ਸੇਵਾ ਮੁਕਤ ਅਫਸਰਾਂ ਵੱਲੋਂ ਕਠੂਆ ਕਾਂਡ ਪਿੱਛੋਂ ਪ੍ਰਧਾਨ ਮੰਤਰੀ ਨੂੰ ਖੁੱਲ੍ਹਾ ਪੱਤਰ ਜਾਰੀ


ਜੰਮੂ, 16 ਅਪ੍ਰੈਲ (ਪੋਸਟ ਬਿਊਰੋ)- ਕਠੂਆ ਅਤੇ ਉਨਾਉਂ ਦੀਆਂ ਗੈਂਗਰੇਪ ਦੀਆਂ ਘਟਨਾਵਾਂ ਦੇ ਖਿਲਾਫ ਦੇਸ਼ ਭਰ ਵਿੱਚ ਵਿਰੋਧ ਜਾਰੀ ਹੈ। ਲੋਕ ਬੇਟੀਆਂ ਦੀ ਸੁਰੱਖਿਆ ਬਾਰੇ ਸਰਕਾਰ ਨਾਲ ਨਾਰਾਜ਼ ਦਿੱਸਦੇ ਹਨ। ਇਸ ਦੌਰਾਨ 50 ਸੇਵਾ ਮੁਕਤ ਅਫ਼ਸਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੁੱਲ੍ਹਾ ਖਤ ਲਿਖ ਕੇ ਸਰਕਾਰ ਨੂੰ ਇਸ ਘਟਨਾਵਾਂ ਲਈ ਜ਼ਿੰਮੇਵਾਰ ਕਿਹਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਕਠੂਆ ਅਤੇ ਉਨਾਉਂ ਦੇ ਪੀੜਤਾਂ ਤੋਂ ਮੁਆਫ਼ੀ ਮੰਗਣ।
ਸੇਵਾ ਮੁਕਤ ਸੀਨੀਅਰ ਅਫਸਰਾਂ ਨੇ ਮੋਦੀ ਸਰਕਾਰ ਦੀ ਨਿੰਦਾ ਕਰਦੇ ਹੋਏ ਲਿਖਿਆ ਹੈ ਕਿ ਆਜ਼ਾਦੀ ਦੇ ਬਾਅਦ ਤੋਂ ਇਹ ਹੁਣ ਤੱਕ ਸਭ ਤੋਂ ਕਾਲਾ ਸਮਾਂ ਹੈ, ਜਿਹੜਾ ਦਿਖਾਉਂਦਾ ਹੈ ਕਿ ਸਰਕਾਰ, ਸਿਆਸੀ ਦਲ ਅਤੇ ਨੇਤਾ ਕਿੰਨੇ ਕਮਜ਼ੋਰ ਹੈ। ਇਸ ਖੱਤ ਵਿੱਚ ਲਿਖਿਆ ਹੈ ਕਿ ਸਾਡੇ ਸੰਵਿਧਾਨ ਵੱਲੋਂ ਧਰਮ ਨਿਰਪੱਖ ਲੋਕਤੰਤਰੀ ਅਤੇ ਉਦਾਰ ਮੁੱਲਾਂ ਦੀ ਜੋ ਗੱਲ ਕਹੀ ਗਈ ਹੈ, ਉਸ ਵਿੱਚ ਗਿਰਾਵਟ ਆ ਰਹੀ ਹੈ। ਸਾਬਕਾ ਅਧਿਕਾਰੀਆਂ ਨੇ ਖੱਤ ਵਿੱਚ ਲਿਖਿਆ ਹੈ ਕਿ ਇਹ ਦੋ ਘਟਨਾਵਾਂ ਆਮ ਅਪਰਾਧ ਨਹੀਂ, ਜੋ ਸਮੇਂ ਨਾਲ ਠੀਕ ਹੋ ਜਾਣਗੇ। ਸਾਨੂੰ ਜਲਦੀ ਹੀ ਸਮਾਜ ਦੇ ਸਿਆਸੀ ਅਤੇ ਨੈਤਿਕ ਤਾਣੇ-ਬਾਣੇ ਨੂੰ ਠੀਕ ਕਰਨਾ ਹੋਵੇਗਾ, ਇਹ ਸਾਡੀ ਪਛਾਣ ਦੇ ਸੰਕਟ ਦਾ ਸਮਾਂ ਹੈ।
ਵਰਨਣ ਯੋਗ ਹੈ ਕਿ ਜੰਮੂ-ਕਸ਼ਮੀਰ ਦੇ ਕਠੂਆ ਅਤੇ ਉੱਤਰ ਪ੍ਰਦੇਸ਼ ਦੇ ਉਨਾਉਂ ਵਿੱਚ ਗੈਂਗਰੇਪ ਦੇ 2 ਕੇਸਾਂ ਨੇ ਦੇਸ਼ ਨੂੰ ਦਹਿਲਾ ਦਿੱਤਾ ਹੈ। ਉੱਤਰ ਪ੍ਰਦੇਸ਼ ਦੀ ਔਰਤ ਦਾ ਦੋਸ਼ ਹੈ ਕਿ ਭਾਜਪਾ ਦੇ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੇ ਉਸ ਨਾਲ ਰੇਪ ਕੀਤਾ। ਘਟਨਾ ਦੇ ਵਿਰੋਧ ਪਿੱਛੋਂ ਦੋਸ਼ੀ ਵਿਧਾਇਕ ਨੂੰ ਗ੍ਰਿਫਤਾਰ ਕੀਤਾ ਗਿਆ। ਕਠੂਆ ਵਿੱਚ 8 ਸਾਲਾ ਮਾਸੂਮ ਨੂੰ ਪਹਿਲਾਂ ਅਗਵਾ ਕੀਤਾ ਗਿਆ, ਫਿਰ ਦੋਸ਼ੀਆਂ ਨੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਅਤੇ ਉਸ ਦੇ ਬਾਅਦ ਮਾਰ ਦਿੱਤਾ ਅਤੇ ਇਹ ਘਟਨਾ ਇੱਕ ਮੰਦਰ ਨਾਲ ਜੁੜਦੀ ਹੈ।