ਸੁਲਤਾਨ-ਉਲ-ਕੌਮ ਸ. ਜੱਸਾ ਸਿੰਘ ਆਹਲੂਵਾਲੀਆ ਦੀ ਤੀਸਰੀ ਜਨਮ-ਸ਼ਤਾਬਦੀ ਮਨਾਈ

ਮਿਸੀਸਾਗਾ, (ਡਾ. ਝੰਡ) – ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮੈਰਿਕਾ ਵੱਲੋਂ ਬੀਤੀ 6 ਮਈ ਨੂੰ ਗੁਰਦੁਆਰਾ ਸਾਹਿਬ ਡਿਕਸੀ ਰੋਡ ਵਿਖੇ ਸੁਲਤਾਨ-ਉਲ-ਕੌਮ ਸ. ਜੱਸਾ ਸਿੰਘ ਆਹਲੂਵਾਲੀਆ ਦੀ ਤੀਸਰੀ ਜਨਮ-ਸ਼ਤਾਬਦੀ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਤੇ ਗਏ। ਉਪਰੰਤ, ਰਾਗੀ ਸਿੰਘਾਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਅਤੇ ਢਾਡੀ ਸਿੰਘਾਂ ਨੇ ਸ. ਜੱਸਾ ਸਿੰਘ ਆਹਲੂਵਾਲੀਆ ਦੇ ਜੀਵਨ ਨਾਲ ਸਬੰਧਿਤ ਪ੍ਰਸੰਗ ਜੋਸ਼ੀਲੀਆਂ ਵਾਰਾਂ ਕੇ ਸੰਗਤਾਂ ਨੂੰ ਮੰਤਰ-ਮੁਗਧ ਕੀਤਾ।
ਅਮਰੀਕ ਸਿੰਘ ਆਹਲੂਵਾਲੀਆ, ਮੁਖੀ ਪੀਲ ਪੁਲੀਸ ਵੱਲੋਂ ਬਾਬਾ ਜੀ ਦੀਆਂ ਮੁੱਖ ਪ੍ਰਾਪਤੀਆਂ ਅਤੇ ਉਨ੍ਹਾਂ ਦੀ ਸਿੱਖ ਕੌਮ ਨੂੰ ਦੇਣ ਸਬੰਧੀ ਵਿਸਥਾਰ ਵਿਚ ਚਾਨਣਾ ਪਾਇਆ ਗਿਆ। ਐਸੋਸੀਏਸ਼ਨ ਦੇ ਪੈਟਰਨ ਮਹਿੰਦਰ ਸਿੰਘ ਵਾਲੀਆ ਵੱਲੋਂ ‘ਦਲ-ਖ਼ਾਲਸਾ’ ਦੇ ਵੱਖ-ਵੱਖ ਦਲਾਂ, ਦਲ ਖ਼ਾਲਸਾ ਦੇ ਮੁੱਖ-ਕਮਾਂਡਰ ਸ੍ਰੀ ਅਕਾਲ ਤਖ਼ਤ ਦੇ ਪੰਜਵੇਂ ਜੱਥੇਦਾਰ ਅਤੇ ਬੁੱਢਾ ਦਲ ਦੇ ਚੌਥੇ ਮੁਖੀ ਸੁਲਤਾਨ-ਉਲ-ਕੌਮ ਕਪੂਰਥਲਾ ਸਟੇਟ ਦੇ ਮਹਾਰਾਜਾ ਜੱਸਾ ਸਿੰਘ ਆਹਲੂਵਾਲੀਆ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਤਿਹਾਸਿਕ ਪੱਖੋਂ ਵੇਖਿਆ ਜਾਏ ਤਾਂ ਜੱਸਾ ਸਿੰਘ ਆਹਲੂਵਾਲੀਆ ਨੂੰ ਕਦੇ ਵੀ ‘ਨਵਾਬੀ’ ਦਾ ਖਿ਼ਤਾਬ ਨਹੀਂ ਮਿਲਿਆ। ਇਸ ਲਈ ਕਪੂਰਥਲੇ ਦੇ ਸਰਕਾਰੀ ਕਾਲਜ ਦੇ ਨਾਂ ਨਾਲ ਨਵਾਬ ਜੱਸਾ ਸਿੰਘ ਆਹਲੂਵਾਲੀਆ ਲਿਖਣਾ ਸਹੀ ਨਹੀਂ ਹੈ।
ਇਸ ਸ਼ਤਾਬਦੀ ਸਮਾਰੋਹ ਦੀ ਸਮੁੱਚੀ ਜਿ਼ੰਮੇਂਵਾਰੀ ਅਤੇ ਨਾਲ ਹੀ ਮੰਚ-ਸੰਚਾਲਨ ਦੀ ਜਿੰ਼ਮੇਂਵਾਰੀ ਐਸੋਸੀਏਸ਼ਨ ਦੇ ਮੀਤ-ਪ੍ਰਧਾਨ ਰਣਧੀਰ ਸਿੰਘ ਵਾਲੀਆ ਨੇ ਬਾਖੂੁਬੀ ਨਿਭਾਈ। ਸਮਾਗ਼ਮ ਵਿਚ ਵੱਡੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਭਰੀ ਜਿਸ ਵਿਚ ਜੱਸ ਵਾਲੀਆ, ਅਮਰੀਕ ਸਿੰਘ ਵਾਲੀਆ, ਮਨਮੋਹਨ ਸਿੰਘ, ਇੰਦਰਜੀਤ ਸਿੰਘ, ਵਿਸ਼ ਵਾਲੀਆ, ਦੁੱਗਲ ਅੰਕਲ, ਅਜਾਇਬ ਸਿੰਘ ਚੱਥਾ ਆਦਿ ਸ਼ਾਮਲ ਸਨ। ਦੀਵਾਨ ਦੀ ਸਮਾਮਤੀ ‘ਤੇ ਐਸੋਸੀਏਸ਼ਨ ਦੇ ਪ੍ਰਧਾਨ ਟੌਮੀ ਵਾਲੀਆ ਵੱਲੋਂ ਸਮੂਹ ਸੰਗਤ ਦਾ ਧੰਨਵਾਦ ਕੀਤਾ ਗਿਆ।