ਸੁਪਰੀਮ ਕੋਰਟ ਨੇ ਖਿਝ ਕੇ ਕਿਹਾ: ਤਾਜ ਮਹਲ ਬੰਦ ਕਰ ਦਿਓ, ਤੋੜ ਦਿਓ ਜਾਂ ਮੁਰੰਮਤ ਕਰੋ


ਨਵੀਂ ਦਿੱਲੀ, 11 ਜੁਲਾਈ (ਪੋਸਟ ਬਿਊਰੋ)- ਤਾਜ ਮਹਲ ਦੀ ਸੁਰੱਖਿਆ ਲਈ ਚੁੱਕੇ ਕਦਮਾਂ ਬਾਰੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਨੂੰ ਬੁੱਧਵਾਰ ਫਟਕਾਰ ਲਾ ਕੇ ਸੁਪਰੀਮ ਕੋਰਟ ਨੇ ਕਿਹਾ ਕਿ ਮੁਗਲ ਕਾਲ ਦੀ ਇਸ ਇਤਿਹਾਸਿਕ ਇਮਾਰਤ ਦੀ ਸੁਰੱਖਿਆ ਬਾਰੇ ਕੋਈ ਉਮੀਦ ਨਜ਼ਰ ਨਹੀਂ ਆ ਰਹੀ।
ਵਰਨਣ ਯੋਗ ਹੈ ਕਿ ਸੁਪਰੀਮ ਕੋਰਟ ਨੇ ਇਸ ਗੱਲ ਉੱਤੇ ਨਾਰਾਜ਼ਗੀ ਜਤਾਈ ਕਿ ਉੱਤਰ ਪ੍ਰਦੇਸ਼ ਸਰਕਾਰ ਤਾਜ ਮਹਲ ਦੀ ਸੁਰੱਖਿਆ ਤੇ ਉਸ ਦੀ ਸਾਂਭ-ਸੰਭਾਲ ਬਾਰੇ ਵਿਸਥਾਰ ਪੱਤਰ ਲਿਆਉਣ ਤੋਂ ਅਸਫਲ ਰਹੀ ਹੈ। ਨਾਲ ਕੇਂਦਰ ਨੂੰ ਸੁਪਰੀਮ ਕੋਰਟ ਨੇ ਨਿਰਦੇਸ਼ ਦਿੱਤਾ ਕਿ ਇਸ ਮਹੱਤਵ ਪੂਰਨ ਯਾਦਗਾਰ ਦੀ ਸੰਭਾਲ ਬਾਰੇ ਕੀ ਕਦਮ ਚੁੱਕੇ ਗਏ ਤੇ ਕਿਸ ਤਰ੍ਹਾਂ ਦੀ ਕਾਰਵਾਈ ਦੀ ਜ਼ਰੂਰਤ ਹੈ, ਇਸ ਬਾਰੇ ਉਹ ਵੇਰਵਾ ਪੇਸ਼ ਕਰੇ।
ਮਿਲੀ ਜਾਣਕਾਰੀ ਮੁਤਾਬਕ ਤਾਜ ਮਹਲ ਨੂੰ ਕਿਸ ਤਰ੍ਹਾਂ ਬਚਾਇਆ ਜਾਵੇ, ਇਸ ਉੱਤੇ ਵਾਤਾਵਰਣ ਅਤੇ ਜੰਗਲਾਤ ਮੰਤਰਾਲੇ ਦੇ ਜਵਾਬ ਉੱਤੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਕੋਰਟ ਨੇ ਕਿਹਾ ਕਿ ਇਸ ਨੂੰ ਬੰਦ ਕਰ ਦਿਓ ਜਾਂ ਤੋੜ ਦਿਓ। ਨਹੀਂ ਤਾਂ ਇਸ ਦੀ ਮੁਰੰਮਤ ਕਰਨੀ ਹੋਵੇਗੀ। ਜਸਟਿਸ ਐੱਮ ਬੀ ਲੋਕੁਰ ਅਤੇ ਜਸਟਿਸ ਦੀਪਕ ਗੁਪਤਾ ਦੀ ਬੈਂਚ ਨੇ ਕਿਹਾ ਕਿ ਤਾਜ ਮਹਲ ਦੀ ਸੰਭਾਲ ਦੇ ਬਾਰੇ ਪਾਰਲੀਮੈਂਟ ਦੀ ਸਥਾਈ ਕਮੇਟੀ ਦੀ ਰਿਪੋਰਟ ਦੇ ਬਾਵਜੂਦ ਸਰਕਾਰ ਨੇ ਠੋਸ ਕਦਮ ਨਹੀਂ ਚੁੱਕੇ। ਕੇਂਦਰ ਨੇ ਅਦਾਲਤ ਨੂੰ ਦੱਸਿਆ ਕਿ ਆਈ ਆਈ ਟੀ ਕਾਨਪੁਰ ਵੱਲੋਂ ਤਾਜ ਮਹਲ ਤੇ ਉਸ ਦੇ ਆਲੇ-ਦੁਆਲੇ ਹਵਾ ਪ੍ਰਦੂਸ਼ਣ ਦੇ ਪੱਧਰ ਦੇ ਅੰਦਾਜ਼ੇ ਲਾਏ ਜਾ ਰਹੇ ਹਨ ਅਤੇ ਚਾਰ ਮਹੀਨਿਆਂ ਵਿੱਚ ਆਪਣੀ ਰਿਪੋਰਟ ਦੇਵੇਗਾ।