ਸੁਬਰਾਮਨੀਅਮ ਸਵਾਮੀ ਕਹਿੰਦੈ: ਰਾਜੀਵ ਗਾਂਧੀ ਨੂੰ ਸੁਪਾਰੀ ਦੇ ਕੇ ਕਤਲ ਕਰਵਾਇਆ ਗਿਆ ਸੀ


ਨਵੀਂ ਦਿੱਲੀ, 13 ਮਾਰਚ (ਪੋਸਟ ਬਿਊਰੋ)- ਭਾਜਪਾ ਦੇ ਪਾਰਲੀਮੈਂਟ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਦਾਅਵਾ ਕੀਤਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਕਤਲ ਸੁਪਾਰੀ ਦੇ ਕੇ ਕਰਵਾਇਆ ਗਿਆ ਸੀ। ਇਹ ਸਾਜ਼ਿਸ਼ ਇਸ ਕਰ ਕੇ ਰਚੀ ਗਈ ਕਿ ਇਸ ਨਾਲ ਕਿਸੇ ਨੂੰ ਬਹੁਤ ਸਾਰਾ ਪੈਸਾ ਮਿਲ ਸਕਦਾ ਸੀ ਅਤੇ ਸਭ ਤੋਂ ਵੱਧ ਲਾਭ ਸੋਨੀਆ ਗਾਂਧੀ ਨੂੰ ਹੋਇਆ। ਸਵਾਮੀ ਨੇ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਵਰਨਣ ਯੋਗ ਹੈ ਕਿ ਰਾਹੁਲ ਗਾਂਧੀ ਨੇ ਇੱਕ ਦਿਨ ਪਹਿਲਾਂ ਹੀ ਸਿੰਗਾਪੁਰ ਵਿੱਚ ਬਿਆਨ ਦਿੱਤਾ ਸੀ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਭੈਣ ਪ੍ਰਿਅੰਕਾ ਨੇ ਆਪਣੇ ਪਿਤਾ ਦੇ ਕਾਤਲਾਂ ਨੂੰ ਮੁਆਫ ਕਰ ਦਿੱਤਾ ਹੈ। ਸੁਬਰਾਮਨੀਅਮ ਸਵਾਮੀ ਦੇ ਹਵਾਲੇ ਨਾਲ ਖਬਰ ਏਜੰਸੀ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਨਲਿਨੀ ਨੂੰ ਇਸ ਕੇਸ ਵਿੱਚ ਮੌਤ ਦੀ ਸਜ਼ਾ ਸੁਣਾਈ ਸੀ, ਪਰ ਯੂ ਪੀ ਏ ਸਰਕਾਰ ਨੇ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਉਸ ਨੂੰ ਉਮਰ ਕੈਦ ਦੀ ਸਜ਼ਾ ਦੇਣ ਲਈ ਕਿਹਾ ਸੀ। ਰਾਹੁਲ ਦੇ ਸਿੰਗਾਪੁਰ ਵਿੱਚ ਦਿੱਤੇ ਬਿਆਨ ਤੋਂ ਸਾਰਾ ਪਰਵਾਰ ਸ਼ੱਕ ਦੇ ਘੇਰੇ ਵਿੱਚ ਆ ਗਿਆ ਹੈ। ਰਾਜੀਵ ਗਾਂਧੀ ਦੇ ਕਤਲ ਨਾਲ ਸਭ ਤੋਂ ਵੱਧ ਲਾਭ ਸੋਨੀਆ ਨੂੰ ਹੋਇਆ ਸੀ। ਸਵਾਮੀ ਨੇ ਪ੍ਰਿਅੰਕਾ ਗਾਂਧੀ ਵੱਲੋਂ ਜੇਲ੍ਹ ਵਿੱਚ ਨਲਿਨੀ ਨਾਲ ਮੁਲਾਕਾਤ ਉੱਤੇ ਵੀ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਅਜਿਹੇ ਮੌਕੇ ਉੱਤੇ ਪ੍ਰਿਅੰਕਾ ਉਥੇ ਕਿਉਂ ਗਈ? ਦੋਸ਼ੀ ਨੂੰ ਸਿਰਫ ਰਿਸ਼ਤੇਦਾਰ ਮਿਲ ਸਕਦੇ ਹਨ। ਪ੍ਰਿਅੰਕਾ ਕੋਈ ਨਲਿਨੀ ਦੀ ਰਿਸ਼ਤੇਦਾਰ ਨਹੀਂ। ਸੋਨੀਆ ਨੇ ਨਲਿਨੀ ਦੀ ਕੁੜੀ ਦੀ ਇੰਗਲੈਂਡ ਵਿੱਚ ਪੜ੍ਹਾਈ ਦਾ ਸਾਰਾ ਖਰਚ ਉਠਾਇਆ। ਉਨ੍ਹਾਂ ਉਸ ਉਪਰ ਇੰਨੀ ਦਯਾ ਕਿਉਂ ਕੀਤੀ? ਦੱਸਣ ਯੋਗ ਹੈ ਕਿ 21 ਮਈ 1991 ਨੂੰ ਤਾਮਿਲ ਨਾਡੂ ਦੇ ਸ੍ਰੀਪੇਰੂੰਦੂਰ ਵਿਖੇ ਰਾਜੀਵ ਗਾਂਧੀ ਹੀ ਦੱਤਿਆ ਕਰ ਦਿੱਤੀ ਗਈ ਸੀ।