ਸੁਪਰੀਮ ਕੋਰਟ ਨੇ ਪੁੱਛਿਆ: ਜਿਹੜਾ ਖੁਦ ਚੋਣ ਨਹੀਂ ਲੜ ਸਕਦਾ, ਪਾਰਟੀ ਕਿਵੇਂ ਬਣਾ ਸਕਦੈ


ਨਵੀਂ ਦਿੱਲੀ, 13 ਫਰਵਰੀ (ਪੋਸਟ ਬਿਊਰੋ)- ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਅੱਗੇ ਕੱਲ੍ਹ ਸਵਾਲ ਖੜਾ ਕਰ ਦਿੱਤਾ ਕਿ ਜਿਹੜਾ ਵਿਅਕਤੀ ਖੁਦ ਚੋਣ ਨਹੀਂ ਲੜ ਸਕਦਾ, ਉਹ ਕੋਈ ਰਾਜਸੀ ਪਾਰਟੀ ਕਿਵੇਂ ਬਣਾ ਸਕਦਾ ਹੈ ਅਤੇ ਚੋਣ ਲੜਨ ਲਈ ਪਾਰਟੀ ਉਮੀਦਵਾਰਾਂ ਦੀ ਚੋਣ ਕਿਵੇਂ ਕਰ ਸਕਦਾ ਹੈ?
ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੀ ਬੈਂਚ ਨੇ ਇਹ ਸਵਾਲ ਓਦੋਂ ਪੁੱਛਿਆ, ਜਦੋਂ ਕੇਂਦਰ ਸਰਕਾਰ ਨੇ ਕਿਹਾ ਕਿ ਦੋਸ਼ੀ ਪਾਏ ਜਾਣ ਵਾਲਾ ਕੋਈ ਵਿਅਕਤੀ ਭਾਵੇਂ ਚੋਣ ਨਹੀਂ ਲੜ ਸਕਦਾ, ਪਰ ਉਹ ਪਾਰਟੀ ਬਣਾ ਸਕਦਾ ਹੈ। ਕੋਰਟ ਨੇ ਕਿਹਾ ਕਿ ਜਿਹੜਾ ਵਿਅਕਤੀ ਖੁਦ ਚੋਣ ਨਹੀਂ ਲੜ ਸਕਦਾ, ਉਹ ਦੂਸਰੇ ਨੂੰ ਉਮੀਦਵਾਰ ਦੇ ਤੌਰ ‘ਤੇ ਕਿਵੇਂ ਖੜਾ ਕਰ ਸਕਦਾ ਹੈ। ਵਰਨਣ ਯੋਗ ਹੈ ਕਿ ਸੁਪਰੀਮ ਕੋਰਟ ਨੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਅਸ਼ਵਨੀ ਉਪਾਧਿਆਏ ਦੀ ਪਟੀਸ਼ਨ ਦੀ ਸੁਣਵਾਈ ਦੇ ਦੌਰਾਨ ਕੇਂਦਰ ਸਰਕਾਰ ਨੂੰ ਇਸ ਬਾਰੇ ਦੋ ਹਫਤਿਆਂ ਵਿੱਚ ਜਵਾਬ ਦਾਖਲ ਕਰਨ ਦਾ ਹੁਕਮ ਦਿੱਤਾ ਹੈ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਜਿਹੜੇ ਨੇਤਾ ਦੋਸ਼ੀ ਠਹਿਰਾਏ ਗਏ ਹਨ, ਉਨ੍ਹਾਂ ਨੂੰ ਪਾਰਟੀ ਬਣਾਉਣ ਤੋਂ ਰੋਕਣ ਦਾ ਕੋਈ ਕਾਨੂੰਨ ਨਹੀਂ ਹੈ। ਸਰਕਾਰ ਨੇ ਕਿਹਾ ਕਿ ਅਪਰਾਧ ਸਾਬਤ ਹੋਣ ਦੇ ਬਾਅਦ ਨੇਤਾ ਚੋਣ ਨਹੀਂ ਲੜ ਸਕਦੇ। ਕੇਂਦਰ ਸਰਕਾਰ ਦਾ ਜਵਾਬ ਸੁਣਨ ਪਿੱਛੋਂ ਜਸਟਿਸ ਮਿਸ਼ਰਾ ਨੇ ਕਿਹਾ ਕਿ ਇਹ ਅਜੀਬ ਸਥਿਤੀ ਹੈ ਕਿ ਕੋਈ ਵਿਅਕਤੀ ਖੁਦ ਚੋਣ ਮੈਦਾਨ ਵਿੱਚ ਨਹੀਂ ਆ ਸਕਦਾ, ਪਰ ਉਹ ਚੋਣ ਲੜਨ ਲਈ ਉਮੀਦਵਾਰਾਂ ਦੀ ਚੋਣ ਕਰ ਸਕਦਾ ਹੈ।