ਸੁਰੱਖਿਆ ਚੱਕਰ

-ਡਾ. ਵੀਰੇਂਦਰ ਮਹਿੰਦੀਰੱਤਾ
ਪੰਜਾਬੀ ਰੂਪ- ਸੁਭਾਸ਼ ਭਾਸਕਰ
ਰਾਜੇਂਦਰ ਸੇਠੀ ਨੂੰ ਕਦੇ ਸਮਝ ਵਿੱਚ ਨਹੀਂ ਆਇਆ ਕਿ ਜਦੋਂ ਬੱਚਿਆਂ ਦਾ ਫੋਨ ਆਉਂਦਾ ਹੈ, ਉਸ ਨਾਲ ਭਾਵੇਂ ਜਿੰਨੀਆਂ ਮਰਜ਼ੀ ਲੰਬੀਆਂ ਗੱਲਾਂ ਕਰ ਲੈਣ, ਉਦੋਂ ਤੀਕ ਉਨ੍ਹਾਂ ਨੂੰ ਚੈਨ ਨਹੀਂ ਆਉਂਦਾ, ਜਦੋਂ ਤੀਕ ਆਪਣੀ ਮਾਂ ਨਾਲ ਗੱਲ ਨਾ ਹੋਵੇ। ਅਮਰੀਕਾ ਤੋਂ ਜਦੋਂ ਕਦੇ ਵੱਡੀ ਬੇਟੀ ਰੰਮੀ ਦਾ ਫੋਨ ਆਉਂਦਾ ਤਾਂ ਪਤਾ ਨਹੀਂ ਮਾਂ ਧੀ ਘੰਟਿਆਂ ਬੱਧੀ ਕੀ ਗੱਲਾਂ ਕਰਦੀਆਂ ਰਹਿੰਦੀਆਂ ਹਨ, ਜਦੋਂ ਕਿ ਸ੍ਰੀਮਾਨ ਸੇਠੀ ਵਿੱਚ-ਵਿੱਚ ਕਈ ਵਾਰ ਟੋਕਦੇ ਵੀ ਸਨ, ‘ਇਹ ਲੋਕਲ ਕਾਲ ਨਹੀਂ, ਲੰਮੀ ਦੂਰੀ ਦੀ ਕਾਲ ਹੈ। ਬੇਟੀ ਦੇ ਪੈਸੇ ਲੱਗ ਰਹੇ ਹਨ।’
‘ਮੈਨੂੰ ਪਤਾ ਹੈ, ਕੋਈ ਗੱਲ ਨਹੀਂ। ਉਸ ਦੇ ਕੋਲ ਇਕ ਸਕੀਮ ਹੈ।’
ਰਾਜੇਂਦਰ ਸੇਠੀ ਆਪਣੇ ਸਟੱਡੀ ਰੂਮ ਵਿੱਚ ਆ ਕੇ ਮਨ ਹੀ ਮਨ ਸੋਚਦਾ ਹੈ ਕਿ ਮੇਰੀ ਤਾਂ ਵਿਦੇਸ਼ ਬੈਠੀ ਬੇਟੀ ਨਾਲ ਸਿਰਫ ਏਨੀ ਹੀ ਗੱਲ ਹੁੰਦੀ ਹੈ, ਕੀ ਹਾਲ ਹੈ? ਉਥੇ ਸਭ ਠੀਕ ਹੈ? ਬੱਚਿਆਂ ਦੀ ਪੜ੍ਹਾਈ ਕਿੰਜ ਚੱਲ ਰਹੀ ਹੈ? ਤੇਰੀ ਸਿਹਤ ਠੀਕ ਹੈ? ਸਾਰੇ ਸਵਾਲਾਂ ਦਾ ਅਕਸਰ ਇਕੋ ਜਵਾਬ ਹੁੰਦਾ ਹੈ, ‘ਸਭ ਠੀਕ ਹੈ ਪਾਪਾ, ਕੋਈ ਚਿੰਤਾ ਨਾ ਕਰਨਾ!’
ਜੇ ਕੋਈ ਦਿੱਕਤ ਹੈ, ਜਿਵੇਂ ਪਤੀ ਕਾਰਨ ਕੋਈ ਪਰੇਸ਼ਾਨੀ, ਵੱਡੇ ਹੋ ਰਹੇ ਬੱਚਿਆਂ ਦੀਆਂ ਪੇਚੀਦਗੀਆਂ ਜਾਂ ਭਾਰਤ ਵਿੱਚ ਘਰ ਪਰਵਾਰ ਦੀਆਂ ਜਾਣਕਾਰੀਆਂ ਜਾਂ ਕੁਝ ਹੋਰ, ਇਨ੍ਹਾਂ ਸਭਨਾਂ ਲਈ ਮਾਂ ਨਾਲ ਹੀ ਲੰਬੀ ਗੱਲਬਾਤ ਹੁੰਦੀ। ਵਿਦੇਸ਼ ਬੈਠੇ ਬੱਚਿਆਂ ਦੀ ਗੱਲ ਤਾਂ ਸਮਝ ਵਿੱਚ ਆਉਂਦੀ ਹੈ, ਪਰ ਇਥੇ ਬੇਟਾ ਬੰਗਲੌਰ ਤੋਂ ਫੋਨ ਕਰੇ ਜਾਂ ਬੇਟੀ ਜੰਮੂ ਤੋਂ, ਲੰਬੀ ਗੱਲ ਮਾਂ ਨਾਲ ਹੀ ਹੁੰਦੀ ਹੈ। ਇਹ ਸਭ ਦੇਖ ਕੇ ਪ੍ਰੋਫੈਸਰ ਸੇਠੀ ਗਹਿਰੀ ਸੋਚ ਵਿੱਚ ਡੁੱਬ ਜਾਂਦਾ ਕਿ ਉਸ ਦਾ ਆਪਣੀ ਮਾਂ ਨਾਲ ਕਿੰਜ ਦਾ ਰਿਸ਼ਤਾ ਸੀ ਕਿ ਉਹ ਉਸ ਦੀ ਮੌਤ ‘ਤੇ ਰੋਇਆ ਤੀਕ ਨਹੀਂ!
ਉਸ ਨੂੰ ਚੰਗੀ ਤਰ੍ਹਾਂ ਯਾਦ ਹੈ, ਜਦੋਂ ਉਸ ਦੀ ਮਾਂ ਦੀ ਮੌਤ ਹੋਈ, ਉਹ ਸੋਲਾਂ ਵਰ੍ਹਿਆਂ ਦਾ ਸੀ। ਮੈਟਿ੍ਰਕ ਕਰਕੇ ਉਸ ਨੇ ਲਾਹੌਰ ਦੇ ਗੌਰਮਿੰਟ ਕਾਲਜ ਵਿੱਚ ਦਾਖਲਾ ਲਿਆ ਸੀ, ਤਾਰ ਆਈ ਕਿ ਮਾਂ ਨਹੀਂ ਰਹੀ। ਸਾਰੀ ਰਾਤ ਰੇਲ ਸਫਰ ਕਰਕੇ ਉਹ ਆਪਣੇ ਵੱਡੇ ਭਰਾ ਦੇਵੇਂਦਰ ਨਾਲ ਲਾਇਲਪੁਰ ਪਹੁੰਚਿਆ ਸੀ।
ਘਰ ਪਹੁੰਚਦੇ ਹੀ ਵੱਡੀ ਭੈਣ ਲਾਜਵੰਤੀ, ਜਿਸ ਨੂੰ ਸਾਰੇ ਭੈਣ ਜੀ ਕਹਿ ਕੇ ਬੁਲਾਉਂਦੇ ਸਨ, ਦਹਾੜ ਮਾਰ ਕੇ ਰੋਈ। ਵੱਡੇ ਭਰਾ ਦੇ ਗਲ ਲੱਗ ਕੇ ਬੋਲੀ, ‘ਵੀਰ ਮੇਰੇ, ਅਸੀਂ ਲੁੱਟੇ ਗਏ।’ ਚੀਕ ਚੰਘਿਆੜਾ ਮੱਚਿਆ ਹੋਇਆ ਸੀ। ਭਰਾ ਦੇਵੇਂਦਰ ਹੌਲੀ-ਹੌਲੀ ਸਿਸਕੀਆਂ ਭਰਦਾ ਰੋ ਰਿਹਾ ਸੀ। ਤੀਜੇ ਨੰਬਰ ਦਾ ਭਰਾ ਜਿਤੇਂਦਰ, ਜੋ ਥੋੜ੍ਹੀ ਦੇਰ ਪਹਿਲਾਂ ਪਹੁੰਚਿਆ ਸੀ, ਇਕ ਪਾਸੇ ਨੂੰ ਮੂੰਹ ਕਰੀ ਚੁੱਪ ਚਾਪ ਹੰਝੂ ਵਹਾ ਰਿਹਾ ਸੀ। ਭੈਣ ਸੁਬਕ-ਸੁਬਕ ਕੇ ਰੋਂਦੀ ਵਿਰਲਾਪ ਕਰ ਰਹੀ ਸੀ, ‘ਰਾਜੇ ਆਪਾਂ ਤਾਂ ਲੁੱਟੇ ਗਏ!’ ਮਾਂ ਰਾਜੇਂਦਰ ਨੂੰ ਰਾਜਾ ਕਿਹਾ ਕਰਦੀ ਸੀ। ਇਸ ਰੋਣ ਧੋਣ ਅਤੇ ਪਿੱਟ ਸਿਆਪੇ ਦੇ ਮਾਹੋਲ ਵਿੱਚ ਵੀ ਰਾਜੇਂਦਰ ਰੋਇਆ ਨਹੀਂ, ਪਰ ਇਕ ਟੱਕ ਮਾਂ ਦੇ ਬੇਜਾਨ ਚਿਹਰੇ ਵੱਲ ਵੇਖੀ ਜਾ ਰਿਹਾ ਸੀ। ਮਾਂ ਦੇ ਚਿਹਰੇ ‘ਤੇ ਇਕ ਅਜੀਬ ਸ਼ਾਂਤੀ ਸੀ। ਜਦੋਂ ਤੀਕ ਜਿਉਂਦੀ ਸੀ ਤਾਂ ਮਾਂ ਇਕ-ਇਕ ਸਾਹ ਪੂਰਾ ਜ਼ੋਰ ਲਾ ਕੇ ਲੈਣਾ ਪੈਂਦਾ ਸੀ। ਰਾਜੇਂਦਰ ਨੂੰ ਕਈ ਵਾਰ ਮਾਂ ਨੂੰ ਵੇਖ ਕੇ ਸ਼ਿਮਲਾ ਵਿੱਚ ਦੇਖੇ ਉਸ ਦੇ ਕੁਲੀ ਦੀ ਯਾਦ ਆਉਂਦੀ ਜਿਹੜਾ ਤਿੱਖੀ ਚੜ੍ਹਾਈ ਰਸਤੇ ਉਤੇ ਭਾਰੀ ਸਾਮਾਨ ਚੁੱਕੀ ਹਫਦਾ ਹੋਇਆ ਇਕ-ਇਕ ਕਦਮ ਰੱਖਣ ਲਈ ਅੰਦਰੋਂ ਪੂਰੀ ਤਾਕਤ ਜੁਟਾ ਰਿਹਾ ਹੁੰਦਾ।
ਜਦੋਂ ਤੋਂ ਰਾਜੇਂਦਰ ਨੇ ਹੋਸ਼ ਸੰਭਾਲੀ ਸੀ, ਮਾਂ ਦੇ ਚਿਹਰੇ ਉਤੇ ਇਕ ਅਜੀਬ ਦਹਿਸ਼ਤ ਦੇਖੀ ਸੀ। ਜਿਵੇਂ ਪਤਾ ਨਹੀਂ ਅਗਲਾ ਸਾਹ ਆਇਆ ਕਿ ਨਾ। ਹਰ ਸਾਹ ਛਟਪਟਾਉਂਦੀ ਹੋਈ ਮਾਂ ਦੀਆਂ ਅੱਖਾਂ ਵਿੱਚ ਕਦੇ ਬੇਬਸੀ, ਕਦੇ ਤਕਲੀਫ, ਕਦੇ ਬੇਨਤੀ ਸਮੋਈ ਰਹਿੰਦੀ। ਰਾਜੇਂਦਰ ਨੂੰ ਅੱਜ ਵੀ ਯਾਦ ਹੈ ਕਿ ਬਚਪਨ ਵਿੱਚ ਮਾਂ ਦੇ ਖੰਘਣ ਦੀ ਆਵਾਜ਼ ਨਾਲ ਹੀ ਉਸ ਦੀ ਨੀਂਦ ਖੁੱਲ੍ਹਦੀ ਸੀ। ਮਾਂ ਮੰਜੀ ਦੇ ਨੁੱਕਰੇ ਬੈਠ ਇਸ ਤਰ੍ਹਾਂ ਖੰਘਦੀ ਜਿਵੇਂ ਹਲਕ ਵਿੱਚ ਫਸੀ ਬਲਗਮ ਨਿਕਲ ਨਾ ਰਹੀ ਹੋਵੇ। ਫਿਰ ਤਾਂ ਬਲਗਮ ਨਾਲ ਭਰੀ ਚਿਲਮਚੀ ਹੁੰਦੀ। ਅਜਿਹੇ ਮੌਕੇ ਉਸ ਦਾ ਜੀਅ ਕਰਦਾ ਕਿ ਕਾਸ਼! ਉਸ ਕੋਲ ਕੋਈ ਜਾਦੂ ਦੀ ਛੜੀ ਹੁੰਦੀ, ਜਿਸ ਨਾਲ ਛੂਹ ਕੇ ਉਹ ਮਾਂ ਦੀ ਸਾਰੀ ਤਕਲੀਫ ਦੂਰ ਕਰ ਦਿੰਦਾ। ਕਿੰਨੇ ਸਾਲਾਂ ਤੋਂ ਰਾਜੇਂਦਰ ਦੇਖ ਰਿਹਾ ਸੀ ਕਿ ਉਸ ਦੇ ਪਿਤਾ ਜਿਨ੍ਹਾਂ ਨੂੰ ਸਾਰੇ ਬਾਊ ਜੀ ਕਹਿੰਦੇ ਸਨ, ਕਿਸੇ ਸੰਜੀਵਨੀ ਬੂਟੀ ਦੀ ਤਲਾਸ਼ ਵਿੱਚ ਸਨ। ਇਸ ਲਈ ਉਹ ਕਿੱਥੇ-ਕਿੱਥੇ ਨਹੀਂ ਭਟਕੇ! ਜਿੱਥੇ ਕਿਤੇ ਕਿਸੇ ਵੈਦ, ਹਕੀਮ ਜਾਂ ਨਜੂਮੀ ਦਾ ਪਤਾ ਚੱਲਦਾ ਕਿ ਉਸ ਕੋਲ ਦਮੇ ਦਾ ਇਲਾਜ ਹੈ, ਉਥੇ ਪਹੁੰਚ ਜਾਂਦੇ। ਉਸ ਦੀ ਦੱਸੀ ਜੜੀ ਬੂਟੀ ਜਾਂ ਦਵਾਈ ਲਈ ਜੇ ਕਿਧਰੇ ਦੂਰ ਦੁਰਾਡੇ ਵੀ ਜਾਣਾ ਪੈਂਦਾ ਤਾਂ ਪਹੁੰਚਦੇ ਤੇ ਦਵਾਈ ਲੈ ਕੇ ਆਉਂਦੇ। ਉਸ ਕਾੜ੍ਹੇ ਜਾਂ ਭਸਮ ਨੂੰ ਤਿਆਰ ਕਰਨ ਲਈ ਜੋ ਕੁਝ ਵੀ ਕਰਨਾ ਹੁੰਦਾ, ਉਹ ਕਰਦੇ ਅਤੇ ਕਰਵਾਉਂਦੇ। ਕਦੇ ਪੁੰਨਿਆ ਦੇ ਦਿਨ ਪਰਾਤ ਵਿੱਚ ਖੀਰ ਫੈਲਾ ਕੇ ਰੱਖਦੇ ਤੇ ਸਾਰੀ ਰਾਤ ਪਹਿਰਾ ਦਿੰਦੇ। ਉਨ੍ਹਾਂ ਨੂੰ ਲੱਗਦਾ ਕਿ ਸ਼ਾਇਦ ਚਾਵਲਾਂ ਦਾ ਇਕ-ਇਕ ਦਾਣਾ ਆਪਣੇ ਅੰਦਰ ਚਾਂਦਨੀ ਸਮੋ ਕੇ ਖੀਰ ਸਾਗਰ ਵਿੱਚ ਰਾਤ ਭਰ ਡੁਬਕੀਆਂ ਲਾਉਂਦਾ ਰਹੇ ਅਤੇ ਸ਼ਾਇਦ ਇਹ ਵੀ ਵਿਸ਼ਵਾਸ ਹੋਵੇ ਕਿ ਸੌਰ ਮੰਡਲ ਦੀ ਸਾਰੀ ਊਰਜਾ ਖੀਰ ਵਿੱਚ ਸਮਾ ਜਾਵੇਗੀ ਅਤੇ ਇਹ ਖੀਰ ਦਮੇ ਦੀ ਪੱਕੀ ਦਵਾਈ ਬਣ ਕੇ ਬਿਮਾਰੀ ਨਾਲ ਭਿੜ ਜਾਵੇਗੀ। ਇਹ ਸਭ ਕਰਨ ਦੇ ਬਾਵਜੂਦ ਰਾਜੇਂਦਰ ਦੀ ਮਾਂ ਦੀ ਤਲੀਫ ਘੱਟ ਨਹੀਂ ਸੀ ਹੋਈ। ਰਾਜੇਂਦਰ ਨੇ ਉਦੋਂ ਮਾਂ ਦੇ ਚਿਹਰੇ ‘ਤੇ ਉਭਰੀਆਂ ਫਟੀਆਂ ਅੱਖਾਂ ਵਿੱਚ ਇਕ ਲਾਚਾਰੀ ਦੇਖੀ ਸੀ ਅਤੇ ਅੱਜ ਮਰਨ ਤੋਂ ਬਾਅਦ ਮਾਂ ਦੇ ਸ਼ਾਂਤ, ਬਿਨਾਂ ਕਿਸੇ ਤਕਲੀਫ ਵਾਲੇ ਚਿਹਰੇ ਵੱਲ ਰਾਜੇਂਦਰ ਦੇਖਦਾ ਰਹਿ ਗਿਆ। ਉਸ ਦੀ ਮਾਂਗ ਵਿੱਚ ਸੰਧੂਰ ਤੇ ਮੱਥੇ ਉਤੇ ਬਿੰਦੀ ਵੀ ਲਾਈ ਗਈ ਸੀ।
ਬਾਊ ਜੀ ਨੇ ਜਦੋਂ ਅੰਤਿਮ ਯਾਤਰਾ ਲਈ ਤਿਆਰ ਮਾਂ ਦੇ ਚਿਹਰੇ ਵੱਲ ਤੱਕਿਆ ਤਾਂ ਸਿਸਕ-ਸਿਸਕ ਕੇ ਰੋ ਪਏ, ‘ਲਾਜੋ ਦੀ ਮਾਂ, ਮੈਂ ਤੇਰੀ ਤਕਲੀਫ ਘੱਟ ਨਹੀਂ ਕਰ ਸਕਿਆ, ਕੁਝ ਨਹੀਂ ਕਰ ਸਕਿਆ। ਹਾਰ ਗਿਆ।’ ਬਾਊ ਜੀ ਸਿਰ ਸੱਜੇ ਖੱਬੇ ਹਿਲਾ ਰਹੇ ਸਨ ਤੇ ਵਾਰ-ਵਾਰ ਮੱਥੇ ‘ਤੇ ਹੱਥ ਮਾਰ ਰਹੇ ਸਨ। ਭਰਾ ਦੇਵੇਂਦਰ ਤੇ ਸੁਰੇਂਦਰ ਉਨ੍ਹਾਂ ਨੂੰ ਸੰਭਾਲਦੇ ਕਹਿ ਰਹੇ ਸਨ, ‘ਹੌਸਲਾ ਰੱਖੋ ਬਾਊ ਜੀ। ਸਾਥੋ ਜੋ ਬਣਿਆ, ਸਭ ਕੀਤਾ। ਮਾਂ ਦੀ ਏਨੀ ਹੀ ਲਿਖੀ ਸੀ।’
..ਅਤੇ ਬਾਊ ਜੀ ਨੇ ਮੂੰਹ ਮੋੜਿਆ। ਉਨ੍ਹਾਂ ਨੂੰ ਡਰ ਸੀ ਕਿ ਧੀਰਜ ਦਾ ਬੰਨ੍ਹ ਕਿਧਰੇ ਟੁੱਟ ਨਾ ਜਾਵੇ। ਅੱਖਾਂ ਪੂੰਝਦੇ ਹੋਏ ਅਰਥੀ ਕੋਲ ਭੁੰਜੇ ਬੈਠ ਗਏ।
ਰਾਜੇਂਦਰ ਨੂੰ ਯਾਦ ਆਇਆ ਕਿ ਜਦੋਂ ਬਾਊ ਜੀ ਲਾਹੌਰ ਦੇ ਮਸ਼ਹੂਰ ਵੈਦ ਠਾਕੁਰ ਦਾਸ ਨੂੰ ਇਲਾਜ ਕਰਵਾਉਣ ਲਿਆਏ ਸਨ ਤਾਂ ਉਦੋਂ ਉਨ੍ਹਾਂ ਨੇ ਕਿਹਾ ਸੀ, ‘ਲਾਜੋ ਦੀ ਮਾਂ, ਹੁਣ ਤੂੰ ਬਿਲਕੁਲ ਠੀਕ ਹੋ ਜਾਵੇਂਗੀ।’ ਅਤੇ ਉਨ੍ਹਾਂ ਦੀਆਂ ਅੱਖਾਂ ਵਿੱਚ ਉਮੀਦ ਦੀ ਇਕ ਚਮਕ ਉਠੀ ਸੀ, ‘ਸੁਣਿਆ ਏ, ਵੈਦ ਜੀ ਨੇ ਦਮੇ ਦੇ ਕਈ ਮਰੀਜ਼ਾਂ ਨੂੰ ਠੀਕ ਕੀਤਾ ਹੈ!’
ਇਹ ਸੁਣ ਕੇ ਆਪਣੇ ਰਾਜੇ ਵੱਲ ਦੇਖਦੀ ਹੋਈ ਮਾਂ ਮੁਸਕਰਾਈ ਸੀ। ਉਸ ਦੀ ਤੱਕਣੀ ਵਿੱਚ ਮਮਤਾ ਦਾ ਉਮੜਦਾ ਹੋਇਆ ਭਾਵ ਸੀ। ਇਸ ਦਾ ਮਤਲਬ ਉਦੋਂ ਰਾਜੇਂਦਰ ਨਹੀਂ ਸਮਝ ਸਕਿਆ ਸੀ, ਪੰਜ ਸਾਲ ਦਾ ਬੱਚਾ ਹੀ ਤਾਂ ਸੀ।
ਹੁਣ ਉਹ ਰਾਜੇ ਦੀ ਥਾਂ ਪ੍ਰੋਫੈਸਰ ਰਾਜੇਂਦਰ ਸੇਠੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਸ ਦੇ ਆਪਣੇ ਤਿੰਨ ਬੱਚੇ ਹਨ। ਉਹ ਭਲੀ ਭਾਂਤ ਸਮਝ ਗਿਆ ਕਿ ਬੱਚੇ ਆਪਣੇ ਪਿਤਾ ਨਾਲੋਂ ਜ਼ਿਆਦਾ ਮਾਂ ਨਾਲ ਜੁੜੇ ਹੁੰਦੇ ਹਨ। ਮਾਂ, ਬੱਚੇ ਦੇ ਅੰਤਰਮਨ ਵਿੱਚ ਪੂਰੀ ਤਰ੍ਹਾਂ ਵਸੀ ਹੁੰਦੀ ਹੈ ਕਿਉਂਕਿ ਮਾਂ ਦੀ ਤੱਕਣੀ ਵਿੱਚ ਬੱਚਿਆਂ ਨੇ ਵਾਰ-ਵਾਰ ਡਿੱਗ ਕੇ ਖੜੇ ਹੋਣਾ ਸਿੱਖਿਆ ਹੈ, ਮਾਂ ਨੇ ਬੱਚਿਆਂ ਦੀ ਰੋਣ ਵਿਲਕਣ ਦੀ ਭਾਸ਼ਾ ਨੂੰ ਸਮਝ ਕੇ ਕਦੇ ਦੁੱਧ ਪਿਲਾਇਆ ਤੇ ਕਦੇ ਸੁਲਾਇਆ ਹੁੰਦਾ ਹੈ, ਉਨ੍ਹਾਂ ਨੇ ਮਾਂ ਦੀ ਦੇਖ ਰੇਖ ਵਿੱਚ ਖਾਣ ਪੀਣ ਦੀ ਤਮੀਜ਼ ਸਿੱਖੀ ਹੁੰਦੀ ਹੈ, ਮਾਂ ਦੁਆਰਾ ਸੁਣਾਈਆਂ ਕਹਾਣੀਆਂ ਨੇ ਹੀ ਉਨ੍ਹਾਂ ਦੀ ਸੋਚ ਸਮਝ ਨੂੰ ਆਕਾਰ ਦਿੱਤਾ ਹੁੰਦਾ ਹੈ। ਉਹ ਬੱਚਿਆਂ ਦੇ ਦੁਆਲੇ ਇਕ ਅਜਿਹਾ ਸੁਰੱਖਿਆ ਚੱਕਰ ਬਣਾਉਂਦੀ ਹੈ ਜਿਸ ਵਿੱਚ ਰਹਿੰਦੇ ਹੋਏ ਬਾਲ ਮਨ ਆਪਣੀਆਂ ਅਬੋਧ ਨਾਦਾਨੀਆਂ ਤੋਂ ਸਿੱਖਣਾ ਸ਼ੁਰੂ ਕਰਦਾ ਹੈ। ਚਿੰਤਨ ਸਮਰੱਥਾ ਦਾ ਬੀਜ ਸ਼ਾਇਦ ਉਦੋਂ ਹੀ ਮਾਂ ਦੀ ਪਿਆਰ ਭਰੀ ਦੇਖਭਾਲ ਵਿੱਚ ਪੈਂਦਾ ਹੈ। ਇਸ ਤਰ੍ਹਾਂ ਵਿਕਸਿਤ ਬੱਚਾ ਆਤਮਵਿਸ਼ਵਾਸੀ ਇਨਸਾਨ ਦੇ ਰੂਪ ਵਿੱਚ ਜੀਵਨ ਦੇ ਔਖੇ ਹਾਲਾਤ ਦਾ ਸਾਹਮਣਾ ਕਰਨ ਨੂੰ ਤਿਆਰ ਹੁੰਦਾ ਹੈ।
ਰਾਜੇ ਲਈ ਇਹ ਸੰਭਵ ਨਹੀਂ ਹੋਇਆ ਸੀ ਕਿਉਂਕਿ ਉਹ ਮਾਂ ਦੀ ਬਿਮਾਰੀ ਦੇ ਦੌਰਾਨ ਹੀ ਪੈਦਾ ਹੋਇਆ ਸੀ। ਇਕ ਅਜੀਬ ਜਿਹਾ ਸ਼ੱਕ ਬਣਿਆ ਹੋਇਆ ਸੀ ਕਿ ਕਿਧਰੇ ਰਾਜਾ ਵੀ ਇਸ ਬਿਮਾਰੀ ਦਾ ਸ਼ਿਕਾਰ ਨਾ ਹੋ ਜਾਵੇ। ਭਾਵੇਂ ਸਾਰੇ ਇਹ ਵੀ ਜਾਣਦੇ ਸਨ ਕਿ ਦਮਾ ਛੂਤ ਦੀ ਬਿਮਾਰੀ ਨਹੀਂ, ਫਿਰ ਵੀ ਰਾਜੇ ਨੂੰ ਮਾਂ ਕੋਲੋਂ ਦੂਰ ਰੱਖਿਆ ਜਾਂਦਾ ਤੇ ਅਣਜਾਣੇ ਵਿੱਚ ਹੀ ਰਾਜੇ ਨੂੰ ਪਾਲਣ ਦੀ ਜ਼ਿੰਮੇਵਾਰੀ ਉਸ ਦੇ ਚਾਰੇ ਭੈਣ ਭਰਾਵਾਂ ਨੇ ਲਈ ਸੀ। ਕਈ ਵਾਰ ਰਾਜੇ ਨੂੰ ਲੱਗਦਾ ਜਿਵੇਂ ਸਰਕਸ ਦੇ ਜਾਂਬਾਜ ਖਿਡਾਰੀਆਂ ਨੂੰ ਅੱਗ ਦੇ ਚੱਕੇ ਜਾਂ ਬਰਛੀਆਂ ਨਾਲ ਘਿਰੇ ਚੱਕੇ ਵਿੱਚੋਂ ਕੁੱਦ ਕੇ ਨਿਕਲਣ ਦੀ ਸਿਖਲਾਈ ਦਿੱਤੀ ਜਾਂਦੀ ਹੈ, ਕੁਝ ਓਵੇਂ ਹੀ ਉਸ ਨੇ ਸਮੇਂ-ਸਮੇਂ ‘ਤੇ ਨਸੀਹਤਾਂ ਦਿੱਤੀਆਂ ਜਾਂਦੀਆਂ; ਚੰਗੇ ਬੱਚੇ ਵੱਡਿਆਂ ਦਾ ਕਹਿਣਾ ਮੰਨਦੇ ਹਨ, ਚੰਗੇ ਬੱਚੇ ਕਦੇ ਜ਼ਿੱਦ ਨਹੀਂ ਕਰਦੇ। ਉਸ ਨੂੰ ਲੱਗਦਾ ਕਿ ਆਚਾਰ ਸੰਹਿਤਾ ਹੀ ਉਹ ਅੱਗ ਦਾ ਚੱਕਾ ਹੈ ਜਿਸ ਵਿੱਚੋਂ ਲੰਘਣ ਲਈ ਉਸ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਉਸ ਚੱਕੇ ਵਿੱਚ ਸਫਲਤਾ ਪੂਰਵਕ ਕੁੱਦ ਜਾਣ ਤੋਂ ਬਾਅਦ ਹੀ ਉਹ ਸੁਰੱਖਿਅਤ ਜੀਵਨ ਜੀਵਿਆ ਜਾ ਸਕਦਾ ਹੈ। ਮਤਲਬ ਮਾਂ ਦੀ ਦੇਖਭਾਲ ਹੇਠ ਉਹ ਵੱਡਾ ਨਹੀਂ ਹੋਇਆ ਸੀ।
ਅਸਲ ਵਿੱਚ ਸਮੇਂ ਦੇ ਨਾਲ ਸੰਤਾਨ ਦੀਆਂ ਗਤੀਵਿਧੀਆਂ ਦਾ ਖੇਤਰ ਨਿਰੰਤਰ ਵਿਸ਼ਾਲ ਹੁੰਦਾ ਰਹਿੰਦਾ ਹੈ, ਉਹ ਸਕੂਲ, ਕਾਲਜ, ਨੌਕਰੀ ਜਾਂ ਵਿਆਹ ਤੋਂ ਬਾਅਦ ਦੂਜੇ ਸ਼ਹਿਰ ਜਾਂਦੇ ਹਨ ਤਾਂ ਨਾਲ ਹੀ ਮਾਂ ਦਾ ਸਿਰਜਿਆ ਸੁਰੱਖਿਆ ਚੱਕਰ ਵੀ ਵੱਡਾ ਹੁੰਦਾ ਜਾਂਦਾ ਹੈ। ਇਹ ਉਹੀ ਸੁਰੱਖਿਆ ਚੱਕਰ ਸੀ ਜਿਸ ਕਾਰਨ ਬਾਊ ਜੀ ਨੇ ਪਾਕਿਸਤਾਨ ਦੇ ਆਪਣੇ ਮਕਾਨ ਦੇ ਮੁਆਵਜ਼ੇ ਵਜੋਂ ਮਿਲੀ ਜ਼ਮੀਨ ਵੇਚ ਕੇ ਸਾਰੀ ਰਕਮ ਰਾਜੇਂਦਰ ਨੂੰ ਦੇ ਦਿੱਤੀ ਸੀ ਤੇ ਕਿਹਾ ਸੀ, ‘ਇਹ ਤੂੰ ਆਪਣਾ ਮਕਾਨ ਬਣਾਉਣ ਲਈ ਵਰਤ ਲਵੀਂ।’ ਉਦੋਂ ਰਾਜੇਂਦਰ ਨੇ ਬਹੁਤ ਕਿਹਾ ਸੀ, ‘ਮੈਨੂੰ ਇਸ ਵਿੱਚੋਂ ਕੁਝ ਨਹੀਂ ਚਾਹੀਦਾ, ਇਸ ਰਕਮ ਨੂੰ ਭਰਾਵਾਂ ਵਿੱਚ ਵੰਡ ਦੇਵੋਂ।’ ਇਸ ਦੇ ਜਵਾਬ ਵਿੱਚ ਬਾਊ ਜੀ ਨੇ ਸਿਰਫ ਇੰਨਾ ਹੀ ਕਿਹਾ ਸੀ, ‘ਉਹ ਆਪਣਾ ਹਿੱਸਾ ਲੈ ਚੁੱਕੇ ਹਨ! ਤੇਰੀ ਮਾਂ ਖੁਦ ਫਾਕੇ ਕੱਟ ਕੇ ਉਨ੍ਹਾਂ ਦੀ ਪੜ੍ਹਾਈ ਲਈ ਪੈਸੇ ਭੇਜਦੀ ਰਹੀ ਹੈ, ਪਰ ਤੂੰ ਤਾਂ ਉਸ ਦੀ ਬਿਮਾਰੀ ਦੇ ਦੌਰਾਨ ਪੈਦਾ ਹੋਇਆ ਸੀ।’
ਬਾਊ ਜੀ ਸਵੇਰ ਦੀ ਪੂਜਾ ਅਰਚਨਾ ਤੋਂ ਪਿੱਛੋਂ ਕੁਝ ਭਜਨ ਉਚੀ ਆਵਾਜ਼ ਵਿੱਚ ਗਾਇਆ ਕਰਦੇ ਸਨ, ‘ਅਬ ਸੌਂਪ ਦੀਆਂ ਇਸ ਜੀਵਨ ਕਾ, ਸਭ ਭਾਰ ਤੁਮਾਰੇ ਹਾਥੋਂ ਮੇਂ, ਹੈ ਜੀਤ ਤੁਮਾਰੇ ਹਾਥੋਂ ਮੇਂ, ਔਰ ਹਾਰ ਤੁਮਾਰੇ ਹਾਥੋਂ ਮੇ।’
ਅਗਲੇ ਦਿਨ ਬਾਊ ਜੀ ਭਜਨ ਨਹੀਂ ਗਾ ਰਹੇ ਸਨ, ਕੁਝ ਇਉਂ ਬੋਲ ਰਹੇ ਸਨ ਜਿਵੇਂ ਕਿਸੇ ਨਾਲ ਗੱਲਾਂ ਕਰ ਰਹੇ ਹੋਣ ਕਿ ਲਾਜੋ ਦੀ ਮਾਂ! ਕੱਲ੍ਹ ਮੈਂ ਤੈਨੂੰ ਦਿੱਤਾ ਵਾਅਦਾ ਪੂਰਾ ਕਰ ਦਿੱਤਾ! ਤੂੰ ਕਿਹਾ ਸੀ, ਮੈਂ ਰਾਜੇ ਲਈ ਕੁਝ ਵੀ ਨਹੀਂ ਕਰ ਸਕੀ! ਉਸ ਨੂੰ ਤਾਂ ਆਪਣਾ ਪਿਆਰ ਵੀ ਨਹੀਂ ਦੇ ਸਕੀ! ਕੱਲ੍ਹ ਆਪਣੀ ਸਾਰੀ ਜਮ੍ਹਾਂ ਪੂੰਜੀ ਉਸ ਦੇ ਨਾਮ ਕਰ ਦਿੱਤੀ ਤਾਂ ਕਿ ਉਹ ਆਪਣਾ ਮਕਾਨ ਬਣਾ ਸਕੇ। ਉਚੇ ਅਹੁਦੇ ‘ਤੇ ਪਹੁੰਚੇ, ਆਪਣੇ ਵੱਡੇ ਭਰਾਵਾਂ ਤੋਂ ਘੱਟ ਨਾ ਰਹੇ।’ ਇਹ ਕਹਿੰਦੇ ਹੋਏ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਟਪ-ਟਪ ਹੰਝੂ ਵਹਿ ਰਹੇ ਸਨ। ਬਾਊ ਜੀ ਦੀ ਗੱਲ ਸੁਣ ਕੇ ਰਾਜੇਂਦਰ ਹੈਰਾਨ ਰਹਿ ਗਿਆ। ਉਸ ਦੀ ਮਾਂ ਆਪਣੀ ਬਿਮਾਰੀ ਦੀ ਏਨੀ ਬੁਰੀ ਹਾਲਤ ਵਿੱਚ ਵੀ ਆਪਣੀ ਸੰਤਾਨ ਲਈ ਸੁਰੱਖਿਆ ਚੱਕਰ ਦਾ ਨਿਰਮਾਣ ਕਰ ਰਹੀ ਸੀ ਤਾਂ ਕਿ ਉਹ ਕਿਸੇ ਤੋਂ ਘੱਟ ਨਾ ਦਿਸੇ ਤੇ ਉਸ ਕੋਲ ਆਪਣੀ ਛੱਤ ਹੋਵੇ। ਉਸ ਦਿਨ ਰਾਜੇਂਦਰ ਨੂੰ ਅਹਿਸਾਸ ਹੋਇਆ ਕਿ ਮਾਂ ਦਾ ਲਾਡ ਪਿਆਰ ਨਾ ਪ੍ਰਾਪਤ ਕਰਕੇ ਉਸ ਨੇ ਕਿੰਨਾ ਕੁਝ ਗੁਆਇਆ ਸੀ! ਮਾਂ ਨੂੰ ਯਾਦ ਕਰਦਾ ਹੋਇਆ, ਬਾਊ ਜੀ ਦੇ ਨਾਲ ਉਹ ਵੀ ਹੰਝੂ ਵਹਾ ਰਿਹਾ ਸੀ ਤੇ ਫੁੱਟ-ਫੁੱਟ ਕੇ ਰੋਇਆ ਸੀ।