ਸੁਸ਼ਮਾ ਸਵਰਾਜ ਵੱਲੋਂ ਨਵਾਂਸ਼ਹਿਰ `ਚ ਪਾਸਪੋਰਟ ਦਫ਼ਤਰ ਖੋਲ੍ਹਣ ਲਈ ਅਪੀਲ ਪ੍ਰਵਾਨ

s and cਨਵੀਂ ਦਿੱਲੀ, 21 ਅਪ੍ਰੈਲ (ਪੋਸਟ ਬਿਊਰੋ): ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਸੁਸ਼ਮਾ ਸਵਰਾਜ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਦੋਆਬਾ ਖੇਤਰ ਦੇ ਐਨ.ਆਰ.ਆਈਜ਼ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸਹੂਲਤ ਮੁਹੱਈਆ ਕਰਵਾਉਣ ਲਈ ਨਵਾਂਸ਼ਹਿਰ ਵਿੱਚ ਇਕ ਹੋਰ ਪਾਸਪੋਰਟ ਦਫ਼ਤਰ ਖੋਲ੍ਹਣ ਦੀ ਕੀਤੀ ਅਪੀਲ ਨੂੰ ਪ੍ਰਵਾਨ ਕਰ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਾਲੀ ਸੂਚੀ ਵਿੱਚ ਸ਼ਾਮਲ ਵਿਦੇਸ਼ ਵਸਦੇ ਸਿੱਖ ਨੌਜਵਾਨਾਂ ਦੇ ਮੁੱਦੇ ਨੂੰ ਵੀ ਵਿਚਾਰਨ ਦਾ ਭਰੋਸਾ ਦਿਵਾਇਆ ਹੈ।
ਦੋਵਾਂ ਆਗੂਆਂ ਵਿੱਚ ਇਸ ਮੁੱਦੇ ’ਤੇ ਇਹ ਵਿਚਾਰ-ਵਟਾਂਦਰਾ ਉਸ ਵੇਲੇ ਹੋਇਆ ਜਦੋਂ ਕੈਪਟਨ ਅਮਰਿੰਦਰ ਸਿੰਘ ਕੇਂਦਰੀ ਮੰਤਰੀ ਦੀ ਸਿਹਤ ਦਾ ਹਾਲ-ਚਾਲ ਪੁੱਛਣ ਲਈ ਉਨ੍ਹਾਂ ਨੂੰ ਮਿਲਣ ਗਏ ਜਿਨ੍ਹਾਂ ਦਾ ਹਾਲ ਹੀ ਵਿੱਚ ਗੁਰਦਾ ਬਦਲਿਆ ਗਿਆ ਹੈ।
ਇਕ ਸੰਖੇਪ ਮੀਟਿੰਗ ਦੌਰਾਨ ਸਵਰਾਜ ਨੇ ਮੁੱਖ ਮੰਤਰੀ ਵੱਲੋਂ ਉਠਾਏ ਗਏ ਇਕ ਮੁੱਦੇ ਦੇ ਸਬੰਧ ਵਿੱਚ ਵਿਦਸ਼ਾਂ ਵਿੱਚ ਵਸਦੇ ਪੰਜਾਬੀ ਅਤੇ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਵਲੋਂ ਹਰ ਮਦਦ ਦੇਣ ਦਾ ਭਰੋਸਾ ਦਵਾਇਆ।ਮੀਟਿੰਗ ਤੋਂ ਬਾਅਦ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਨਵਾਂਸ਼ਹਿਰ ਦਾ ਪਾਸਪੋਰਟ ਦਫਤਰ ਪਟਿਆਲਾ ਲਈ ਹਾਲ ਹੀ ਵਿਚ ਮੰਜ਼ੂਰ ਕੀਤੇ ਪਾਸਪੋਰਟ ਦਫਤਰ ਤੋਂ ਵੱਖਰਾ ਹੋਵੇਗਾ ਜਿਸ ਨੂੰ ਛੇਤੀ ਹੀ ਸਥਾਪਤ ਕਰਕੇ ਉਦਘਾਟਨ ਕਰ ਦਿੱਤਾ ਜਾਵੇਗਾ।
ਭਾਰਤ ਤੋਂ ਬਾਹਰ ਵੱਖ-ਵੱਖ ਦੇਸ਼ਾਂ ਵਿਚ ਵਸੇ ਹੋਏ ਪੰਜਾਬੀਆਂ ਅਤੇ ਸਿੱਖਾਂ ’ਤੇ ਹੋ ਰਹੇ ਨਸਲੀ ਹਮਲੇ ਦੇ ਮੁੱਦੇ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਮੁੱਖ ਮੰਤਰੀ ਨੇ ਅਜਿਹੇ ਹਮਲਿਆਂ ਤੋਂ ਪੰਜਾਬੀਆਂ ਤੇ ਸਿੱਖਾਂ ਨੂੰ ਬਚਾਉਣ ਲਈ ਕੇਂਦਰੀ ਮੰਤਰੀ ਨੂੰ ਅੰਤਰ-ਰਾਸ਼ਟਰੀ ਪੱਧਰ ’ਤੇ ਮੁੱਦਾ ਉਠਾਉਣ ਦੀ ਅਪੀਲ ਕੀਤੀ। ਸ੍ਰੀਮਤੀ ਸਵਰਾਜ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਲਗਾਤਾਰ ਇਸ ਮੁੱਦੇ ਨਾਲ ਜੁੜਿਆ ਹੋਇਆ ਹੈ ਅਤੇ ਉਹ ਨਿੱਜੀ ਤੌਰ ’ਤੇ ਵਿਦੇਸ਼ਾਂ ਵਿਚ ਵਸੇ ਪੰਜਾਬੀਆਂ ਅਤੇ ਸਿੱਖਾਂ ਨੂੰ ਉਨ੍ਹਾਂ ਸਰਕਾਰਾਂ ਵੱਲੋਂ ਮੁਕੰਮਲ ਸੁਰੱਖਿਆ ਮਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਦਾ ਮਾਮਲਾ ਉਠਾ ਰਹੇ ਹਨ ਜਿੱਥੇ ਕਿ ਉਹ ਵਸੇ ਹੋਏ ਹਨ।