ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਵੱਲੋਂ ਮਨਪ੍ਰੀਤ ਬਾਦਲ ਨੂੰ ਰੈਲੀ ਵਿੱਚ ਰਗੜੇ


* ਕੇਂਦਰੀ ਮੰਤਰੀ ਲਈ ਰੱਖੀ ਗਈ ਰੈਲੀ ਮਨਪ੍ਰੀਤ ਵਿਰੋਧੀ ਹੋ ਨਿੱਬੜੀ
ਬਠਿੰਡਾ, 14 ਮਈ, (ਪੋਸਟ ਬਿਊਰੋ)- ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਕੇਂਦਰੀ ਮੰਤਰੀ ਪਤਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਬਠਿੰਡਾ ਵਿੱਚ ਏਮਜ਼ ਹਸਪਤਾਲ ਦੀ ਉਸਾਰੀ ਵਿੱਚ ਅੜਿੱਕੇ ਪਾਉਣ ਤੇ ਖ਼ਾਲੀ ਖ਼ਜ਼ਾਨੇ ਦੇ ਮੁੱਦੇ ਉੱਤੇ ਆਪਣੇ ਸਿਆਸੀ ਸ਼ਰੀਕ ਮਨਪ੍ਰੀਤ ਸਿੰਘ ਬਾਦਲ ਨੂੰ ਨਿਸ਼ਾਨੇ ਉੱਤੇ ਰੱਖਿਆ।
ਏਥੇ ਕੀਤੀ ਗਈ ਰੈਲੀ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਮਨਪ੍ਰੀਤ ਸਿੰਘ ਬਾਦਲ ਨੂੰ ਉਸ ਵੱਲੋਂ ਲਾਏ ਦੋਸ਼ਾਂ ਦਾ ਜਵਾਬ ਦੇਂਦੇ ਹੋਏ ਕਿਹਾ, ‘ਮਨਪ੍ਰੀਤ ਦੀ ਪੜ੍ਹਾਈ ਦੇ ਲੱਖ ਲਾਹਨਤ ਹੈ, ਜਿਸ ਨੂੰ ਏਨਾ ਨਹੀਂ ਪਤਾ ਕਿ ਕੇਂਦਰ ਨੇ ਪੈਸਾ ਜਾਰੀ ਕਰ ਦਿੱਤਾ ਹੈ ਅਤੇ ਅੱਗੋਂ ਏਮਜ਼ ਉਸਾਰੀ ਦੇ ਐਨ ਓ ਸੀ ਜਾਰੀ ਕਰਾਉਣੇ ਪੰਜਾਬ ਸਰਕਾਰ ਦਾ ਕੰਮ ਹੈ। ਮੈਨੂੰ ਉਹ ਅਨਪੜ੍ਹ ਦੱਸਦਾ ਹੈ ਤੇ ਖ਼ੁਦ ਨੂੰ ਪਤਾ ਨਹੀਂ ਕਿ ਏਦਾਂ ਦੇ ਅੜਿੱਕੇ ਦੂਰ ਕਰਨਾ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੈ।’ ਵਰਨਣ ਯੋਗ ਹੈ ਕਿ ਕੁਝ ਦਿਨ ਪਹਿਲਾਂ ਕੇਂਦਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਸੀ ਕਿ ਹਸਪਤਾਲ ਬਣਾਉਣ ਦੇ ਰਾਹ ਦੇ ਅੜਿੱਕੇ ਪੰਜਾਬ ਸਰਕਾਰ ਦੂਰ ਨਹੀਂ ਕਰ ਰਹੀ। ਜਵਾਬ ਵਿੱਚ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਸੀ ਕਿ ਹਰਸਿਮਰਤ ਕੌਰ ਅਨਪੜ੍ਹਾਂ ਵਾਲੀ ਗੱਲ ਕਰਦੀ ਹੈ, ਪੰਜਾਬ ਸਰਕਾਰ ਏਨੇ ਵੱਡੇ ਲੋਕ ਭਲਾਈ ਪ੍ਰੋਜੈਕਟ ਨੂੰ ਕਿਉਂ ਰੋਕੇਗੀ। ਅੱਜ ਹਰਸਿਮਰਤ ਕੌਰ ਨੇ ਕਿਹਾ ਕਿ ਮਨਪ੍ਰੀਤ ਸਿੰਘ ਖ਼ਜ਼ਾਨਾ ਖ਼ਾਲੀ ਹੋਣ ਦੀ ਰੱਟ ਲਾਈ ਜਾਂਦੇ ਹਨ, ਕੇਂਦਰ ਸਰਕਾਰ ਨੇ ਪਿਛਲੇ ਦਿਨੀਂ ਟੈਕਸਾਂ ਵਿੱਚੋਂ 42 ਫ਼ੀਸਦੀ ਹਿੱਸੇਦਾਰੀ ਦਿੱਤੀ ਹੈ, ਜਿਹੜੀ 600 ਕਰੋੜ ਰੁਪਏ ਬਣਦੀ ਹੈ।
ਇਸੇ ਰੈਲੀ ਵਿੱਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀ ਮਨਪ੍ਰੀਤ ਸਿੰਘ ਬਾਦਲ ਉੱਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਖ਼ਾਲੀ ਖ਼ਜ਼ਾਨੇ ਦਾ ਰਾਗ ਅਲਾਪ ਕੇ ਮਨਪ੍ਰੀਤ ਸਿੰਘ ਜ਼ਿੰਮੇਵਾਰੀ ਤੋਂ ਭੱਜਣਾ ਚਾਹੁੰਦੇ ਹਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਮਰੀਕਾ ਦੇ ਸਿਰ ਸਭ ਤੋਂ ਵੱਧ ਕਰਜ਼ਾ ਹੈ, ਪਰ ਉਹ ਦੁਨੀਆਂ ਵਿੱਚ ਸਭ ਤੋਂ ਸ਼ਕਤੀਸ਼ਾਲੀ ਦੇਸ਼ ਹੈ। ਅੱਜ ਜਨਤਕ ਸਮਾਗਮ ਵਿੱਚ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀਆਂ ਨਾਕਾਮੀਆਂ ਦੀ ਚਰਚਾ ਕੀਤੀ, ਪ੍ਰੰਤੂ ਮੁੱਖ ਮੰਤਰੀ ਅਮਰਿੰਦਰ ਸਿੰਘ ਬਾਰੇ ਬਹੁਤੀ ਕੌੜੀ ਭਾਸ਼ਾ ਨਹੀਂ ਵਰਤੀ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੇ ਹੱਥੀਂ ਲੈਂਦਿਆਂ ਕਿਹਾ ਕਿ ਕਰਜ਼ਾ ਮੁਆਫ਼ੀ ਅਤੇ ਘਰ-ਘਰ ਨੌਕਰੀ ਦਾ ਵਾਅਦਾ ਪੂਰਾ ਕਰ ਕੇ ਕੈਪਟਨ ਅਮਰਿੰਦਰ ਸਿੰਘ ਨੇ ਰਜਿੰਦਰ ਕੌਰ ਭੱਠਲ ਦਾ ਕਰਜ਼ਾ ਮੁਆਫ਼ ਕਰ ਦਿੱਤਾ ਤੇ ਬੇਅੰਤ ਸਿੰਘ ਦੇ ਪੋਤੇ ਨੂੰ ਸਰਕਾਰੀ ਨੌਕਰੀ ਦੇ ਦਿੱਤੀ।
ਵਰਨਣ ਯੋਗ ਹੈ ਕਿ ਇਹ ਰੈਲੀ ਅੱਜ ਏਥੇ ਇੱਕ ਉਦਘਾਟਨ ਦੇ ਸਿਲਸਿਲੇ ਵਿੱਚ ਆ ਰਹੇ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਨਿਤਿਨ ਗਡਕਰੀ ਦੇ ਦੌਰੇ ਨਾਲ ਜੋੜ ਕੇ ਰੱਖੀ ਗਈ ਸੀ, ਪਰ ਉਨ੍ਹਾਂ ਦਾ ਦੌਰਾ ਰੱਦ ਹੋ ਜਾਣ ਪਿੱਛੋਂ ਅਕਾਲੀ ਆਗੂਆਂ ਨੇ ਇਹ ਰੈਲੀ ਆਪਣੇ ਸਿਆਸੀ ਸ਼ਰੀਕ ਨੂੰ ਰਗੜੇ ਲਾਉਣ ਲਈ ਵਰਤ ਲਈ ਸੀ।