌਨ ਮੀਰੀਡਿਥ ਦਾ ਅਤੀਅੰਤ ਨਿੰਦਣਯੋਗ ਕੇਸ ਸਾਨੂੰ ਪਾਰਲੀਮੈਂਟ ਵਿੱਚ ਪੱਸਰੀ ਉਸ ਸਥਿਤੀ ਉੱਤੇ ਚਰਚਾ ਕਰਨ ਲਈ ਪ੍ਰੇਰਿਤ ਕਰਦਾ ਹੈ ਜਿਸ ਦੇ ਚੱਲਦੇ ਔਰਤ ਐਮ ਪੀਆਂ ਤੋਂ ਲੈ ਕੇ ਕੰਮ ਕਰਨ ਵਾਲੇ ਸਟਾਫ ਮੈਂਬਰ ਕਿਸੇ ਵੀ ਵੇਲੇ ਕਿਸੇ ਬੇਹਯਾ ਸਿਆਸਤਦਾਨ ਦੀ ਜਿਣਸੀ ਭੁੱਖ ਦਾ ਸਿ਼ਕਾਰ ਹੋ ਸਕਦੇ ਹਨ। ਇਸ ਸਥਿਤੀ ਬਾਰੇ ਸੱਭ ਤੋਂ ਅਹਿਮ ਖੁਲਾਸਾ 2014 ਵਿੱਚ ਕੰਜ਼ਰਵੇਟਿਵ ਸੀਨੇਟਰ ਨੈਂਸੀ ਰੂਥ ਨੇ ਕੀਤਾ ਸੀ। ਉਸਨੇ ਕਿਹਾ ਸੀ ਕਿ ਪਾਰਲੀਮੈਂਟ ਹਿੱਲ ਮਰਦਾਂ ਦੇ ਟੈਸਟੋਸਟੀਰੋਨ (testosterone) ਤੇਜ ਕਰਨ ਵਾਲਾ ਸਥਾਨ ਹੈ। ਆਪਣੇ ਐਮ ਪੀ ਪਿਤਾ ਦੀ ਮਿਸਾਲ ਦੇਂਦੇ ਹੋਏ ਨੈਂਸੀ ਨੇ ਕਿਹਾ ਸੀ ਕਿ ਉਹ ਵੀ ਇੱਕ ਬਿਗਾਨੀ ਔਰਤ ਨੂੰ ਲੈ ਕੇ ਉਡੰਤਰ ਹੋ ਗਿਆ ਸੀ”। ਨੈਂਸੀ ਦੀ ਕੋਈ ਕੱਲੀ ਕਾਰੀ ਆਵਾਜ਼ ਨਹੀਂ ਜੋ ਪਾਰਲੀਮੈਂਟ ਦੇ ਸੱਤਾ ਗਲਿਆਰਿਆਂ ਵਿੱਚ ਪੈਦਾ ਹੋਈ ਖਤਰਨਾਕ ਸਥਿਤੀ ਵੱਲ ਇਸ਼ਾਰਾ ਕਰਦੀ ਹੈ। 1980ਵਿਆਂ ਦੇ ਦਹਾਕੇ ਵਿੱਚ ਕਿਸੇ ਐਮ ਪੀ ਵੱਲੋਂ ਕੀਤੀ ਬਦਮਗਜ਼ੀ ਦਾ ਸਿ਼ਕਾਰ ਹੋਈ ਗਰੀਨ ਪਾਰਟੀ ਦੀ ਲੀਡਰ ਐਲਿਜ਼ਾਬੈਥ ਮੇਅ ਦਾ ਮੰਨਣਾ ਹੈ ਕਿ ਸਿਆਸਤ ਵਿੱਚ ਅਜਿਹਾ ਮਾਹੌਲ ਹੈ ਜਿਸ ਵਿੱਚ ਮਰਦ ਮਨਮਰਜ਼ੀ ਕਰ ਕੇ ਬਿਨਾ ਡਰ ਤੋਂ ਅੱਗੇ ਵੱਧ ਸਕਦੇ ਹਨ।

ਚੇਤੇ ਰਹੇ ਕਿ 2014 ਵਿੱਚ ਦੋ ਲਿਬਰਲ ਐਮ ਪੀਆਂ ਵੱਲੋਂ ਐਨ ਡੀ ਪੀ ਦੀਆਂ ਦੋ ਔਰਤ ਐਮ ਪੀਆਂ ਨਾਲ ਬਦਸਲੂਕੀ ਕੀਤੀ ਗਈ ਸੀ। ਐਨ ਡੀ ਪੀ ਦੀਆਂ ਦੋਵਾਂ ਐਮ ਪੀਆਂ ਨੇ ਤਤਕਾਲੀ ਲਿਬਰਲ ਲੀਡਰ ਜਸਟਿਨ ਟਰੂਡੋ ਕੋਲ ਸਿ਼ਕਾਇਤ ਜਰੂਰ ਕੀਤੀ ਲੇਕਿਨ ਪਾਰਲੀਮੈਂਟ ਦੀ ਐਥਿਕਸ ਅਫ਼ਸਰ ਕੋਲ ਸਿ਼ਕਾਇਤ ਦਰਜ਼ ਨਹੀਂ ਸੀ ਕੀਤੀ। ਕਾਰਣ ਕਿ ਆਪਣਾ ਨਾਮ ਜ਼ਾਹਰ ਕਰਕੇ ਉਹ ਆਪਣੇ ਪਰਿਵਾਰ ਅਤੇ ਸਿਆਸੀ ਕੈਰੀਅਰ ਨੂੰ ਤਬਾਹ ਨਹੀਂ ਸੀ ਕਰਨਾ ਚਾਹੁੰਦੀਆਂ। ਇੱਕ ਬੇਸਨ ਜ਼ੁਬੀ (Beisan Zubi) ਨਾਮ ਦੀ ਔਰਤ ਹੈ ਜੋ ਪਿਛਲੇ ਸਾਲਾਂ ਵਿੱਚ ਪਾਰਲੀਮੈਂਟ ਹਿੱਲ ਵਿਖੇ ਖੋਜ ਅਤੇ ਕਮਿਉਨੀਕੇਸ਼ਨ ਵਿਭਾਗ ਵਿੱਚ ਕੰਮ ਕਰਦੀ ਰਹੀ ਹੈ। ਮਾਰਚ 2017 ਵਿੱਚ ਜਦੋਂ Daughters of the Vote ਮੁਹਿੰਮ ਤਹਿਤ ਕੈਨੇਡਾ ਦੇ ਵੱਖ ਵੱਖ ਹਿੱਸਿਆਂ ਵਿੱਚੋਂ ਆਈਆਂ 338 ਸਕੂਲੀ ਵਿੱਦਿਆਰਥਣਾਂ ਇੱਕ ਦਿਨ ਵਾਸਤੇ ਪਾਰਲੀਮੈਂਟ ਮੈਂਬਰ ਵਜੋਂ ਅਨੁਭਵ ਹਾਸਲ ਕਰਨ ਆਈਆਂ ਤਾਂ ਜ਼ੁਬੀ ਨੇ ਆਪਣੇ ਅਨੁਭਵ ਦੇ ਆਧਾਰ ਉੱਤੇ ਇਹਨਾਂ ਲੜਕੀਆਂ ਨੂੰ ਅਤੇ ਸਮੁੱਚੇ ਕੈਨੇਡਾ ਨੂੰ ਸੁਚੇਤ ਕਰਨ ਲਈ ਇੱਕ ਲੇਖ ਲਿਖਿਆ ਸੀ। ਉਸ ਲੇਖ ਵਿੱਚਲਾ ਮਰਮ ਅਤੇ ਪਾਰਲੀਮੈਂਟ ਵਿੱਚ ਫੈਲੀ ਅਰਾਜਕਤਾ ਦਾ ਸਿਖ਼ਰ ਇਹ ਸੀ ਕਿ ਜ਼ੁਬੀ ਨੇ ਲੜਕੀਆਂ ਨੂੰ ਸਲਾਹ ਦਿੱਤੀ ਸੀ ਕਿ ਆਪਣੀ ਪਵਿੱਤਰਤਾ ਕਾਇਮ ਰੱਖਣ ਲਈ ਚੰਗਾ ਹੈ ਕਿ ਪਾਰਲੀਮੈਂਟ ਤੋਂ ਦੂਰ ਹੀ ਰਿਹਾ ਜਾਵੇ। ਪਾਰਲੀਮੈਂਟ ਵਿੱਚ ਲੜਕੀਆਂ ਦੇ ਸੈਕਸੂਅਲ ਸੋਸ਼ਣ ਬਾਰੇ ਜੇਕਰ Beisan Zubi  ਦਾ ਲੇਖ ਕੋਈ ਇਸ਼ਾਰਾ ਹੈ ਤਾਂ ਹੱਲ ਇੱਕ ਡੌਨ ਮੀਰੀਡਿਥ ਨੂੰ ਖਾਰਜ ਕਰਨ ਵਿੱਚ ਨਹੀਂ ਹੈ ਸਗੋਂ ਸਮੁੱਚੇ ਸਿਸਟਮ ਦੀ ਭਰੋਸੇਯੋਗਤਾ ਨੂੰ ਕਾਇਮ ਕਰਨ ਵਿੱਚ ਹੈ।

ਅਗਲੇ ਦਿਨਾਂ ਵਿੱਚ ਡੌਨ ਮੀਰੀਡਿਥ ਨੂੰ ਖਾਰਜ ਕਰਨ ਬਾਰੇ ਜਦੋਂ ਸੀਨੇਟ ਵਿੱਚ ਬਹਿਸ ਹੋਵੇਗੀ ਤਾਂ ਡੌਨ ਇਹ ਸਾਬਤ ਕਰਨ ਦੀ ਕੋਸਿ਼ਸ਼ ਕਰੇਗਾ ਕਿ ਉਸਨੇ ਕਾਉਂਸਲਿੰਗ ਲੈਣ, ਅਧਿਆਤਮਕ ਸੇਧ ਹਾਸਲ ਕਰਨ, ਪਰਿਵਾਰ ਤੋਂ ਮੁਆਫੀ ਮੰਗਣ ਵਰਗੇ ਕਿੰਨੇ ਹੀ ਕਦਮ ਚੁੱਕ ਲਏ ਹਨ ਜੋ ਸਾਬਤ ਕਰਦੇ ਹਨ ਕਿ ਹੁਣ ਉਹ ਬਦਲ ਕੇ ਚੰਗਾ ਵਿਅਕਤੀ ਬਣ ਗਿਆ ਹੈ। ਚੰਗਾ ਵਿਅਕਤੀ ਬਣਨਾ ਚੰਗੀ ਗੱਲ ਹੈ ਲੇਕਿਨ ਇਸਦਾ ਭਾਵ ਇਹ ਨਹੀਂ ਕਿ ਸੀਨੇਟਰ ਵਜੋਂ ਰਹਿਣਾ ਉਸ ਲਈ ਜਿੰਦਗੀ ਮੌਤ ਦਾ ਸੁਆਲ ਹੈ। ਦੇਸ਼ ਦੀ ਪਾਰਲੀਮੈਂਟ ਜਿੱਥੇ ਬੈਠ ਕੇ ਇਹ ਭੱਦਰਪੁਰਸ਼ ਕੈਨੇਡੀਅਨਾਂ ਦੇ ਭਲੇ ਲਈ ਕਨੂੰਨ ਬਣਾਉਂਦੇ ਹਨ, ਜੇਕਰ ਉਹਨਾਂ ਦਾ ਆਪਣੇ ਨਿੱਜੀ ਵਤੀਰੇ ਉੱਤੇ ਕਾਬੂ ਨਹੀਂ ਤਾਂ ਆਮ ਔਰਤ, ਸਾਡੇ ਬੱਚੇ ਕਿਵੇਂ ਅਤੇ ਕਿੱਥੇ ਸੁਰੱਖਿਅਤ ਮਹਿਸੂਸ ਕਰ ਸਕਦੇ ਹਨ?