ਸੁਪਰੀਮ ਕੋਰਟ ਨੇ ਕਿਹਾ: ਉਮਰ ਛੋਟੀ ਹੈ ਤਾਂ ਪ੍ਰੇਮੀ ਜੋੜੇ ਵਿਆਹ ਦੀ ਬਜਾਏ ਓਨੀ ਦੇਰ ਥਾਂ ਲਿਵ ਇਨ ਰਿਲੇਸ਼ਨਸਿ਼ਪ ਰਹੀ ਜਾਣ


ਨਵੀਂ ਦਿੱਲੀ, 6 ਮਈ (ਪੋਸਟ ਬਿਊਰੋ)- ਸੁਪਰੀਮ ਕੋਰਟ ਨੇ ਆਪਣੇ ਇੱਕ ਫੈਸਲੇ ਰਾਹੀਂ ਲਿਵ ਇਨ ਰਿਲੇਸ਼ਨਸ਼ਿਪ ਨੂੰ ਜਾਇਜ਼ ਕਰਾਰ ਦੇਂਦੇ ਹੋਏ ਕਿਹਾ ਹੈ ਕਿ ਵਿਆਹ ਤੋਂ ਬਾਅਦ ਲਾੜਾ ਅਤੇ ਲਾੜੀ ਦੋਵਾਂ ਵਿਚੋਂ ਕਿਸੇ ਦੀ ਉਮਰ ਵਿਆਹ ਯੋਗ ਨਹੀਂ ਹੈ ਤਾਂ ਉਹ ਉਮਰ ਯੋਗ ਹੋਣ ਤੱਕ ਲਿਵ ਇਨ ਰਿਲੇਸ਼ਨਸ਼ਿਪ ਵਿਚ ਇਕੱਠੇ ਰਹਿ ਸਕਦੇ ਹਨ, ਇਸ ਨਾਲ ਉਨ੍ਹਾਂ ਦੇ ਵਿਆਹ ਉੱਤੇ ਕਾਨੂੰਨੀ ਪੱਖ ਤੋਂ ਕੋਈ ਅਸਰ ਨਹੀਂ ਪਵੇਗਾ।
ਮਿਲੀ ਜਾਣਕਾਰੀ ਅਨੁਸਾਰ ਸੁਪਰੀਮ ਕੋਰਟ ਨੇ ਕਿਹਾ ਕਿ ਜੇ ਕਿਸੇ ਨੌਜਵਾਨ ਦੀ ਉਮਰ ਵਿਆਹ ਯੋਗ ਮਤਲਬ 21 ਸਾਲ ਦੀ ਨਹੀਂ ਹੋਈ ਤੇ ਉਸ ਦਾ ਵਿਆਹ ਕਰ ਦਿੱਤਾ ਗਿਆ ਹੈ ਤਾਂ ਉਹ ਆਪਣੀ ਪਤਨੀ ਨਾਲ ਲਿਵ ਇਨ ਰਿਲੇਸ਼ਨਸ਼ਿਪ ਵਿਚ ਰਹਿ ਸਕਦਾ ਹੈ। ਇੀ ਨਹੀਂ ਇਹ ਲੜਕੇ-ਲੜਕੀ ਉੱਤੇ ਨਿਰਭਰ ਕਰੇਗਾ ਕਿ ਜਦੋਂ ਉਨ੍ਹਾਂ ਦੀ ਉਮਰ ਵਿਆਹ ਯੋਗ ਹੋ ਜਾਏ ਤਾਂ ਫਿਰ ਉਹ ਦੁਬਾਰਾ ਵਿਆਹ ਕਰਨਾ ਚਾਹੁੰਦੇ ਹਨ ਜਾਂ ਇਸੇ ਤਰ੍ਹਾਂ ਰਿਸ਼ਤੇ ਨਿਭਾਉਣਾ ਚਾਹੁੰਦੇ ਹਨ। ਸੁਪਰੀਮ ਕੋਰਟ ਨੇ ਕਿਹਾ ਕਿ ਪਤੀ ਜਾਂ ਪਤਨੀ ਦੀ ਚੋਣ ਦਾ ਹੱਕ ਲੜਕੇ-ਲੜਕੀ ਤੋਂ ਕੋਈ ਨਹੀਂ ਖੋਹ ਸਕਦਾ, ਭਾਵੇਂ ਉਹ ਅਦਾਲਤ ਹੋਵੇ ਜਾਂ ਕੋਈ ਸੰਸਥਾ ਜਾਂ ਸੰਗਠਨ ਹੀ ਹੋਵੇ। ਘਰੇਲੂ ਹਿੰਸਾ ਐਕਟ 2005 ਦਾ ਜ਼ਿਕਰ ਕਰਦੇ ਹੋਏ ਕੋਰਟ ਨੇ ਕਿਹਾ ਕਿ ਅਦਾਲਤ ਦਾ ਕੰਮ ਹੈ ਕਿ ਉਹ ਨਿਰਪੱਖ ਫੈਸਲਾ ਲਏ, ਮਾਂ ਵਾਂਗ ਭਾਵਨਾਵਾਂ ਵਿਚ ਨਾ ਵਹੇ ਅਤੇ ਨਾ ਪਿਤਾ ਦੀ ਤਰ੍ਹਾਂ ਹੰਕਾਰੀ ਬਣੇ।
ਅਸਲ ਵਿੱਚ ਅਪ੍ਰੈਲ 2017 ਨੂੰ ਕੇਰਲਾ ਦੀ ਇਕ 19 ਸਾਲਾ ਲੜਕੀ ਨੇ 20 ਸਾਲ ਦੇ ਲੜਕੇ ਨਾਲ ਵਿਆਹ ਕਰਵਾ ਲਿਆ ਸੀ। ਵਿਆਹ ਯੋਗ ਹੋਣ ਲਈ ਲੜਕੇ ਦੀ ਉਮਰ ਇਕ ਸਾਲ ਘੱਟ ਸੀ ਅਤੇ ਲੜਕੀ ਦੇ ਪਿਤਾ ਨੇ ਲਾੜੇ ਉੱਤੇ ਅਗਵਾ ਕਰਨ ਦਾ ਕੇਸ ਦਰਜ ਕਰਵਾ ਦਿੱਤਾ ਸੀ। ਕੇਸ ਕੇਰਲ ਹਾਈ ਕੋਰਟ ਗਿਆ ਤਾਂ ਅਦਾਲਤ ਨੇ ਵਿਆਹ ਨੂੰ ਰੱਦ ਕਰਦੇ ਹੋਏ ਲੜਕੀ ਨੂੰ ਵਾਪਸ ਪਿਤਾ ਕੋਲ ਭੇਜ ਦਿੱਤਾ। ਲਾੜੇ ਪੱਖ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਤਾਂ ਪਟੀਸ਼ਨ ਉੱਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਲਿਵ ਇਨ ਰਿਲੇਸ਼ਨਸਿ਼ਪ ਉੱਤੇ ਅਹਿਮ ਫੈਸਲਾ ਸੁਣਾਇਆ ਅਤੇ ਹਾਈ ਕੋਰਟ ਦਾ ਫੈਸਲਾ ਰੱਦ ਕਰ ਦਿੱਤਾ। ਸੁਪਰੀਮ ਕੋਰਟ ਨੇ ਕਿਹਾ ਕਿ ਦੋਵਾਂ ਦਾ ਵਿਆਹ ਹਿੰਦੂ ਧਰਮ ਅਨੁਸਾਰ ਹੋਇਆ ਹੈ, ਇਸ ਲਈ ਇਸ ਨੂੰ ਰੱਦ ਨਹੀਂ ਕੀਤਾ ਜਾ ਸਕਦਾ, ਅਜਿਹੇ ਵਿੱਚ ਲਿਵ ਇਨ ਹੀ ਇਸ ਦਾ ਬਦਲ ਹੈ।