ਸੁਨਿਆਰੇ ਨੂੰ ਗੋਲੀ ਮਾਰ ਕੇ 45 ਹਜ਼ਾਰ ਦੀ ਨਕਦੀ ਲੁੱਟ ਲਈ

nagdi lutti

ਤਰਨ ਤਾਰਨ, 11 ਅਗਸਤ (ਪੋਸਟ ਬਿਊਰੋ)- ਅੱਡਾ ਢੰਡ ਵਿਖੇ ਇੱਕ ਸੁਨਿਆਰੇ ਨੂੰ ਦੁਕਾਨ ਵਿੱਚ ਦਿਨ ਦਿਹਾੜੇ ਚਾਰ ਪਿਸਤੌਲਧਾਰੀ ਨੌਜਵਾਨਾਂ ਨੇ ਗੋਲੀ ਮਾਰ ਕੇ ਉਸ ਕੋਲੋਂ 45 ਹਜ਼ਾਰ ਨਕਦ ਲੁੱਟ ਕੇ ਫਰਾਰ ਹੋ ਗਏ।
ਮਿਲੀ ਜਾਣਕਾਰੀ ਅਨੁਸਾਰ ਥਾਣਾ ਸਰਾਏ ਅਮਾਨਤ ਖਾਂ ਂਦੇ ਅੱਡਾ ਢੰਡ ਵਿਖੇ ਸਿਮਰਨ ਜਿਊਲਰਜ਼ ਦੀ ਦੁਕਾਨ ਉਸ ਦੇ ਮਾਲਕ ਅਮਰਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਨੇ ਆਪਣੇ ਦਾਦੇ ਗੁਰਦੀਪ ਸਿੰਘ ਨਾਲ ਆ ਕੇ ਖੋਲ੍ਹੀ ਤੇ ਉਹ ਦੁਕਾਨ ਵਿੱਚ ਬੈਠਾ ਹੀ ਸੀ ਤਾਂ ਇੰਨੇ ਨੂੰ ਮੋਟਰ ਸਾਈਕਲਾਂ ‘ਤੇ ਆਏ ਚਾਰ ਨੌਜਵਾਨ, ਜਿਨ੍ਹਾਂ ਵਿੱਚੋਂ ਤਿੰਨ ਮੋਨੇ ਤੇ ਇੱਕ ਸਰਦਾਰ ਸੀ ਅਤੇ ਉਨ੍ਹਾਂ ਆਪਣੇ ਚਿਹਰੇ ਢਕੇ ਹੋਏ ਸਨ, ਹੱਥਾਂ ਵਿੱਚ ਪਿਸਤੌਲ ਲੈ ਕੇ ਅੰਦਰ ਆਏ ਤੇ ਅਮਰਜੀਤ ਸਿੰਘ ਨੂੰ ਸਾਰੇ ਪੈਸੇ ਤੇ ਸੋਨਾ ਦੇਣ ਲਈ ਕਿਹਾ। ਅਮਰਜੀਤ ਸਿੰਘ ਵੱਲੋਂ ਵਿਰੋਧ ਕਰਨ ‘ਤੇ ਲੁਟੇਰਿਆਂ ਨੇ ਅਮਰਜੀਤ ਸਿੰਘ ‘ਤੇ ਗੋਲੀ ਚਲਾਈ, ਜੋ ਅਮਰਜੀਤ ਸਿੰਘ ਦੇ ਪੱਟ ਵਿੱਚ ਲੱਗੀ। ਇੰਨੇ ਨੂੰ ਲੁਟੇਰੇ ਬੈਗ ਵਿੱਚ 45 ਹਜ਼ਾਰ ਦੀ ਨਕਦੀ ਪਾ ਕੇ ਫਰਾਰ ਹੋ ਗਏ। ਘਟਨਾ ਦਾ ਪਤਾ ਲੱਗਦਿਆਂ ਸਾਰ ਡੀ ਐੱਸ ਪੀ ਪਿਆਰਾ ਸਿੰਘ, ਥਾਣਾ ਝਬਾਲ ਮੁਖੀ ਹਰਚੰਦ ਸਿੰਘ, ਥਾਣਾ ਸਰਾਏ ਅਮਾਨਤ ਖਾਂ ਦਾ ਮੁਖੀ ਇੰਸਪੈਕਟਰ ਕਿਰਪਾਲ ਸਿੰਘ ਮੌਕੇ ‘ਤੇ ਪਹੁੰਚੇ ਅਤੇ ਸੀ ਸੀ ਟੀ ਵੀ ਕੈਮਰਿਆਂ ਦੀ ਮਦਦ ਨਾਲ ਜਾਂਚ ਸ਼ੁਰੂ ਕਰ ਦਿੱਤੀ। ਜਦ ਕਿ ਗੋਲੀ ਨਾਲ ਜ਼ਖਮੀ ਅਮਰਜੀਤ ਸਿੰਘ ਨੂੰ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ।