ਸੁਨਹਿਰੀ ਪਰਦੇ ਉੱਤੇ ਪਰਤ ਆਈ ਜੂਹੀ ਬੱਬਰ


ਲੰਬੇ ਸਮੇਂ ਤੋਂ ਬਾਅਦ ਰਾਜ ਬੱਬਰ ਦੀ ਬੇਟੀ ਜੂਹੀ ਬੱਬਰ ਫਿਲਮ ‘ਅੱਯਾਰੀ’ ਵਿੱਚ ਦਿਖਾਈ ਦਿੱਤੀ। ਫਿਲਮ ਵਿੱਚ ਉਸ ਨੇ ਆਰਮੀ ਅਫਸਰ ਬਣੇ ਮਨੋਜ ਵਾਜਪਾਈ ਦੀ ਪਤਨੀ ਦਾ ਕਿਰਦਾਰ ਨਿਭਾਇਆ ਹੈ। ਜੂਹੀ ਨੇ ਸਾਲ 2003 ਵਿੱਚ ਬਾਲੀਵੁੱਡ ਵਿੱਚ ਐਂਟਰੀ ਕੀਤੀ ਅਤੇ ਉਸ ਦੀ ਪਹਿਲੀ ਫਿਲਮ ‘ਕਾਸ਼ ਆਪ ਹਮਾਰੇ ਹੋਤੇ’ ਸੀ। ਇਸ ਫਿਲਮ ਤੋਂ ਬਾਅਦ ਜੂਹੀ ਨੇ ਕਈ ਹੋਰ ਫਿਲਮਾਂ ਕੀਤੀਆਂ, ਪਰ ਕੋਈ ਫਿਲਮ ਉਸ ਨੂੰ ਲੋਕਪ੍ਰਿਅਤਾ ਨਹੀਂ ਦਿਵਾ ਸਕੀ। ਫਿਰ ਉਸ ਨੇ ਥੀਏਟਰ ਵੱਲ ਆਪਣੀ ਮਾਂ ਨਾਦਿਰਾ ਬੱਬਰ ਦੇ ਨਾਲ ਰੁਖ਼ ਕਰ ਲਿਆ ਸੀ।
ਜੂਹੀ ਮੰਨਦੀ ਹੈ ਕਿ ਰੰਗਮੰਚ ਬੱਚਿਆਂ ‘ਚ ਬਿਹਤਰ ਪ੍ਰਗਟਾਵਾ ਪੈਦਾ ਕਰਨ ਦਾ ਮਜ਼ਬੂਤ ਜ਼ਰੀਆ ਹੈ। ਜੂਹੀ ਦੀ ਮਾਂ ਚੋਟੀ ਦੀ ਰੰਗਮੰਚ ਅਦਾਕਾਰਾ ਨਾਦਿਰਾ ਜ਼ਹੀਰ ਬੱਬਰ ਨੇ 1981 ਵਿੱਚ ਰੰਗਮੰਚ ਗਰੁੱਪ ‘ਏਕਜੁੱਟ’ ਦੀ ਸਥਾਪਨਾ ਕੀਤੀ ਅਤੇ ਬੱਚਿਆਂ ‘ਚ ਜਾਗਰੂਕਤਾ ਲਿਆਉਣ ਲਈ ਵੰਨ-ਸੁਵੰਨੀਆਂ ਸਰਗਰਮੀਆਂ ਕਰਦੀ ਰਹੀ ਹੈ। ਜੂਹੀ ਨੇ 2008 ਵਿੱਚ ਇਸ ਦਾ ਨਾਂਅ ਬਦਲ ਕੇ ‘ਏਕਜੁੱਟ ਯੰਗ ਟੇਲੈਂਟ ਗਰੁੱਪ’ ਅਤੇ ‘ਏਕਜੁੱਟ ਯੰਗ ਟੇਲੈਂਟ ਵਰਕਸ਼ਾਪ’ ਕਰ ਦਿੱਤਾ। ਹੁਣ ਜੂਹੀ ਨੇ ਮੁੜ ਕੇ ਫਿਲਮਾਂ ਵਿੱਚ ਹੱਥ ਅਜ਼ਮਾਉਣ ਦੀ ਤਿਆਰੀ ਕਰ ਲਈ ਹੈ। ‘ਅੱਯਾਰੀ’ ਨਾਲ ਉਸ ਨੇ ਪੂਰੇ 15 ਸਾਲ ਬਾਅਦ ਸੁਨਹਿਰੀ ਪਰਦੇ ‘ਤੇ ਵਾਪਸੀ ਕੀਤੀ ਹੈ। ਇਹ ਫਿਲਮ ਕਰਨ ਬਾਰੇ ਜਦੋਂ ਉਸ ਤੋਂ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਸ ਕੋਲ ਇਸ ਕਿਰਦਾਰ ਲਈ ਅਚਾਨਕ ਆਫਰ ਆਇਆ ਅਤੇ ਉਹ ਹੈਰਾਨ ਰਹਿ ਗਈ। ਇਸ ਫਿਲਮ ਵਿੱਚ ਉਸ ਦਾ ਕਿਰਦਾਰ ਛੋਟਾ, ਪਰ ਚੰਗਾ ਸੀ, ਇਸ ਲਈ ਉਸ ਨੇ ਇਸ ਨੂੰ ਸਵੀਕਾਰ ਕੀਤਾ। ਇੱਕ ਵਾਰ ਜਦੋਂ ਉਸ ਤੋਂ ਪੁੱਛਿਆ ਗਿਆ ਕਿ ਕੀ ਉਹ ਆਪਣੇ ਪਿਤਾ ਵਾਂਗ ਸਿਆਸਤ ਵਿੱਚ ਆਉਣਾ ਚਾਹੁੰਦੀ ਹੈ ਤਾਂ ਉਸ ਦਾ ਕਹਿਣਾ ਸੀ ਕਿ ਉਹ ਸਿਆਸਤ ਵਿੱਚ ਅਜੇ ਨਹੀਂ ਆਏਗੀ, ਪਰ ਸਿਆਸਤ ‘ਚ ਆਉਣ ਤੋਂ ਉਸ ਨੂੰ ਇਨਕਾਰ ਨਹੀਂ। ਉਸ ਮੁਤਾਬਕ ਸਿਆਸਤ ‘ਚ ਚੰਗੇ ਲੋਕਾਂ ਨੂੰ ਆਉਣਾ ਚਾਹੀਦਾ ਹੈ। ਸਕ੍ਰਿਪਟ ਲੇਖਕ ਬਿਜੋਏ ਨਾਂਬੀਆਰ ਨਾਲ ਤਲਾਕ ਤੋਂ ਬਾਅਦ ਜੂਹੀ ਨੇ ‘ਕ੍ਰਾਈਮ ਪੈਟਰੋਲ’ ਸ਼ੋਅ ਨਾਲ ਲੋਕਪ੍ਰਿਅਤਾ ਹਾਸਲ ਕਰਨ ਵਾਲੇ ਅਨੂਪ ਸੋਨੀ ਨਾਲ ਵਿਆਹ ਕੀਤਾ ਸੀ।