ਸੁਖਪਾਲ ਖਹਿਰਾ ਨੇ ਕਿਹਾ: ਮੰਤਰੀ ਚੰਨੀ ਦਾ ਭਾਣਜਾ ਹੈ ਰੇਤ ਖੁਦਾਈ ਠੇਕੇਦਾਰ ਦਾ ਭਾਈਵਾਲ

ਫੋਟੋ ਵਿਚ ਚੰਨੀ ਦੇ ਨਾਲ ਠੇਕੇਦਾਰ ਕੁਦਰਤਦੀਪ ਸਿੰਘ, ਚੰਨੀ ਦਾ ਭਾਣਜਾ ਭੁਪਿੰਦਰ ਸਿੰਘ ਉਰਫ ਹਨੀ ਨਜ਼ਰ ਆ ਰਹੇ ਹਨ।

ਚੰਡੀਗੜ੍ਹ, 13 ਮਾਰਚ (ਪੋਸਟ ਬਿਊਰੋ)- ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਉੱਤੇ ਆਪਣੇ ਭਾਣਜੇ ਦੇ ਰਾਹੀਂ ਰੇਤ ਦੀ ਨਾਜਾਇਜ਼ ਮਾਈਨਿੰਗ ਕਰਾਉਣ ਦੇ ਸੰਗੀਨ ਦੋਸ਼ ਲਾਏ ਹਨ। ਇੱਕ ਤਸਵੀਰ ਜਾਰੀ ਕਰ ਕੇ ਖਹਿਰਾ ਨੇ ਕਿਹਾ ਕਿ ਚੰਨੀ ਦੀ ਭੂਮਿਕਾ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਕਲੀਨ ਚਿਟ ਮਿਲਣ ਤੱਕ ਉਨ੍ਹਾਂ ਨੂੰ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਇਸ ਸੰਬੰਧ ਵਿੱਚ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਨਵਾਂ ਸ਼ਹਿਰ ਜਿ਼ਲੇ ਵਿੱਚ ਮਲਿਕਪੁਰ ਖਦਾਨ ਲੁਧਿਆਣਾ ਦੇ ਕੁਦਰਤਦੀਪ ਸਿੰਘ ਨੂੰ ਮਿਲੀ ਸੀ, ਜਿਹੜਾ ਚੰਨੀ ਦਾ ਭਾਣਜੇ ਭੁਪਿੰਦਰ ਸਿੰਘ ਉਰਫ ਹਨੀ ਦੇ ਬਿਜ਼ਨਸ ਭਾਈਵਾਲ ਅਤੇ ਕਰੀਬੀ ਸਹਿਯੋਗੀ ਹੈ। ਖਹਿਰਾ ਨੇ ਦੋਸ਼ ਲਾਇਆ ਕਿ ਜਿਵੇਂ ਰਾਣਾ ਗੁਰਜੀਤ ਸਿੰਘ ਨੇ ਆਪਣੇ ਰਸੋਈਏ ਅਮਿਤ ਬਹਾਦੁਰ ਦੇ ਰਾਹੀਂ ਆਪਣਾ ਪੈਸਾ ਰੇਤ ਮਾਈਨਿੰਗ ਵਿੱਚ ਲਾਇਆ, ਉਸੇ ਤਰ੍ਹਾਂ ਚੰਨੀ ਨੇ ਹਨੀ ਦੇ ਰਾਹੀਂ ਪੈਸਾ ਲਾਇਆ ਹੈ। ਹਨੀ ਨੇ ਰੇਤ ਮਾਈਨਿੰਗ ਦਾ ਇਹ ਠੇਕਾ ਲੈਣ ਲਈ ਪੰਜਾਬ ਰਿਟੇਲਰਜ਼ ਨਾਂਅ ਦੀ ਕੰਪਨੀ ਬਣਾਈ ਹੈ, ਕਿਉਂਕਿ ਕੁਦਰਤਦੀਪ ਸਿੰਘ ਛੋਟਾ-ਮੋਟਾ ਕੰਸਟਰਕਸ਼ਨ ਦਾ ਕੰਮ ਕਰਦਾ ਹੈ, ਉਸ ਦੇ ਕੋਲ ਇੰਨੀ ਸਮਰੱਥਾ ਨਹੀਂ ਕਿ ਉਹ ਚਾਰ ਕਰੋੜ 15 ਲੱਖ ਰੁਪਏ ਖਰਚ ਕਰ ਕੇ ਖੱਡ ਦੀ ਮਾਈਨਿੰਗ ਦਾ ਠੇਕਾ ਲੈ ਸਕੇ। ਇਸ ਲਈ ਮੁੱਖ ਮੰਤਰੀ ਨੂੰ ਇਸ ਦੀ ਜਾਂਚ ਕਰਾਉਣੀ ਚਾਹੀਦੀ ਹੈ।