ਸੀ ਬੀ ਆਈ ਨੇ ਕੋਰਟ ਨੂੰ ਕਿਹਾ: ਰਾਜੀਵ ਗਾਂਧੀ ਕਤਲ ਕੇਸ ਹੁਣ ਨਹੀਂ ਖੋਲ੍ਹਿਆ ਜਾ ਸਕਦਾ


ਨਵੀਂ ਦਿੱਲੀ, 13 ਮਾਰਚ (ਪੋਸਟ ਬਿਊਰੋ)- ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਦੇ ਦੋਸ਼ੀ ਏ ਜੀ ਪੇਰਾਰਿਵਲਨ ਦੀ ਪਟੀਸ਼ਨ ਉਤੇ ਸੀ ਬੀ ਆਈ ਅਦਾਲਤ ‘ਚ ਦਾਖਲ ਜਵਾਬ ਵਿੱਚ ਕਿਹਾ ਹੈ ਕਿ ਇਸ ਕੇਸ ਨੂੰ ਨਾ ਹੁਣ ਖੋਲ੍ਹਿਆ ਜਾ ਸਕਦਾ ਹੈ ਅਤੇ ਨਾ ਹੀ ਦੋਸ਼ੀ ਦੀ ਸਜ਼ਾ ਰੱਦ ਕੀਤੀ ਜਾ ਸਕਦੀ ਹੈ। ਸੀ ਬੀ ਆਈ ਨੇ ਸੁਪਰੀਮ ਕੋਰਟ ਨੂੰ ਇਹ ਪਟੀਸ਼ਨ ਰੱਦ ਕਰਨ ਦੀ ਮੰਗ ਕੀਤੀ ਹੈ।
ਵਰਨਣ ਯੋਗ ਹੈ ਕਿ ਮਈ 1999 ‘ਚ ਸੁਪਰੀਮ ਕੋਰਟ ਨੇ ਰਾਜੀਵ ਗਾਂਧੀ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਚਾਰੇ ਦੋਸ਼ੀਆਂ ਪੇਰਾਰਿਵਲਨ, ਸਾਨਖਨ, ਮੁਰੂਗਨ ਅਤੇ ਨਲਿਨੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ, ਜਿਸ ਵਿੱਚ ਸਾਲ 2000 ‘ਚ ਤਾਮਿਲ ਨਾਡੂ ਸਰਕਾਰ ਅਤੇ ਯੂ ਪੀ ਏ ਪ੍ਰਧਾਨ ਸੋਨੀਆ ਗਾਂਧੀ ਦੀ ਅਪੀਲ ਉਤੇ ਨਲਿਨੀ ਦੀ ਫਾਂਸੀ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਗਿਆ ਸੀ। ਫਰਵਰੀ 2014 ਵਿੱਚ 11 ਸਾਲ ਤੱਕ ਰਾਸ਼ਟਰਪਤੀ ਕੋਲ ਰਹਿਮ ਦੀ ਅਰਜ਼ੀ ਬਕਾਇਆ ਰਹਿਣ ਦੇ ਆਧਾਰ ਉਤੇ ਪੇਰਾਰਿਵਲਨ ਸਮੇਤ ਬਾਕੀ ਦੋਵਾਂ ਦੀ ਫਾਂਸੀ ਨੂੰ ਉਮਰ ਕੈਦ ‘ਚ ਬਦਲ ਦਿੱਤਾ ਗਿਆ ਸੀ। ਸੀ ਬੀ ਆਈ ਨੇ ਪੇਰਾਰਿਵਲਨ ਦੀ ਪਟੀਸ਼ਨ ‘ਤੇ ਜਵਾਬ ਦਿੰਦਿਆਂ ਕਿਹਾ ਕਿ ਰਾਜੀਵ ਗਾਂਧੀ ਕਤਲ ਕੇਸ ਦੀ ਹਰ ਪੱਧਰ ‘ਤੇ ਜਾਂਚ ਕੀਤੀ ਗਈ ਹੈ। ਪੇਰਾਰਿਵਲਨ ਦੇ ਵਕੀਲ ਨੇ ਕਿਹਾ ਕਿ 9 ਵੋਲਟ ਦੀਆਂ ਦੋ ਬੈਟਰੀਆਂ ਸਪਲਾਈ ਕਰਨ ਦੇ ਦੋਸ਼ ‘ਚ ਉਹ ਪਿਛਲੇ 26 ਸਾਲ ਤੋਂ ਜੇਲ੍ਹ ‘ਚ ਹੈ ਅਤੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ, ਜਦ ਕਿ ਉਹ ਸਾਜ਼ਿਸ਼ ‘ਚ ਸ਼ਾਮਲ ਨਹੀਂ ਸੀ।