ਸੁੱਕ ਗਏ ਅਥਰੂਆਂ ਦਾ ਦਰਦ

-ਡਾ ਗੁਰਬਖ਼ਸ਼ ਸਿੰਘ ਭੰਡਾਲ

ਰਾਤ ਦਾ ਘੁਸਮੁੱਸਾ। ਕਾਲੀ ਵਕਤ। ਡਰਾਉਣਾ ਸਮਾਂ। ਦਿਨ ਖੜਿਆਂ ਹੀ ਬੂਹਿਆਂ ਨੂੰ ਅੰਦਰੋਂ ਜੰਦਰੇ ਲੱਗ ਜਾਂਦੇ। ਖੜਕਾ ਜਾਨ ਕੱਢ ਲੈਂਦਾ। ਦਰ ਦਾ ਖੜਕਣਾ ਮਾਤਮੀ ਸੁਰ ਦਾ ਅਲਾਪ। ਕਾਲੇ ਪਹਿਰਾਂ ਦਾ ਸੋਚ ਅਤੇ ਕਰਮ ਵਿਚ ਸਾਇਆ। ਹਾਉਕੇ ਵਰਗੇ ਲੋਕ ਹਾਉਕੇ ਭਰਦੇ, ਹਾਉਂਕੀ ਥੀਂਦੇ ਅਤੇ ਹਾਂਉਂਕੀ ਜੀਂਦੇ।

ਘਰ ਦੇ ਆਲੇ-ਦੁਆਲੇ ਪਸਰੀ ਹੋਈ ਚੁੱਪ ਅਤੇ ਇਸ ਚੁਪ ਨੂੰ ਇਕ ਦਮ ਜੀਪ ਦੀਆਂ ਬਰੇਕਾਂ ਨੇ ਤੋੜਿਆ। ਬੂਹੇ ਦੀ ਬੈੱਲ ਵੱਜੀ। ਚੁੱਪ ਟੁਟੀ। ਡਰਦਿਆਂ ਡਰਦਿਆਂ ਇਕ ਸਖ਼ਸ਼ ਬੂਹਾ ਖੋਲਦਾ ਹੈ। ਭਰਾ ਦੇ ਇੰਨੀ ਰਾਤ ਗਏ ਆਉਣ ਦਾ ਸਬੱਬ ਪੁੱਛਣ ਹੀ ਲਗਦਾ ਏ ਕਿ ਦੂਸਰਾ ਭਰਾ ਬਾਪ ਨੂੰ ਧਿੰਗੋਜੋਰੀ ਬੂਹੇ ਦੇ ਅੰਦਰ ਕਰ ਦਿੰਦਾ ਅਤੇ ਦੋਵੇਂ ਭਰਾ ਜੀਪ ਦੁੜਾ ਕੇ ਹਨੇਰੇ `ਚ ਹਨੇਰਾ ਹੋ ਗਏ। ਅਤੇ ਬੂਹਾ ਖੋਲਣ ਵਾਲਾ ਸਖ਼ਸ਼ ਬਾਪ ਨੂੰ ਦੇਖ ਕੇ ਸੁੰਨ ਹੋ ਗਿਆ। ਸਿੱਲ ਪੱਥਰ। ਸਿਰਫ਼ ਤੇੜ ਕਛਹਿਰਾ, ਖੁੱਲ੍ਹੇ ਵਾਲ ਖੁੱਲੇ ਅਤੇ ਬੱਝੀ ਹੋਈ ਘਿੱਗੀ।

ਗੁੰਮਸੁੰਮ ਸਖ਼ਸ਼ ਨੇ ਚੁਪ ਦਾ ਦਰ ਢੋ, ਬਾਪ ਨੂੰ ਅੰਦਰ ਲੈ ਆਂਦਾ। ਉਹ ਬਾਪ ਨੂੰ ਕਪੜੇ ਪਹਿਨਾਉਂਦਾ ਅਤੇ ਬਾਪ ਦੀਆਂ ਸਿੱਸਕੀਆਂ `ਚ ਸਿੱਸਕੀ ਹੋ, ਇਕ ਸੁੱਕਾ ਅੱਥਰੂ ਹੀ ਬਣ ਗਿਆ।

ਬਾਪ ਦੇ ਮਨ ਵਿਚ ਉਗੀਆਂ ਉਦਾਸੀਆਂ, ਚਿੱਤ `ਚ ਪਨਪ ਰਹੀ ਖੁਦਕੁਸ਼ੀ, ਜਿ਼ਹਨ ਵਿਚ ਤਰ ਰਹੀ ਵੇਦਨਾ, ਸਾਹਾਂ `ਚੋਂ ਆਉਂਦੀ ਹਟਕੋਰਿਆਂ ਦੀ ਅਵਾਜ, ਸੀਤੇ ਹੋਏ ਬੋਲਾਂ ਦੀ ਮਾਤਮੀ ਸੁੱਰ ਅਤੇ ਉਸਦੇ ਕਦਮਾਂ ਵਿਚ ਸਿੱ਼ਲ ਪੱਥਰ ਹੋਣ ਦਾ ਸੰਤਾਪ ਨੂੰ ਕਿੰਜ ਬਿਆਨ ਕਰੋਗੇ, ਕਿਹੜੀ ਇਬਾਰਤ ਵਿਚ ਉਕਰੋਗੇ, ਕਿਹੜੇ ਹਰਫ਼ਾਂ ਦੇ ਹਵਾਲੇ ਕਰੋਗੇ ਅਤੇ ਕਿਹੜੇ ਅਰਥਾਂ ਵਿਚ ਸਮਾਓਗੇ?

ਬਾਪ ਦੀ ਆਪਣਿਆਂ ਹੱਥੋਂ ਹੋਈ ਇਸ ਕਰੂਰਤਾ  ਦਾ ਕੌਣ ਉਜਰ ਕਰੇ, ਕਿਹੜਾ ਹਰਜਾਨਾ ਭਰੇ ਅਤੇ ਕਿਹੜੀ ਸਭਿਅਤਾ ਇਸ `ਤੇ ਜੀਣ ਦੀ ਇਬਾਦਤ ਲਿਖ ਜਾਵੇ?

ਕੀ ਬੱਚੇ ਜਾਇਦਾਦ ਦੇ ਮਾਲਕ ਹੁੰਦੇ ਨੇ? ਉਹਨਾਂ ਲਈ ਬਾਪ ਦੀ ਆਬਰੂ ਅਤੇ ਉਸਦੇ ਮਾਣ ਦੇ ਕੋਈ ਅਰਥ ਨਹੀਂ? ਬਾਪ ਦੇ ਸਿਰ ਤੋਂ ਬੇਮੁੱਖ ਕੀਤੀ ਗਈ ਪੱਗੜੀ ਦਾ ਦਰਦ ਕੌਣ ਸੁਣੇ? ਉਸਦੀ ਸਰਪੰਚੀ ਦੀ ਧੌਂਸ ਕਿਹੜੇ ਛੱਪੜ `ਚ ਡੁੱਬ ਮਰੇ? ਉਸਦੀ ਜਗੀਰ ਕਿਹੜੀ ਅੱਗ `ਚ ਸੜੇ ਅਤੇ ਉਸਦੀ ਕੀਤੀ ਕਮਾਈ ਬਾਪ ਨੂੰ ਹੀ ਪਰੇਸ਼ਾਨ ਕਰੇ?

ਮਨ `ਚ ਉਗੀ ਪ੍ਰਸ਼ਨ ਸਾਹਵੇਂ ਬੇਵੱਸ ਹੋ ਕੇ ਸਖ਼ਸ਼ ਗੁੰਗੀ ਰੁੱਤ ਦਾ ਪੀਲਾ ਸਿਰਨਾਵਾਂ ਹੀ ਬਣ ਗਿਆ ਅਤੇ ਹੌਲੀ ਹੌਲੀ ਉਸਦੇ ਮਨ ਵਿਚ ਆਪਣਿਆਂ ਦੇ ਨਾਵਾਂ ਤੋਂ ਵੀ ਨਫਰਤ ਹੋਣ ਲੱਗ ਪਈ।

ਸੁੱਕਾ ਹੋਇਆ ਅੱਥਰੂ ਸਾਡੀ ਆਪਣਿਆਂ ਦੀ ਕਹਾਣੀ। ਜਿਊਣ ਦਾ ਅਰਥ ਸਮਝਾਉਣ ਵਾਲੇ ਜਦ ਬੇਅਰਥੇ ਹੋ ਜਾਣ ਤਾਂ ਉਹਨਾਂ ਦੇ ਤਨ ਤੋਂ ਬਸਤਰ ਹੀ ਉਤਾਰ ਦੇਣਾ, ਸਾਡੇ ਸਮਿਆਂ ਦਾ ਕੇਹਾ ਕੋਹਝਾ ਸੱਚ ਹੈ ਜਿਹਨੇ ਸਾਡੇ ਹੀ ਵਕਤਾਂ ਦੀ ਤਵਾਰੀਖ਼ ਬਣਨਾ ਸੀ।

ਇਹ ਕੇਹੀ ਤਹਿਜ਼ੀਬ। ਕੇਹੀ ਤਰਕਸੰਗਤਾ ਕਿ ਬਜੁਰਗੀ ਅਸੀਸਾਂ ਤੋਂ ਵਿਰਵਾ ਹੋਣ ਲੱਗਿਆਂ ਅਸੀਂ ਦੇਰ ਹੀ ਨਹੀਂ ਲਾਉਂਦੇ। ਯਾਦ ਰੱਖਣਾ! ਮਾਪਿਆਂ ਦੀਆਂ ਅਸ਼ੀਰਵਾਦਾਂ ਤੋਂ ਵਿਰਵੇ ਲੋਕ ਇਕ ਧੁੱਖਦਾ ਗੋਹੜਾ ਤਾਂ ਹੋ ਸਕਦੇ ਨੇ ਪਰ ਉਹ ਕਦੇ ਵੀ ਨਿੱਘ ਅਤੇ ਚਾਨਣ ਵੰਡਦੀ ਧੂਣੀ ਨਹੀਂ ਹੋ ਸਕਦੇ।

ਜਦ ਕਿਸੇ ਮਾਪੇ ਦੇ ਨੈਣਾਂ ਦੀ ਇਬਾਰਤ ਖਾਰੀ ਹੋ ਜਾਵੇ, ਸੁਪਨਿਆਂ ਦੀ ਤਾਣੀ ਉਲਝ ਜਾਵੇ ਜਾਂ ਭਾਵਨਾਵਾਂ ਤਾਰ ਤਾਰ ਹੋ ਜਾਣ ਤਾਂ ਉਸਦੀਆਂ ਆਦਰਾਂ ਵਿਚੋਂ ਉਠਿਆ ਹੇਰਵ ਫਿਜ਼ਾ ਦੀ ਹਥੇਲੀ `ਤੇ ਕੱਚੀ ਤਰੇਲੀ ਧਰ ਜਾਂਦਾ ਏ।

ਬੁੱਢੇ ਦਰਾਂ ਵਿਚ ਬੱਚਿਆਂ ਨੂੰ ਉਡੀਕਦੇ ਮਾਪਿਆਂ ਨੂੰ ਤੱਕਣਾ, ਉਹਨਾਂ ਦੀਆਂ ਅੱਖੀਆਂ ਵਿਚ ਮੱਧਮ ਹੋ ਗਈ ਆਸ ਨੂੰ ਅੰਤਰੀਵ ਵਿਚ ਉਤਾਰਨਾ ਅਤੇ ਮੱਥੇ `ਤੇ ਉਕਰੀਆਂ ਝੁਰੜੀਆਂ ਵਿਚ ਉਗੇ ਨਕਸ਼ਾਂ ਨੂੰ ਪਛਾਨਣ ਦੀ ਕੋਸਿ਼ਸ਼ ਕਰਨਾ, ਤੁਸੀਂ ਬੀਤੀ ਤਹਿਜ਼ੀਬ ਨੂੰ ਨਿਹਾਰ ਸਕੋਗੇ।

ਮਾਪਿਆਂ ਨੂੰ ਆਰਥਿਕ ਬੋਝ ਸਮਝ ਕੇ ਉਹਨਾਂ ਤੋਂ ਸੁਰਖਰੂ ਹੋਣ ਦੇ ਚਾਹਵਾਨ, ਉਹਨਾਂ ਦੀਆਂ ਨਿੱਕੀਆਂ ਲੋੜਾਂ ਨੂੰ ਅਣਗੋਲਿਆ ਕਰਨ ਵਾਲੇ ਅਤੇ ਉਹਨਾਂ ਦੀਆਂ ਮਾਸੂਮ ਆਸਾਂ ਨੂੰ ਪੈਰਾਂ ਹੇਠ ਮਧੋਲਣ ਵਾਲੇ ਇਹ ਬੱਚੇ,  ਆਪਣੇ ਹੀ ਬੱਚਿਆਂ ਲਈ ਕਿਸ ਤਰਾਂ੍ਹ ਦਾ ਰੋਲ ਮਾਡਲ ਹੋ ਸਕਦੇ?

ਕਿਸੇ ਕੋਠੜੀ ਦੀ ਹਨੇਰੀ ਨੁੱਕਰੇ ਵਾਣ ਦੀ ਅਲਾਣੀ ਮੰਜੀ `ਤੇ ਪਈ ਮਾਂ ਦੀਆਂ ਦੇ ਅਰਦਾਸ ਵਿਚ ਜੁੜੇ ਹੱਥਾਂ ਦੀ ਕਹਾਣੀ ਨੂੰ ਕਿਸ ਤਰਾਂ ਬਿਆਨ ਕਰੋਗੇ ਜਿਸ ਲਈ ਨਿੱਕਾ ਜਿਹਾ ਹੁੰਗਾਰਾ ਹੀ ਜੀਵਨ ਦਾਨੀ ਹੋ ਸਕਦਾ ਏ।

ਮਾਪੇ ਸਾਡੀ ਸਭ ਤੋਂ ਉਚੀ ਅਕੀਦਤ, ਸੁੱਚੀ ਇਬਾਦਤ, ਰੂਹੀ ਆਜ਼ਾਨ, ਮੱਕਾ ਅਤੇ ਮਦੀਨਾ ,ਕਰਮਾਂ ਦੀ ਇਬਾਦਤਗਾਹ, ਮੱਸਿਆ ਦਾ  ਨਹਾਉਣਾ, ਪੁੰਨਿਆਂ ਦੀ ਪੂਜਾ, ਅਰਘ ਚੜਾਉਣਾ ਅਤੇ ਹਰਮੰਦਰ ਸਾਹਿਬ ਵਿਖੇ ਨੱਤਮਸਤਕ ਹੋਣਾ।

ਪੁੱਤ ਲਈ ਔਂਸੀਆਂ ਪਾਉਂਦੇ ਮਾਪੇ ਜਦ ਆਪ ਕੰਧ `ਤੇ ਮਾਰੀ ਲੀਕ ਬਣ ਜਾਂਦੇ ਜਾਂ ਕੰਧ `ਤੇ ਲਟਕਦੀ ਉਦਾਸ ਜਹੀ ਤਸਵੀਰ ਬਣ ਜਾਂਦੇ ਤਾਂ ਘਰ ਆਪਣੀ ਹੋਂਦ `ਤੇ ਹੀ ਸ਼ਰਮਿੰਦਾ ਹੋਣ ਲੱਗ ਪੈਂਦਾ।

ਜਾਇਦਾਦਾਂ ਵੰਡਣ ਵਾਲੇ ਬੱਚੇ ਜਦ ਮਾਪਿਆਂ ਦਾ ਹਿੱਸਾ ਲੈਣ ਤੋਂ ਹੀ ਮੁਨਕਰ ਹੋ ਜਾਣ ਤਾਂ ਅਣਵੰਡੇ ਮਾਪੇ ਕਿਸੇ ਦਰਿਆ ਵਿਚ ਸਮਾ ਜਾਂਦੇ, ਕਿਸੇ ਪਟੜੀ ਦੀ ਹਵਾਲਗੀ ਨੂੰ ਗੱਲ ਨਾਲ ਲਾਉਂਦੇ ਜਾਂ ਜਿਉਂਦੇ ਜੀ ਕਬਰ ਹੀ ਬਣ ਜਾਂਦੇ।

ਬੱਚੇ ਜਦ ਜਰੀਬਾਂ ਧਰ ਕੇ ਵੰਡੀਆਂ ਪਾਉਣ ਲਈ, ਮਾਪਿਆਂ ਦਾ ਸਿਵਾ ਠੰਢਾ ਹੋਣ ਦੀ ਉਡੀਕ ਵੀ ਨਾ ਕਰਨ ਤਾਂ ਮਾਂ-ਧਰਤੀ ਦੀ ਕੁੱਖ ਵੀ ਬਾਂਝ ਹੋ ਜਾਂਦੀ ਏ। ਅੱਜ ਕੱਲ ਅਸੀਂ ਸਾਰੇ ਬਾਂਝ ਕੁੱਖਾਂ ਦਾ ਦਰਦ ਹੰਢਾਉਣ ਜੋਗੇ ਹੀ ਤਾਂ ਰਹਿ ਗਏ ਹਾਂ।

ਜਦ ਘਰ ਦੀਆਂ ਕੰਧਾਂ ਵਿਚ ਮਾਪਿਆਂ ਦੀ ਰੀਝ ਨੂੰ ਚਿਣਿਆ ਜਾਂਦਾ ਏ, ਸਬਾਤ ਵਿਚ ਪਈਆਂ ਜਿਉਂਦੀਆਂ ਲਾਸ਼ਾਂ ਦਾ ਮਾਤਮ ਕਰਨ ਲਈ ਵੀ ਸਮਾਂ ਨਹੀਂ ਹੁੰਦਾ ਤਾਂ ਘਰ ਦੇ ਬੰਨੇਰਿਆਂ ਤੋਂ ਉਤਰਦੀ ਲੇਰ ਵਿਹੜੇ ਨੂੰ ਦੋਫਾੜ ਕਰ ਜਾਂਦੀ ਏ।

ਬੱਚਿਆਂ ਨੇ ਵੀ ਮਾਪੇ ਬਣਨਾ ਏ। ਕਦੇ ਮਾਪਿਆਂ ਦੀ ਜਗਾ ਹੋ ਕੇ ਆਪਣੇ ਆਪ ਨੂੰ ਨਿਹਾਰਨਾ, ਤੁਹਾਨੂੰ ਮਾਪਿਆਂ ਦੇ ਦਰਦ ਦੀ ਥਾਹ ਪੈ ਜਾਵੇਗੀ।

ਬਾਪ ਦੀ ਸੰਘਣੀ  ਛਾਂ ਅਤੇ ਮਾਂ ਦੀ ਨਿੱਘੀ ਗੋਦ ਦੇ ਸੁੱਖ `ਚੋਂ ਆਪਣੇ ਆਪ ਨੂੰ ਵਿਸ਼ਾਲਣਾ, ਤੁਹਾਡੀਆਂ ਜੂਹਾਂ ਵਿਚ ਸਦਾ-ਜਿਉਣ ਦੀ ਸੱਦ ਲਗੇਗੀ। ਤੁਸੀਂ ਪਿੰਡ ਦੀ ਫਿਰਨੀ ਵਿਚ ਉਗੇ ਉਸ ਬਿਰਖ ਦਾ ਨਾਮਕਰਣ ਹੋਵੋਗੇ ਜਿਸ ਤੋਂ ਰਾਹੀਆਂ ਨੂੰ ਪਿੰਡ ਦੇ ਸਿਰਨਾਵਾਂ ਦਾ ਪਤਾ ਲੱਗਦਾ ਹੈ।

ਆਮੀਨ……..