ਸੁਪਰ ਹੌਰਨੈੱਟ ਖਰੀਦਣ ਵਾਸਤੇ ਸਰਕਾਰ ਨੇ ਪੁੱਟਿਆ ਅਗਲਾ ਕਦਮ

imageਓਟਵਾ, 14 ਮਾਰਚ (ਪੋਸਟ ਬਿਊਰੋ) : ਲਿਬਰਲ ਸਰਕਾਰ ਨੇ 18 ਸੁਪਰ ਹੌਰਨੈੱਟ ਲੜਾਕੂ ਜਹਾਜ਼ ਖਰੀਦਣ ਵੱਲ ਅਗਲਾ ਕਦਮ ਪੁੱਟ ਲਿਆ ਹੈ। ਇਹ ਵੀ ਪਤਾ ਲੱਗਿਆ ਹੈ ਕਿ ਇਸ ਖਰੀਦ ਨੂੰ ਸਾਲ ਦੇ ਅੰਤ ਤੱਕ ਜਨਤਕ ਕੀਤਾ ਜਾਵੇਗਾ।
ਸਰਕਾਰ ਨੇ ਅਮਰੀਕੀ ਸਰਕਾਰ ਨੂੰ ਮੰਗਲਵਾਰ ਨੂੰ ਇੱਕ ਚਿੱਠੀ ਭੇਜ ਕੇ ਦੱਸਿਆ ਹੈ ਕਿ ਲੜਾਕੂ ਜਹਾਜ਼ਾਂ ਵਿੱਚ ਉਨ੍ਹਾਂ ਨੂੰ ਅਸਲ ਵਿੱਚ ਕੀ ਚਾਹੀਦਾ ਹੈ, ਕਦੋਂ ਚਾਹੀਦਾ ਹੈ ਤੇ ਬਦਲੇ ਵਿੱਚ ਕੈਨੇਡਾ ਕਿਹੋ ਜਿਹੇ ਆਰਥਿਕ ਫਾਇਦਿਆਂ ਦੀ ਗੱਲ ਕਰ ਰਿਹਾ ਹੈ। ਐਰੋਸਪੇਸ ਦੇ ਖੇਤਰ ਵਿੱਚ ਵੱਡੀ ਕੰਪਨੀ ਬੋਇੰਗ ਇਨ੍ਹਾਂ ਲੋੜਾਂ ਨੂੰ ਧਿਆਨ ਵਿੱਚ ਰੱਖਕੇ ਇਸ ਸਾਲ ਦੇ ਅੰਤ ਤੱਕ ਰਸਮੀ ਪ੍ਰਸਤਾਵ ਤਿਆਰ ਕਰੇਗੀ। ਇਸ ਸਾਲ ਦੇ ਅੰਤ ਤੱਕ ਜਾਂ 2018 ਦੇ ਸ਼ੁਰੂ ਵਿੱਚ ਕਰਾਰ ਸਿਰੇ ਚੜ੍ਹਨ ਦੀ ਸਰਕਾਰ ਨੂੰ ਉਮੀਦ ਹੈ।
ਰੱਖਿਆ ਮੰਤਰੀ ਹਰਜੀਤ ਸੱਜਣ ਨੇ ਆਖਿਆ ਕਿ ਅਸੀਂ ਇਹ ਅੰਦਾਜ਼ਾ ਲਾਵਾਂਗੇ ਕਿ ਕੀ ਸੁਪਰ ਹੌਰਨੈੱਟ ਦੀ ਖਰੀਦ ਇਹ ਯਕੀਨੀ ਬਣਾਵੇਗੀ ਕਿ ਕੈਨੇਡਾ ਸਾਲਾਂ ਬੱਧੀ ਭਰੋਸੇਯੋਗ ਤੇ ਨਿਰਭਰ ਕਰ ਸਕਣ ਵਾਲਾ ਭਾਈਵਾਲ ਬਣਿਆ ਰਹਿ ਸਕੇਗਾ। ਇਸ ਕਰਾਰ ਨੂੰ ਅਮਰੀਕੀ ਕਾਂਗਰਸ ਦੀ ਮਨਜ਼ੂਰੀ ਮਿਲਣੀ ਵੀ ਜ਼ਰੂਰੀ ਹੈ। ਇਸੇ ਦੌਰਾਨ ਬੋਇੰਗ ਦੇ ਬੁਲਾਰੇ ਬੈਕੀ ਯੀਮਨਜ਼ ਨੇ ਆਖਿਆ ਕਿ ਉਨ੍ਹਾਂ ਦੀ ਕੰਪਨੀ, ਜਿਨ੍ਹਾਂ ਦੀ ਐਰੋਸਪੇਸ ਡਵੀਜ਼ਨ ਸੇਂਟ ਲੁਈਸ ਵਿੱਚ ਸਥਿਤ ਹੈ, ਰਸਮੀ ਪ੍ਰਸਤਾਵ ਲਈ ਸਰਕਾਰ ਦੀ ਬੇਨਤੀ ਉੱਤੇ ਕੰਮ ਕਰਨ ਲਈ ਤਿਆਰ ਹੈ।
ਯੀਮਨਜ਼ ਨੇ ਆਖਿਆ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਸੁਪਰ ਹੌਰਨੈੱਟ ਕੈਨੇਡਾ ਲਈ ਬਿਲਕੁਲ ਢੁਕਵੇਂ ਰਹਿਣਗੇ ਕਿਉਂਕਿ ਇਨ੍ਹਾਂ ਦੀ ਮੇਨਟੇਨੈਂਸ ਦਾ ਖਰਚਾ ਘੱਟ ਤੇ ਐਡਵਾਂਸ ਸਮਰੱਥਾ ਹੈ ਤੇ ਇਹ ਕੈਨੇਡੀਅਨ ਇੰਡਸਟਰੀ ਲਈ ਆਰਥਿਕ ਪੱਖੋਂ ਫਾਇਦੇਮੰਦ ਹੋਣਗੇ। ਸਰਕਾਰ ਨੇ ਨਵੰਬਰ ਵਿੱਚ ਹੀ ਕੈਨੇਡਾ ਦੇ ਉਮਰ ਵਿਹਾਅ ਚੁੱਕੇ ਸੀਐਫ 18 ਲੜਾਕੂ ਜਹਾਜ਼ਾਂ ਨੂੰ ਨਵੇਂ ਹੌਰਨੈੱਟ ਜਹਾਜ਼ਾਂ ਨਾਲ ਬਦਲਣ ਦੀ ਯੋਜਨਾ ਬਾਰੇ ਦੱਸ ਦਿੱਤਾ ਸੀ।