ਸੁੱਚਾ ਸਿੰਘ ਲੰਗਾਹ ਦੇ ਫਸਣ ਮਗਰੋਂ ਸਿਪਾਹੀਆ ਗੁੱਜਰ ਦੇ ਵਲਾਵੇਂ ਦੀ ਤਿਆਰੀ

ਸੁੱਚਾ ਸਿੰਘ ਲੰਗਾਹ

ਸੁੱਚਾ ਸਿੰਘ ਲੰਗਾਹ

* 2008 ਵਿੱਚ ਮਾਰੇ ਗਏ ਬੱਚੇ ਦੇ ਮਾਪਿਆਂ ਵੱਲੋਂ ਇਨਸਾਫ਼ ਦੀ ਦੁਹਾਈ
ਜਲੰਧਰ, 12 ਅਕਤੂਬਰ, (ਪੋਸਟ ਬਿਊਰੋ)- ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੀ ਬਲਾਤਕਾਰ ਦੇ ਕੇਸ ਵਿੱਚ ਗ੍ਰਿਫ਼ਤਾਰੀ ਦੇ ਬਾਅਦ ਧਾਰੀਵਾਲ ਸ਼ਹਿਰ ਦੇ ਨਹਿਰ ਕਿਨਾਰੇ ਰਹਿੰਦੇ ਮੁਹੰਮਦ ਰਫੀ ਉਰਫ ਸਿਪਾਹੀਆ ਗੁੱਜਰ ਦੀਆਂ ਮੁਸ਼ਕਿਲਾਂ ਵਧਣ ਵਾਲੀਆਂ ਜਾਪਦੀਆਂ ਹਨ। ਸਾਲ 2008 ਵਿੱਚ ਇਕ ਬੱਚੇ ਦੇ ਅਗਵਾ ਹੋਣ ਅਤੇ ਫਿਰ ਮਾਰ ਦਿੱਤੇ ਜਾਣ ਦੇ ਕੇਸ ਬਾਰੇ ਧਾਰੀਵਾਲ ਦੇ ਵਿਜੇ ਕੁਮਾਰ ਪੁੱਤਰ ਦਰਸ਼ਨ ਕੁਮਾਰ ਨੇ ਐਸ ਐਸ ਪੀ ਗੁਰਦਾਸਪੁਰ ਨੂੰ ਹੁਣ ਲਿਖਤੀ ਸ਼ਿਕਾਇਤ ਕਰਕੇ ਇਨਸਾਫ਼ ਦਿਵਾਉਣ ਦੀ ਗੁਹਾਰ ਲਾਈ ਹੈ।
ਧਾਰੀਵਾਲ ਦੇ ਮੁਹੱਲਾ ਗੋਪਾਲ ਨਗਰ ਦੇ ਵਿਜੇ ਕੁਮਾਰ ਨੇ ਦੱਸਿਆ ਕਿ ਉਸ ਦੇ ਬੱਚੇ ਮੁਨੀਸ਼ ਵਰਮਾ ਨੂੰ 2008 ਵਿੱਚ ਮੁਹੰਮਦ ਰਫੀ ਉਰਫ ਸਿਪਾਹੀਆ ਗੁੱਜਰ ਪੁੱਤਰ ਜਮਾਲਦੀਨ ਵਾਸੀ ਅੱਪਰਬਾਰੀ ਦੁਆਬ ਕਿਨਾਰੇ (ਨੇੜੇ ਸੈਂਟਲਮੈਂਟ ਧਾਰੀਵਾਲ) ਨੇ ਅਗਵਾ ਕਰਕੇ ਉਸ ਦੀ ਬਲੀ ਦੇ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਸਿਪਾਹੀਆ ਗੁੱਜਰ ਨੇ ਮੁਨੀਸ਼ ਦੀ ਬਲੀ ਦੇ ਕੇ ਉਸ ਦੀ ਲਾਸ਼ ਧਾਰੀਵਾਲ ਨਹਿਰ ਵਿੱਚ ਸੁੱਟ ਦਿੱਤਾ ਸੀ, ਪਰ ਓਦੋਂਂ ਅਕਾਲੀ-ਭਾਜਪਾ ਸਰਕਾਰ ਵਿੱਚ ਸਿਪਾਹੀਆ ਗੁੱਜਰ ਦੀ ਪਹੁੰਚ ਹੋਣ ਕਰਕੇ ਸਾਡੀ ਸੁਣਵਾਈ ਨਹੀਂ ਹੋਈ ਸੀ, ਜਿਸ ਕਰਕੇ ਹੁਣ ਉਨ੍ਹਾਂ ਮੁਨੀਸ਼ ਵਰਮਾ ਹੱਤਿਆ ਕਾਂਡ ਨੂੰ ਮੁੜ ਖੋਲ੍ਹਣ ਅਤੇ ਜਾਂਚ ਕਰਨ ਦੀ ਮੰਗ ਲਈ ਐਸ ਐਸ ਪੀ ਗੁਰਦਾਸਪੁਰ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।
ਮ੍ਰਿਤਕ ਬੱਚੇ ਦੇ ਮਾਪਿਆਂ ਅਨੁਸਾਰ ਉਸ ਸਮੇਂ ਮੁਨੀਸ਼ ਦੀ ਉਮਰ ਸਾਢੇ 7 ਸਾਲ ਸੀ ਤੇ ਉਹ ਘਰ ਦੇ ਬਾਹਰ ਬਣੀ ਪਾਰਕ ਵਿੱਚ ਸਾਈਕਲ ਚਲਾਉਂਦਿਆਂ ਗੁੰਮ ਹੋ ਗਿਆ ਸੀ। ਉਹ ਸ਼ਾਮ ਤੱਕ ਭਾਲ ਕਰਨ ਉੱਤੇ ਨਾ ਮਿਲਿਆ, ਪਰ ਉਸ ਦਾ ਸਾਈਕਲ ਮਿਲ ਗਿਆ। ਇਸ ਬਾਰੇ ਥਾਣਾ ਧਾਰੀਵਾਲ ਨੂੰ ਸੂਚਨਾ ਦਿੱਤੀ ਗਈ ਤਾਂ ਪੁਲਿਸ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਸੀ। ਪੀੜਤ ਮਾਪਿਆਂ ਦੇ ਅਨੁਸਾਰ ਉਸ ਦਿਨ ਵੀਰਵਾਰ ਸੀ ਅਤੇ ਅਗਲੇ ਦਿਨ ਸ਼ੁੱਕਰਵਾਰ ਨੂੰ ਗੋਤਾਖੋਰਾਂ ਰਾਹੀਂ ਧਾਰੀਵਾਲ ਨਹਿਰ ਵਿੱਚ ਉਸ ਦੀ ਭਾਲ ਕੀਤੀ ਗਈ, ਪਰ ਬੱਚਾ ਨਹੀਂ ਸੀ ਮਿਲਿਆ। ਫਿਰ ਸਨਿਚਰਵਾਰ ਕਰੀਬ ਸਾਢੇ 4 ਵਜੇ ਲੋਕਾਂ ਵਿੱਚ ਚਰਚਾ ਛਿੜੀ ਕਿ ਬੱਚਾ ਨਹਿਰ ਵਿੱਚ ਰੁੜ੍ਹਦਾ ਜਾ ਰਿਹਾ ਹੈ। ਜਦੋਂ ਮਾਪਿਆਂ ਨੇ ਲੋਕਾਂ ਦੀ ਮਦਦ ਨਾਲ ਬੱਚਾ ਬਾਹਰ ਕੱਢਿਆ ਤਾਂ ਉਸ ਦੇ ਸਾਰੇ ਕੱਪੜੇ ਗਿੱਲੇ ਨਹੀਂ ਸਨ ਤੇ ਉਸ ਦਾ ਸਰੀਰ ਹਾਲੇ ਗਰਮ ਸੀ। ਪੋਸਟਮਾਰਟਮ ਰਿਪੋਰਟ ਵਿੱਚ ਉਸ ਦੀ ਮੌਤ 72 ਘੰਟੇ ਪਹਿਲਾਂ ਹੋਣ ਬਾਰੇ ਲਿਖ ਦਿੱਤਾ ਗਿਆ ਸੀ, ਪਰ ਮਾਪਿਆਂ ਅਨੁਸਾਰ ਬੱਚੇ ਦਾ ਸਰੀਰ ਉਦੋਂ ਗਰਮ ਸੀ ਅਤੇ ਉਸ ਦੇ ਸਰੀਰ ਨੂੰ ਕਰੰਟ ਵਗੈਰਾ ਲਾਏ ਜਾਣ ਦੇ ਨਿਸ਼ਾਨ ਸਨ। ਮ੍ਰਿਤਕ ਬੱਚੇ ਦੀ ਮਾਂ ਦਾ ਕਹਿਣਾ ਹੈ ਕਿ ਨਹਿਰ ਕਿਨਾਰੇ ਗੁੱਜਰ ਭਾਈਚਾਰੇ ਦੇ ਲੋਕਾਂ ਦੇ ਡੇਰੇ ਸਨ ਤੇ ਉਨ੍ਹਾਂ ਵਿੱਚ ਸਿਪਾਹੀਆ ਗੁੱਜਰ ਆਪਣੇ ਪਰਿਵਾਰ ਨਾਲ ਰਹਿੰਦਾ ਸੀ, ਜਿਸ ਨੂੰ ਰਾਜਨੀਤਕ ਸ਼ਹਿ ਪ੍ਰਾਪਤ ਸੀ। ਬੱਚੇ ਦੇ ਪਿਤਾ ਵਿਜੇ ਵਰਮਾ ਦੇ ਮੁਤਾਬਕ ਜਦੋਂ ਲੜਕੇ ਨੂੰ ਨਹਿਰ ਵਿੱਚੋਂ ਕੱਢਿਆ ਗਿਆ ਤਾਂ ਉਸ ਦੇ ਸਰੀਰ ਦੇ ਸਾਰੇ ਅੰਗਾਂ ਉੱਤੇ ਉਸ ਨੂੰ ਕੋਹ-ਕੋਹ ਕੇ ਮਾਰਨ ਦੇ ਨਿਸ਼ਾਨ ਸਨ। ਉਨ੍ਹਾਂ ਦੱਸਿਆ ਕਿ ਉਸ ਸਮੇਂ ਸਾਰਾ ਸ਼ਹਿਰ ਬੱਚੇ ਦੀ ਲਾਸ਼ ਦੇਖ ਕੇ ਭੁੱਬਾਂ ਮਾਰ ਰੋਇਆ ਅਤੇ ਕਈ ਦਿਨ ਸ਼ਹਿਰ ਬੰਦ ਰਿਹਾ ਸੀ। ਉਨ੍ਹਾਂ ਕਿਹਾ ਕਿ ਗੁੱਜਰ ਸਿਪਾਹੀਆ ਵਿਗੜਿਆ ਹੋਇਆ ਰਾਜਨੀਤਕ ਸ਼ਹਿ ਵਾਲਾ ਤਾਂਤਰਿਕ ਹੈ, ਜੋ ਸ਼ਾਹੀ ਠਾਠ ਨਾਲ ਰਹਿੰਦਾ ਹੈ ਅਤੇ ਪੂਰੇ ਧਾਰੀਵਾਲ ਵਿੱਚ ਉਸ ਦੀ ਦਹਿਸ਼ਤ ਹੈ।
ਵਰਨਣ ਯੋਗ ਹੈ ਕਿ ਉਸ ਸਮੇਂ ਗੁਰਦਾਸਪੁਰ ਦੇ ਐਸ ਐਸ ਪੀ ਲੋਕ ਨਾਥ ਆਂਗਰਾ ਸਨ ਤੇ ਉਨ੍ਹਾਂ ਨੇ ਕਰੀਬ ਡੇਢ ਮਹੀਨਾ ਬਾਅਦ ਗੁੱਜਰ ਮੁਹੰਮਦ ਰਫੀ ਉਰਫ ਸਿਪਾਹੀਆ ਤੇ ਉਸ ਦੇ ਪਰਿਵਾਰ ਦੇ ਬਿਆਨ ਕਲਮਬੱਧ ਕੀਤੇ ਸਨ ਅਤੇ ਹੌਲੀ-ਹੌਲੀ ਇਹ ਕੇਸ ਠੰਢੇ ਬਸਤੇ ਵਿੱਚ ਪੈ ਗਿਆ ਸੀ। ਪਤਾ ਲੱਗਾ ਹੈ ਕਿ ਜਦੋਂ ਦਾ ਸੁੱਚਾ ਸਿੰਘ ਲੰਗਾਹ ਦਾ ਕੇਸ ਸ਼ੁਰੂ ਹੋਇਆ ਹੈ, ਉਸੇ ਦਿਨ ਤੋਂ ਸਿਪਾਹੀਆ ਗੁੱਜਰ ਖਿਸਕ ਗਿਆ ਹੈ।
ਧਾਰੀਵਾਲ ਨਹਿਰ ਕੰਢੇ ਰਹਿਣ ਵਾਲਾ ਮੁਹੰਮਦ ਰਫੀ ਉਰਫ ਗੁੱਜਰ ਸਿਪਾਹੀਆ ਆਮ ਗੁੱਜਰਾਂ ਵਾਂਗ ਕਰੀਬ ਡੇਢ ਦਹਾਕਾ ਪਹਿਲਾਂ ਇੱਥੇ ਆ ਕੇ ਰਹਿਣ ਲੱਗਾ ਸੀ, ਪਰ ਹੌਲੀ-ਹੌਲੀ ਇਹ ਸੁੱਚਾ ਸਿੰਘ ਲੰਗਾਹ ਦੇ ਸੰਪਰਕ ਵਿੱਚ ਆ ਗਿਆ ਅਤੇ ਕਿਹਾ ਜਾ ਰਿਹਾ ਹੈ ਕਿ ਲੰਗਾਹ ਦੀ ਬਹੁਤ ਸਾਰੀ ਜਾਇਦਾਦ ਗੁੱਜਰ ਸਿਪਾਹੀਆ ਤੇ ਉਸ ਦੇ ਪਰਿਵਾਰ ਦੇ ਨਾਂਅ ਉੱਤੇ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਲੰਗਾਹ ਦੇ ਕਈ ਗੁੱਝੇ ਭੇਦ ਸਿਪਾਹੀਆ ਦੇ ਢਿੱਡ ਵਿੱਚ ਹਨ। ਪਿਛਲੇ ਦਿਨੀਂ ਲੰਗਾਹ ਕਾਂਡ ਵਿੱਚ ਲੱਗੇ ਦੋਸ਼ਾਂ ਵਿਚ ਗੁੱਜਰ ਦਾ ਨਾਂਅ ਵੀ ਆਇਆ ਤਾਂ ਉਸ ਨੇ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਸੀ, ਜਿਸ ਉੱਤੇ ਅਦਾਲਤ ਨੇ ਪਹਿਲਾਂ 10 ਅਕਤੂਬਰ ਅਤੇ ਹੁਣ 23 ਅਕਤੂਬਰ ਤੱਕ ਉਸ ਦੀ ਗ੍ਰਿਫ਼ਤਾਰੀ ਉੱਤੇ ਰੋਕ ਲਾਈ ਹੋਈ ਹੈ।