ਸੈਂਸਰ ਬੋਰਡ ਦਾ ਮੁਖੀ ਪਹਿਲਾਜ ਨਿਹਲਾਨੀ ਛਾਂਗ ਦਿੱਤਾ ਗਿਆ

ਪਹਿਲਾਜ ਨਿਹਲਾਨੀ

ਪਹਿਲਾਜ ਨਿਹਲਾਨੀ

ਨਵੀਂ ਦਿੱਲੀ, 12 ਅਗਸਤ (ਪੋਸਟ ਬਿਊਰੋ)- ਪਹਿਲਾਜ ਨਿਹਲਾਨੀ ਨੂੰ ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ (ਸੀ ਬੀ ਐਫ ਸੀ) ਦੇ ਚੇਅਰਮੈਨ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਰਿਪੋਰਟ ਅਨੁਸਾਰ ਉਨ੍ਹਾਂ ਦੀ ਥਾਂ ਹੁਣ ਪ੍ਰਸਿੱਧ ਗੀਤਕਾਰ ਤੇ ਕਵੀ ਪ੍ਰਸੂਨ ਜੋਸ਼ੀ ਇਹ ਜ਼ਿੰਮੇਵਾਰੀ ਸੰਭਾਲਣਗੇ।
ਵਰਨਣ ਯੋਗ ਹੈ ਕਿ ਪਹਿਲਾਜ ਨਿਹਲਾਨੀ ਨੇ ਜਨਵਰੀ 2015 ਵਿੱਚ ਸੀ ਬੀ ਐਫ ਸੀ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ ਸੀ ਤੇ ਇਸ ਸਮੇਂ ਦੌਰਾਨ ਉਨ੍ਹਾਂ ਨੂੰ ਕਈ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੀ ਇਸ ਅਹੁਦੇ ਦੀ ਮਿਆਦ ਤਿੰਨ ਸਾਲ ਬਾਅਦ ਜਨਵਰੀ 2018 ਵਿੱਚ ਖਤਮ ਹੋਣੀ ਸੀ। ਬੀਤੇ ਸਾਲ ਉਨ੍ਹਾਂ ਫਿਲਮ ‘ਉੜਤਾ ਪੰਜਾਬ’, ਜਿਹੜੀ ਨਸ਼ਿਆਂ ਦੁਆਲੇ ਘੁੰਮਦੀ ਸੀ, ਦੇ ਕਈ ਦਿ੍ਰਸ਼ਾਂ ‘ਤੇ ਇਤਰਾਜ਼ ਲਾਏ ਅਤੇ ਕੋਂਕਨਾ ਸੇਨ ਸ਼ਰਮਾ ਦੀ ‘ਅੰਡਰ ਲਿਪਸਟਿਕ ਮਾਈ ਬੁਰਕਾ’ ਫਿਲਮ ‘ਤੇ ਵੀ ਬੈਨ ਲਾ ਦਿੱਤਾ ਸੀ ਅਤੇ ਸ਼ਾਹਰੁਖ ਤੇ ਅਨੁਸ਼ਕਾ ਦੀ ਫਿਲਮ ‘ਜਬ ਹੈਰੀ ਮੈਟ ਸੇਜਲ’ ‘ਚ ਵਰਤੇ ਗਏ ‘ਇੰਟਰਕੋਰਸ’ ਸ਼ਬਦ ‘ਤੇ ਵੀ ਇਤਰਾਜ਼ ਜਤਾਇਆ ਸੀ। ਪਿਛਲੇ ਮਹੀਨੇ ਪਹਿਨਾਜ ਨਿਹਲਾਨੀ ਨੇ ਕਿਹਾ ਸੀ ਕਿ ਜੇ ਉਨ੍ਹਾਂ ਨੂੰ ਅਹੁਦਾ ਛੱਡਣ ਲਈ ਕਿਹਾ ਜਾਏਗਾ ਤਾਂ ਉਹ ਅਗਲੇ ਅਹੁਦੇਦਾਰ ਨੂੰ ਸ਼ੁਭ ਇਛਾਵਾਂ ਦਿੰਦੇ ਹੋਏ ਤੁਰੰਤ ਚਲੇ ਜਾਣਗੇ।