ਸੀ.ਪੀ.ਬੀ.ਏ. ਨੇ ਏਸ਼ੀਅਨ ਫੂਡ ਸੈਂਟਰ ਨੂੰ ਦਿੱਤਾ 2017 ਦਾ ‘ਬਿਹਤਰੀਨ ਬਿਜ਼ਨਿਸ’ ਦਾ ਐਵਾਰਡ

ਟਰੰਟੋ, 2 ਜਨਵਰੀ (ਪੋਸਟ ਬਿਊਰੋ): ਬੀਤੇ ਦਿਨੀਂ ਕੈਨੇਡੀਅਨ ਪੰਜਾਬੀ ਬਰੌਡਕਾਸਟਰ ਐਸੋਸੀਏਸ਼ਨ (ਸੀ.ਪੀ.ਬੀ.ਏ.) ਵੱਲੋਂ ਏਸ਼ੀਅਨ ਫੂਡ ਸੈਂਟਰ ਨੂੰ 2017 ਦਾ ‘ਬਿਹਤਰੀਨ ਸਾਊਥ ਏਸ਼ੀਅਨ ਬਿਜ਼ਨਿਸ’ ਅਦਾਰਾ ਐਲਾਨਿਆ ਗਿਆ। ਵੁੱਡਵਾਈਨ ਬੈਂਕੁੰਟ ਜਾਲ ਵਿਖੇ ਹੋਏ ਇਕ ਪ੍ਰਭਾਵਸ਼ਾਲੀ ਪ੍ਰੋਗਰਾਮ ਵਿਚ 40 ਦੇ ਲਗਭਗ ਟਰੰਟੋ ਤੋਂ ਮੀਡੀਆ ਸੰਚਾਲਕਾਂ ਨੇ ਸ਼ਮੂਲੀਅਤ ਕੀਤੀ।
ਏਸ਼ੀਅਨ ਫੂਡ ਸੈਂਟਰ 1995 ਤੋਂ ਸਾਊਥ ਏਸ਼ੀਆ ਭਾਈਚਾਰੇ ਨੂੰ ਗਰੌਸਰੀ ਦੀਆਂ ਸੇਵਾਵਾਂ ਦਿੰਦਾ ਆ ਰਿਹਾ ਹੈ। ਇਨ੍ਹਾਂ ਵੱਲੋਂ ਪਹਿਲਾਂ ਸਟੋਰ ਜੇਨ ਫਿੰਚ ਇਲਾਕੇ ਵਿਚ ਐਡੀਸਟੋਨ `ਤੇ ਖੋਲ੍ਹਿਆ ਗਿਆ ਸੀ। ਇਸਤੋਂ ਬਾਅਦ ਹੁਣ ਤੱਕ ਇਹ 10 ਸਟੋਰ ਖੋਲ੍ਹ ਚੁੱਕੇ ਹਨ, ਜਿਹੜੇ ਟਰੰਟੋ, ਬਰੈਂਪਟਨ ਤੇ ਮਿਸੀਸਾਗਾ ਵਿਚ ਸਥਿਤ ਹਨ। ਏਸ਼ੀਅਨ ਫੂਡ ਸੈਂਟਰ ਸਾਊਥ ਏਸ਼ੀਅਨ ਭਾਈਚਾਰੇ ਦੀ ਸਭ ਤੋਂ ਵੱਡੀ ਗਰੌਸਰੀ ਦੀ ਫੂਡ ਚੇਨ ਹੈ। ਜਿਸ ਵਿਚ 300 ਦੇ ਲਗਭਗ ਕਰਮਚਾਰੀ ਕੰਮ ਕਰ ਰਹੇ ਹਨ। ਇਸ ਸਫ਼ਲਤਾ ਦਾ ਸਿਹਰਾ, ਮੇਜਰ ਨੱਤ, ਜਗਦੀਸ਼ ਦਿਓ, ਸੁਲੱਖਣ ਨੱਤ ਤੇ ਜੀਤਾ ਨੱਤ ਦੇ ਪਰਿਵਾਰਾਂ ਨੂੰ ਜਾਂਦਾ ਹੈ। ਜਿਨ੍ਹਾਂ ਨੇ ਸੱਤੇ ਦਿਨ ਕੰਮ ਕਰਕੇ ਆਪਣੇ ਇਸ ਅਦਾਰੇ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਹੈ।
ਏਸ਼ੀਅਨ ਫੂਡ ਸੈਂਟਰ ਨੂੰ ਜਿੱਥੇ ਪੰਜਾਬੀ ਮੀਡੀਏ ਵੱਲੋਂ ਪ੍ਰਮੋਟ ਕੀਤਾ ਜਾਂਦਾ ਹੈ ਉਥੇ ਨਾਲ ਹੀ ਉਰਦੂ, ਹਿੰਦੀ ਤੇ ਗੁਜਰਾਤੀ ਮੀਡੀਏ ਵੱਲੋਂ ਓਨਾ ਹੀ ਪ੍ਰਮੋਟ ਕੀਤਾ ਜਾਂਦਾ ਹੈ। ਇਸ ਮੌਕੇ ਸਮੂਹ ਮੀਡੀਏ ਵੱਲੋਂ ਨੱਤ ਪਰਿਵਾਰ ਅਤੇ ਏਸੀਅਨ ਫੂਡ ਸੈਂਟਰ ਦੇ ਸਮੁੱਚੇ ਪਰਿਵਾਰ ਦਾ ਧੰਨਵਾਦ ਕੀਤਾ ਗਿਆ ਤੇ 1995 ਤੋਂ ਲੈਕੇ ਹੁਣ ਤੱਕ ਇਕੱਠੇ ਚੱਲੇ ਆਉਣ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ। ਇਸ ਪ੍ਰੋਗਰਾਮ ਦੌਰਾਨ ਅਮਰਜੀਤ ਰਾਏ ਨੇ ਸਟੇਜ ਦੀ ਜਿ਼ੰਮੇਵਾਰੀ ਬਾਖੂਬੀ ਨਿਭਾਈ ਤੇ ਹਰ ਮੀਡੀਆ ਕਰਮੀ ਨੇ ਆਪਣੇ ਵਿਚਾਰ ਸਾਂਝੇ ਕੀਤੇ।