ਸੂਚਨਾ ਦੇ ਬਾਵਜੂਦ ਐੱਫ ਬੀ ਆਈ ਗੋਲੀਬਾਰੀ ਨਹੀਂ ਰੋਕ ਸਕੀ


ਪਾਰਕਲੈਂਡ, 18 ਫਰਵਰੀ (ਪੋਸਟ ਬਿਊਰੋ)- ਅਮਰੀਕਾ ਦੀ ਜਾਂਚ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ‘ਤੇ ਅਸਤੀਫੇ ਦਾ ਦਬਾਅ ਵਧ ਰਿਹਾ ਹੈ। ਐੱਫ ਬੀ ਆਈ ਨੇ ਮੰਨਿਆ ਸੀ ਕਿ ਉਸ ਕੋਲ ਬੀਤੇ ਦਿਨੀਂ ਪਾਰਕਲੈਂਡ ਦੇ ਇੱਕ ਸਕੂਲ ਵਿੱਚ ਗੋਲੀਬਾਰੀ ਕਰਨ ਵਾਲੇ ਨਿਕੋਲਸ ਕਰੂਜ (19) ਨਾਲ ਜੁੜੀਆਂ ਜਾਣਕਾਰੀਆਂ ਸਨ। ਕਰੂਜ ਦੇ ਇੱਕ ਕਰੀਬੀ ਨੇ ਬੀਤੀ ਪੰਜ ਜਨਵਰੀ ਨੂੰ ਉਸ ਦੇ ਵਿਹਾਰ ਵਿੱਚ ਆਈ ਤਬਦੀਲੀ, ਲੋਕਾਂ ਨੂੰ ਮਾਰ ਦੇਣ ਦੀ ਗੱਲ ਕਰਨ ਅਤੇ ਸੋਸ਼ਲ ਮੀਡੀਆ ਪੋਸਟ ਦੇ ਬਾਰੇ ਐਫ ਬੀ ਆਈ ਨੂੰ ਸੂਚਿਤ ਕਰ ਦਿੱਤਾ ਸੀ। ਹੁਣ ਐੱਫ ਬੀ ਆਈ ਦੇ ਖਿਲਾਫ ਲੋਕਾਂ ਦਾ ਗੁੱਸਾ ਭੜਕ ਪਿਆ ਹੈ।
ਵਰਨਣ ਯੋਗ ਹੈ ਕਿ ਕਰੂਜ ਨੇ 14 ਫਰਵਰੀ ਨੂੰ ਸੈਮੀ ਆਟੋਮੈਟਿਕ ਰਾਈਫਲ ਨਾਲ ਸਕੂਲ ਵਿੱਚ ਗੋਲੀਆਂ ਚਲਾਈਆਂ ਸਨ। ਇਸ ਨਾਲ 17 ਲੋਕਾਂ ਦੀ ਮੌਤ ਹੋ ਗਈ ਅਤੇ 15 ਜ਼ਖਮੀ ਹੋ ਗਏ ਸਨ। ਐੱਫ ਬੀ ਆਈ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਸਾਨੂੰ ਸ਼ੱਕੀ ਦੇ ਸੰਬੰਧ ਵਿੱਚ ਸੂਚਨਾ ਨੂੰ ਮਿਆਮੀ ਆਫਿਸ ਤੱਕ ਭੇਜਣੀਆਂ ਚਾਹੀਦੀਆਂ ਸਨ, ਅਸੀਂ ਚਿਤਾਵਨੀ ਮਿਲਣ ਦੇ ਬਾਅਦ ਵੀ ਕਾਰਵਾਈ ਨਾ ਕਰਨ ਦੀ ਗਲਤੀ ਮੰਨਦੇ ਹਾਂ। ਇਸ ਤੋਂ ਪਹਿਲਾਂ ਬੀਤੇ ਸਾਲ ਸਤੰਬਰ ਵਿੱਚ ਵੀ ਏਜੰਸੀ ਨੂੰ ਯੂ ਟਿਊਬ ਉਤੇ ਇੱਕ ਸ਼ੱਕੀ ਕਮੈਂਟ ਦਾ ਪਤਾ ਲੱਗਾ ਸੀ। ਇਸ ਨੂੰ ਨਿਕੋਲਸ ਕਰੂਜ ਨਾਂਅ ਦੇ ਵਿਅਕਤੀ ਨੇ ਲਿਖਿਆ ਸੀ ਕਿ ਉਹ ਇੱਕ ਪੇਸ਼ੇਵਰ ਸਕੂਲ ਸ਼ੂਟਰ ਬਣਨ ਜਾ ਰਿਹਾ ਹੈ। ਉਸ ਵਕਤ ਏਜੰਸੀ ਉਸ ਤੱਕ ਨਹੀਂ ਪਹੁੰਚ ਸਕੀ ਸੀ। ਘਟਨਾ ਦੇ ਬਾਅਦ ਅਮਰੀਕਾ ਦੇ ਅਟਾਰਨੀ ਜਨਰਲ ਜੈਫ ਸੈਸ਼ਨ ਨੇ ਐੱਫ ਬੀ ਆਈ ਦੀ ਕੰਮ ਪ੍ਰਣਾਲੀ ਦੀ ਸਮੀਖਿਆ ਕਰਨ ਦਾ ਹੁਕਮ ਦਿੱਤਾ ਹੈ। ਫਲੋਰੀਡਾ ਦੇ ਗਵਰਨਰ ਨੇ ਏਜੰਸੀ ਦੇ ਡਾਇਰੈਕਟਰ ਕ੍ਰਿਸਟੋਫਰ ਦੇ ਅਸਤੀਫੇ ਦੀ ਮੰਗ ਕੀਤੀ ਹੈ।