‘ਸੂਰਮਾ’ ਦੀ ਸ਼ੂਟਿੰਗ ਮੌਕੇ ਜੜ੍ਹਾਂ ਨਾਲ ਜੁੜਨਾ ਮਿਲਿਆ: ਤਾਪਸੀ


ਤਾਪਸੀ ਪੰਨੂ ਨੇ ਬੀਤੇ ਦਿਨੀਂ ਸ਼ਾਦ ਅਲੀ ਦੀ ਫਿਲਮ ‘ਸੂਰਮਾ’ ਦਾ ਭਾਰਤੀ ਸ਼ਡਿਊਲ ਪੂਰਾ ਕੀਤਾ ਹੈ। ਇਹ ਫਿਲਮ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਦੀ ਜ਼ਿੰਦਗੀ ‘ਤੇ ਆਧਾਰਤ ਹੈ। ਫਿਲਮ ਵਿੱਚ ਉਸ ਦੇ ਨਾਲ ਦਿਲਜੀਤ ਦੁਸਾਂਝ ਅਤੇ ਅੰਗਦ ਬੇਦੀ ਪ੍ਰਮੁੱਖ ਭੂਮਿਕਾ ਨਿਭਾ ਰਹੇ ਹਨ। ਸਿੱਖ ਪਰਵਾਰ ਨਾਲ ਸੰਬੰਧ ਰੱਖਦੀ ਤਾਪਸੀ ਹਰਿਆਣਾ ਦੇ ਸ਼ਾਹਬਾਦ ਵਿੱਚ ਸ਼ੂਟਿੰਗ ਕਰਦੇ ਸਮੇਂ ਆਪਣੇ ਅਤੀਤ ਦੀਆਂ ਯਾਦਾਂ ਵਿੱਚ ਗੁਆਚ ਗਈ। ਦਰਅਸਲ, ਉਸ ਦਾ ਜ਼ਿਆਦਾਤਰ ਜੀਵਨ ਦਿੱਲੀ ਅਤੇ ਮੁੰਬਈ ਵਿੱਚ ਬੀਤਿਆ ਹੈ।
ਪੁਰਾਣੀਆਂ ਯਾਦਾਂ ਨੂੰ ਸ਼ੇਅਰ ਕਰਦੇ ਹੋਏ ਤਾਪਸੀ ਨੇ ਦੱਸਿਆ, ‘ਜਦ ਮੈਂ ਛੋਟੀ ਸੀ ਤਾਂ ਲਗਭਗ ਹਰ ਛੁੱਟੀਆਂ ਵਿੱਚ ਪੰਜਾਬ ਆਪਣੇ ਜੱਦੀ ਪਿੰਡ ਜਾਂਦੀ ਸੀ। ਮੁੰਬਈ ਆਉਣ ਪਿੱਛੋਂ ਉਥੇ ਜਾਣ ਦਾ ਬਹੁਤ ਘੱਟ ਮੌਕਾ ਮਿਲਿਆ, ਪਰ ਸ਼ੂਟਿੰਗ ਦੇ ਲਈ ਸ਼ਾਹਬਾਦ ਆ ਕੇ ਸਭ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ। ਉਸ ਮਾਹੌਲ ਅਤੇ ਜਗ੍ਹਾ ‘ਤੇ ਸ਼ੂਟਿੰਗ ਕਰਦੇ ਹੋਏ ਬੜਾ ਮਜ਼ਾ ਆਇਆ। ਖੇਤ ਵਿੱਚ ਦੌੜ-ਦੌੜ ਕੇ ਖੇਡਣਾ, ਟਿਊਬਵੈੱਲ ਦਾ ਪਾਣੀ ਉਛਾਲਣਾ, ਘਰ ਦੇ ਬਣੇ ਪੰਜਾਬੀ ਪਰੌਂਠਿਆਂ ਦਾ ਮਜ਼ਾ ਲੈਣਾ ਵਰਗੀਆਂ ਯਾਦਾਂ ਤਾਜ਼ਾ ਹੋਈਆਂ। ਉਨ੍ਹਾਂ ਇਲਾਕਿਆਂ ਦੀ ਹਵਾ ਮੈਨੂੰ ਅਤੀਤ ਵਿੱਚ ਖਿੱਚ ਕੇ ਲੈ ਜਾਂਦੀ ਹੈ।”