ਸੁੱਚੀ ਕਿਰਤ ਦੀ ਮਹੱਤਤਾ ਦਾ ਸੁਨੇਹਾ ਦੇ ਗਿਆ ਨਾਟਕ ‘ਇਹ ਲਹੂ ਕਿਸ ਦਾ ਹੈ’

ਮਿਸੀਸਾਅਗਾਾ (ਨਿਊਜ਼ ਬਿਊਰੋ)- ਬੀਤੇ ਦਿਨੀਂ ਸਥਾਨਕ ਰਾਇਲ ਬੈਂਕੁਅਟ ਹਾਲ ਵਿੱਚ ਗੁਰੂ ਨਾਨਕ ਮਿਸ਼ਨ ਕੈਨੇਡਾ ਵੱਲੋਂ ਆਪਣੇ ਸਵੈ-ਸੇਵੀਆਂ ਦਾ ਮਾਣ-ਸਨਮਾਣ ਕਰਨ ਹਿੱਤ ਇੱਕ ਸਮਾਗਮ ਦਾ ਆਯੋਜਿਨ ਕੀਤਾ ਗਿਆ। ਜਿਸ ਵਿੱਚ ਵੱਖ ਵੱਖ ਬੁਲਾਰਿਆਂ ਨੇ ਆਪਣੀ ਜੀਵਨ ਜਾਂਚ ਵਿੱਚ ਇਮਾਨਦਾਰੀ ਸ਼ਾਮਿਲ ਕਰਕੇ ਲੋਕ ਭਲਾਈ ਦੇ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਇਸ ਸਮਾਗਮ ਵਿੱਚ ਸੰਸਥਾ ਨੂੰ ਸਾਲ ਭਰ ਸਹਿਯੋਗ ਦੇਣ ਵਾਲੇ ਸਾਰੇ ਸਪਾਂਸਰਜ਼ ਅਤੇ ਸਵੈ-ਸੇਵੀਆਂ ਨੂੰ ਪਲੇਕਸ ਦੇ ਕੇ ਸਨਮਾਨਿਤ ਕਤਿਾ ਗਿਆ। ਸਮਾਗਮ ਦਾ ਮੁੱਖ ਆਕਰਸ਼ਨ ਹੈਰੀਟੇਜ ਆਰਟਸ ਐਂਡ ਥੀਏਟਰ ਸੁਸਾਇਟੀ ਆਫ਼ ਯੂਨਾਈਟਡ ਪ੍ਰੋਡਕਸ਼ਨਜ਼ (ਹੈਟਸ-ਅੱਪ) ਟੋਰਾਂਟੋ ਵੱਲੋਂ ਕੀਤੀ ਗਈ ਡਾ ਗੁਰਦਿਆਲ ਸਿੰਘ ਰਚਿਤ ਡਾ ਹੀਰਾ ਰੰਧਾਵਾ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤਾ ਨਾਟਕ ‘ਇਹ ਲਹੂ ਕਿਸ ਦਾ ਹੈ’ ਦੀ ਪੇਸ਼ਕਾਰੀ ਸੀ। ਇਹ ਨਾਟਕ ਗੁਰੂ ਨਾਨਕ ਦੇਵ ਜੀ ਵੱਲੋਂ ਮਲਿਕ ਭਾਗੋ ਦੇ ਗਰੀਬ ਕਿਸਾਨਾਂ ਕੋਲੋਂ ਜ਼ਬਰਦਸਤੀ ਖ਼ੋਹੇ ਆਨਾਜ ਨਾਲ ਬਣੇ ਮਾਲ੍ਹਪੂੜਿਆਂ ਵਿੱਚ ਲਹੂ ਤੇ ਉਹਨਾਂ ਵੱਲੋਂ ਆਪਣੀ ਮਰਜ਼ੀ ਨਾਲ ਦਿੱਤਾ ਆਨਾਜ ਦੁੱਧ ਦੇ ਬਰਾਬਰ ਸਿੱਧ ਕਰਨਾ ਦੀ ਘਟਨਾ ‘ਤੇ ਅਧਾਰਿਤ ਹੈ। ਇਸ ਨਾਟਕ ਨੂੰ ਲੋਕਾਂ ਨੇ ਸਾਹ ਸੂਤ ਕੇ ਮਾਣਿਆ ਜਿਸ ਵਿੱਚ ਕਰਮਜੀਤ ਗਿੱਲ ਨੇ ਕਿਸਾਨ, ਜੇਪੀ ਕੋਛੜ ਨੇ ਰਾਮ ਚੰਦ, ਸਿ਼ੰਗਾਰਾ ਸਮਰਾ ਨੇ ਡੂਮ ਪਿਓ, ਡੈਵਿਡ ਸੰਧੂ ਨੇ ਡੂਮ ਪੁੱਤ, ਅਤੇ ਡਾ ਹੀਰਾ ਰੰਧਾਵਾ ਨੇ ਮਲਿਕ ਭਾਗੋ ਦੀਆਂ ਭੂਮਿਕਾਵਾਂ ਨਿਭਾਈਆਂ। ਇਸ ਮੌਕੇ ਹੋਰਾਂ ਤੋਂ ਬਿਨਾਂ ‘ਹੈਟਸ-ਅੱਪ’ ਦੇ ਅੰਤਰਪ੍ਰੀਤ ਧਾਲੀਵਾਲ, ਚੰਨਰੂਪ ਅਟਵਾਲ, ਜੋਵਨ ਦਿਓਲ, ਰਾਬੀਆ ਰੰਧਾਵਾ, ਪ੍ਰਿੰਸੀਪਲ ਸੁਖ਼ਚੈਣ ਢਿਲੋਂ, ਬਲਜੀਤ ਰੰਧਾਵਾ, ਆਦਿ ਵੀ ਹਾਜ਼ਰ ਸਨ। ਸਮਾਗਮ ਦੇ ਅੰਤ ਵਿੱਚ ਗੁਰਮੁੱਖ ਬਾਠ ਵੱਲੋਂ ਹਾਜਿ਼ਰ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ।