ਸੁਪਰੀਮ ਕੋਰਟ ਦੇ ਹੁਕਮਾਂ ਪਿੱਛੋਂ ਸ਼ਸ਼ੀ ਕਲਾ ਵੱਲੋਂ ਆਤਮ ਸਮੱਰਪਣ

shashi* ਇੱਕ ਵਾਰ ਫਿਰ ਬੰਗਲੌਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ
ਬੰਗਲੌਰ/ਚੇਨੱਈ, 15 ਫਰਵਰੀ, (ਪੋਸਟ ਬਿਊਰੋ)- ਅੰਨਾ ਡੀ ਐਮ ਕੇ ਪਾਰਟੀ ਦੀ ਮੁਖੀ ਵੀ ਕੇ ਸ਼ਸ਼ੀ ਕਲਾ ਨੂੰ ਅੱਜ ਆਤਮ ਸਮੱਰਪਣ ਕਰਨ ਪਿੱਛੋਂ ਕਰਨਾਟਕ ਦੀ ਇੱਕ ਅਦਾਲਤ ਨੇ ਬੰਗਲੌਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਹੈ। ਵਰਨਣ ਯੋਗ ਹੈ ਕਿ ਬੇਹਿਸਾਬੀ ਜਾਇਦਾਦ ਦੇ ਕੇਸ ਵਿੱਚ ਇੱਕ ਦਿਨ ਪਹਿਲਾਂ ਸੁਪਰੀਮ ਕੋਰਟ ਨੇ ਸ਼ਸ਼ੀ ਕਲਾ ਦੀ ਸਜ਼ਾ ਨੂੰ ਬਹਾਲ ਕਰਦੇ ਹੋਏ ਉਸ ਨੂੰ ਹੇਠਲੀ ਅਦਾਲਤ ਵੱਲੋਂ ਸੁਣਾਈ ਗਈ ਚਾਰ ਸਾਲ ਕੈਦ ਦੀ ਸਜ਼ਾ ਵਿੱਚੋਂ ਬਾਕੀ ਬਚਦਾ ਸਮਾਂ ਜੇਲ੍ਹ ਵਿੱਚ ਭੁਗਤਣ ਲਈ ਕਿਹਾ ਸੀ। ਇਸ ਤੋਂ ਪਹਿਲਾਂ ਅੱਜ ਸ਼ਸ਼ੀ ਕਲਾ ਨੇ ਆਤਮ ਸਮੱਰਪਣ ਕਰਨ ਲਈ ਕੁਝ ਹੋਰ ਵਕਤ ਦੇਣ ਦੀ ਮੰਗ ਕਰਦੀ ਇੱਕ ਨਵੀਂ ਅਰਜ਼ੀ ਵੀ ਪੇਸ਼ ਕਰ ਦਿੱਤੀ ਸੀ, ਜਿਸ ਬਾਰੇ ਵਿਚਾਰ ਕਰਨ ਤੋਂ ਸੁਪਰੀਮ ਕੋਰਟ ਨੇ ਨਾਂਹ ਕਰ ਦਿੱਤੀ ਸੀ।
ਸ਼ਸ਼ੀ ਕਲਾ (60) ਤਾਮਿਲ ਨਾਡੂ ਦੀ ਰਾਜਧਾਨੀ ਚੇਨੱਈ ਤੋਂ ਸੜਕ ਦੇ ਰਸਤੇ ਸਿੱਧੀ ਗੁਆਂਢੀ ਰਾਜ ਕਰਨਾਟਕ ਦੀ ਪਰਾਪੰਨਾ ਅਗਰਹਾਰਾ ਵਾਲੀ ਕੇਂਦਰੀ ਜੇਲ੍ਹ ਵਿੱਚ ਲਾਈ ਗਈ ਵਿਸ਼ੇਸ਼ ਅਦਾਲਤ ਅੱਗੇ ਜਾ ਕੇ ਪੇਸ਼ ਹੋਈ। ਉਸ ਨੇ ਜੱਜ ਅਸ਼ਵਥਨਰਾਇਣਾ ਕੋਲ ਵੀ ਆਤਮ ਸਮਰਪਣ ਕਰਨ ਲਈ ਦੋ ਹਫ਼ਤੇ ਦਾ ਸਮਾਂ ਤੇ ਘਰੋਂ ਖਾਣਾ ਮੰਗਵਾਉਣ ਦੀ ਆਗਿਆ ਦੇਣ ਦੇ ਲਈ ਮੰਗ ਰੱਖੀ, ਪਰ ਜੱਜ ਨੇ ਇਸ ਨੂੰ ਰੱਦ ਕਰ ਦਿੱਤਾ। ਤਾਮਿਲ ਨਾਡੂ ਦੀ ਮਰਹੂਮ ਮੁੱਖ ਮੰਤਰੀ ਜੇ. ਜੈਲਿਲਤਾ ਦੀ ਪੱਕੀ ਸਹੇਲੀ ਰਹਿ ਚੁੱਕੀ ਸ਼ਸ਼ੀ ਕਲਾ ਨਾਲ ਉਸ ਦੇ ਰਿਸ਼ਤੇਦਾਰਾਂ ਵੀ ਐਨ ਸੁਧਾਕਰਨ ਅਤੇ ਜੇ. ਇਲਾਵਾਰਸੀ ਨੇ ਵੀ ਅੱਜ ਆਤਮ ਸਮਰਪਣ ਕੀਤਾ। ਇਨ੍ਹਾਂ ਨੇ ਪਹਿਲਾਂ ਜੈਲਲਿਤਾ ਨਾਲ ਉਦੋਂ ਤਿੰਨ ਹਫ਼ਤੇ ਜੇਲ੍ਹ ਵਿੱਚ ਕੱਟੇ ਸਨ, ਜਦੋਂ ਸੁਪਰੀਮ ਕੋਰਟ ਨੇ ਇਸ ਕੇਸ ਵਿੱਚ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ।
ਅੱਜ ਚੇਨੱਈ ਤੋਂ ਰਵਾਨਾ ਹੋਣ ਤੋਂ ਪਹਿਲਾਂ ਸ਼ਸ਼ੀ ਕਲਾ ਉਚੇਚੇ ਤੌਰ ਉੱਤੇ ਚੇਨੱਈ ਦੇ ਮੈਰੀਨਾ ਬੀਚ ਪਹੁੰਚੀ ਤੇ ਜੈਲਿਲਤਾ ਦੀ ਸਮਾਧੀ ਉਤੇ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਪਹਿਲਾਂ ਕੁਵਾਤੂਰ ਰਿਜ਼ੌਰਟ ਵਿੱਚ ਆਪਣੀ ਪਾਰਟੀ ਦੇ ਵਿਧਾਇਕਾਂ ਨੂੰ ਸੰਬੋਧਨ ਕਰਦਿਆਂ ਸ਼ਸ਼ੀ ਕਲਾ ਨੇ ਕਿਹਾ, ‘ਸਿਰਫ਼ ਮੈਨੂੰ ਜੇਲ੍ਹ ਵਿੱਚ ਡੱਕਿਆ ਜਾ ਸਕਦਾ ਹੈ, ਪਾਰਟੀ ਲਈ ਮੇਰੀਆਂ ਚਿੰਤਾਵਾਂ ਨੂੰ ਨਹੀਂ। ਮੈਂ ਜਿਥੇ ਵੀ ਹੋਈ, ਪਾਰਟੀ ਦਾ ਭਲਾ ਚਾਹਾਂਗੀ।’
ਬਾਅਦ ਦੀ ਖਬਰ ਹੈ ਕਿ ਅਦਾਲਤੀ ਕੰਪਲੈਕਸ ਨੇੜੇ ਸ਼ਸ਼ੀ ਕਲਾ ਦੇ ਕਾਫ਼ਲੇ ਦੀਆਂ ਚਾਰ ਕਾਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ, ਪਰ ਇਸ ਤਰ੍ਹਾਂ ਦੀ ਹਰਕਤ ਲਈ ਜ਼ਿੰਮੇਵਾਰ ਲੋਕਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ।
ਦੂਸਰੇ ਪਾਸੇ ਅੱਜ ਹੀ ਤਾਮਿਲ ਨਾਡੂ ਦੇ ਕਾਰਜਕਾਰੀ ਮੁੱਖ ਮੰਤਰੀ ਓ. ਪਨੀਰਸੇਲਵਮ ਨਾਲ ਸੱਤਾ ਦੇ ਸੰਘਰਸ਼ ਵਿੱਚ ਉਲਝੇ ਹੋਏ ਸ਼ਸ਼ੀ ਕਲਾ ਦੇ ਧੜੇ ਅੰਦਰ ਬਗ਼ਾਵਤ ਉਦੋਂ ਹੋਰ ਵਧ ਗਈ, ਜਦੋਂ ਸ਼ਸ਼ੀ ਕਲਾ ਵੱਲੋਂ ਅੰਨਾ ਡੀ ਐਮ ਕੇ ਪਾਰਟੀ ਦੀ ਅੰਤਰਿਮ ਜਨਰਲ ਸਕੱਤਰ ਵਜੋਂ ਪਾਰਟੀ ਏ ਇੱਕ ਆਗੂ ਟੀ ਟੀ ਵੀ ਦਿਨਾਕਰਨ ਨੂੰ ਡਿਪਟੀ ਜਨਰਲ ਸਕੱਤਰ ਥਾਪਿਆ ਜਾਣ ਦੇ ਵਿਰੁੱਧ ਪਾਰਟੀ ਦੇ ਜਥੇਬੰਦਕ ਸਕੱਤਰ ਵੀ. ਕਰੂਪਾਸਾਮੀ ਪਾਂਡੀਅਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਦਿਨਾਕਰਨ ਅਸਲ ਵਿੱਚ ਸ਼ਸ਼ੀ ਕਲਾ ਦਾ ਅਪਣਾਇਆ ਹੋਇਆ ਪੁੱਤਰ ਹੈ।
ਇਸ ਦੌਰਾਨ ਅੰਨਾ ਡੀ ਐਮ ਕੇ ਪਾਰਟੀ ਦੇ ਵਿਧਾਇਕਾਂ ਨੂੰ ਇਕ ਰਿਜ਼ੌਰਟ ਵਿੱਚ ਬੰਦੀ ਬਣਾ ਕੇ ਰੱਖਣ ਬਾਰੇ ਮਿਲੀ ਇੱਕ ਸਿ਼ਕਾਇਤ ਦੇ ਸਬੰਧ ਵਿੱਚ ਤਾਮਿਲ ਨਾਡੂ ਪੁਲੀਸ ਨੇ ਅੱਜ ਇਸ ਪਾਰਟੀ ਦੀ ਜਨਰਲ ਸਕੱਤਰ ਵੀ ਕੇ ਸ਼ਸ਼ੀ ਕਲਾ ਅਤੇ ਵਿਧਾਇਕ ਦਲ ਦੇ ਆਗੂ ਏਡਾਪੱਡੀ ਪਲਾਨੀਸਵਾਮੀ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੇ ਵਿਰੋਧੀ ਆਗੂ ਅਤੇ ਕਾਰਜਕਾਰੀ ਮੁੱਖ ਮੰਤਰੀ ਓ. ਪਨੀਰਸੇਲਵਮ ਧੜੇ ਵਿੱਚ ਸ਼ਾਮਲ ਹੋਏ ਵਿਧਾਇਕ ਐਸ ਐਸ ਸਰਵਨਨ ਦੀ ਸ਼ਿਕਾਇਤ ਉੱਤੇ ਦਰਜ ਇਸ ਕੇਸ ਵਿੱਚ ਵੱਖ-ਵੱਖ ਧਾਰਾਵਾਂ ਲਾਈਆਂ ਗਈਆਂ ਹਨ।