‘ਸੀ ਐਨ ਟਾਵਰ’ ਉੱਤੇ ਚੜਨ ਦੀ ਈਵੈਂਟ ਵਿੱਚ ਵੱਡੀ ਗਿਣਤੀ ਵਿੱਚ ਲਿਆ ਪੰਜਾਬੀਆਂ ਨੇ ਹਿੱਸਾ

IMG_4297ਟੋਰਾਂਟੋ ਪੋਸਟ ਬਿਉਰੋ: ਇਸ ਵੀਕ ਐਂਡ ਹੋਈ ਡਬਲਿਊ ਡਬਲਿਊ ਐਫ ਦੀ 27ਵੀਂ ‘ਸੀ ਐਨ ਟਾਵਰ’ ਉੱਤੇ ਚੜਨ ਦੀ ਦੋ ਦਿਨਾਂ ਈਵੈਂਟ ਵਿੱਚ 9000 ਤੋਂ ਵੱਧ ਲੋਕਾਂ ਨੇ ਭਾਗ ਲਿਆ ਜਿਸਤੋਂ 13 ਲੱਖ 70 ਹਜ਼ਾਰ ਡਾਲਰ ਇੱਕਤਰ ਹੋਏ। ਪੰਜਾਬੀ ਭਾਈਚਾਰੇ ਨੇ ਵੀ ਇਸ ਦੌੜ ਵਿੱਚ ਆਪਣੀ ਸ਼ਮੂਲੀਅਤ ਕਰਕੇ ਵਾਤਾਵਰਣ ਦੀ ਰਖਵਾਲੀ ਲਈ ਕੰਮ ਕਰਨ ਵਾਲੀ ਵਿਸ਼ਵ ਪੱਧਰੀ ਸੰਸਥਾ ਡਬਲਿਊ ਡਬਲਿਊ ਐਫ ਦੇ ਕੰਮ ਦੀ ਹੌਸਲਾ ਅਫਜ਼ਾਈ ਕੀਤੀ। ਪੰਜਾਬੀਆਂ ਦੀ ਸੱਭ ਤੋਂ ਵੱਡੀ ਟੋਲੀ ਏਅਰਪੋਰਟ ਉੱਤੇ ਟੈਕਸੀ ਬਿਜਨਸ ਪ੍ਰੋਫੈਸ਼ਨਲਾਂ ਦੀ ਸੀ ਜਿਸ ਦੀ ਅਗਵਾਈ ਸੰਧੂਰਾ ਸਿੰਘ ਬਰਾੜ ਨੇ ਕੀਤੀ। ਸੰਧੂਰਾ ਸਿੰਘ ਬਰਾੜ ਦੀ ਟੀਮ 2012 ਤੋਂ ਲਗਾਤਾਰ ਇਸ ਈਵੈਂਟ ਵਿੱਚ ਭਾਗ ਲੈਂਦੀ ਆ ਰਹੀ ਹੈ।

ਇਸ ਉੱਦਮ ਵਿੱਚ ਸਮਾਜ ਸੇਵੀ ਨਰਿੰਦਰ ਸਿੰਘ ਗਿੱਲ ਨੇ ਵੀ ਵੱਧ ਚੜ ਕੇ ਰੋਲ ਅਦਾ ਕੀਤਾ। ਨਰਿੰਦਰ ਸਿੰਘ ਗਿੱਲ ਦਾ ਇਸ ਈਵੈਂਟ ਵਿੱਚ ਸੀ ਐਨ ਉੱਤੇ ਚੜਨ ਦਾ ਇਹ ਲਗਾਤਾਰ ਦਸਵਾਂ ਸਾਲ ਸੀ। ਗੁਰੂ ਗੋਬਿੰਦ ਸਿੰਘ ਚਿਲਡਰਨ ਫਾਉਂਡੇਸ਼ਨ ਦੇ ਬੱਚੇ ਵੀ ਆਪਣੀ ਹਾਜ਼ਰੀ ਲੁਆਉਣ ਲਈ ਪੁੱਜੇ ਹੋਏ ਸਨ। ਕੁੱਲ 75 ਤੋਂ ਵੱਧ ਪੰਜਾਬੀ ਈਵੈਂਟ ਦਾ ਹਿੱਸਾ ਬਣੇ ਜਿਹਨਾਂ ਵਿੱਚ 73 ਸਾਲਾ ਈਸ਼ਰ ਸਿੰਘ ਚਾਹਲ ਸੱਭ ਤੋਂ ਵੱਧ ਉਮਰ ਦੇ ਸਨ। ਉਹਨਾਂ ਨੇ ਸੀ ਐਨ ਦੀਆਂ 1776 ਪੌੜੀਆਂ ਨੂੰ 40 ਮਿੰਟਾਂ ਵਿੱਚ ਪੂਰਾ ਕੀਤਾ। 70 ਸਾਲਾ ਕੇਸਰ ਸਿੰਘ ਵੜੈਚ ਨੇ ਸੀ ਐਨ ਟਾਵਰ ਦੀ ਚੜਾਈ ਨੂੰ ਮਹਿਜ਼ 20 ਮਿੰਟਾਂ ਵਿੱਚ ਫਤਿਹ ਕਰ ਲਿਆ। ਸੰਧੂਰਾ ਸਿੰਘ ਬਰਾੜ ਮੁਤਾਬਕ ਕੇਸਰ ਸਿੰਘ ਵੜੈਚ ਹਰ ਸਾਲ ਆਪਣੇ ਰਿਕਾਰਡ ਨੂੰ ਤੋੜਦਾ ਆ ਰਿਹਾ ਹੈ।

ਵੈਸੇ ਇਸ ਸਾਲ ਸੱਭ ਤੋਂ ਘੱਟ ਸਮਾਂ 27 ਸਾਲਾ ਸ਼ਾਨ ਸਟੀਫਨਜ਼ ਵ੍ਹੇਲ ਨੇ ਲਿਆ ਜਿਸਨੇ ਸੀ ਐਨ ਟਾਵਰ ਦੀਆਂ ਪੌੜੀਆਂ 9 ਮਿੰਟ 54 ਸਕਿੰਟਾਂ ਵਿੱਚ ਚੜੀਆਂ ਜਦੋਂ ਕਿ ਬੋਲਟਨ ਦੀ 12 ਸਾਲਾ ਸੱਤਵੀਂ ਵਿੱਚ ਪੜਦੀ ਲੜਕੀ ਆਈਸੀਆ ਮੌਰਿਸ ਸੀ ਐਨ ਟਾਵਰ 12 ਮਿੰਟ 53 ਸਕਿੰਟਾਂ ਵਿੱਚ ਸੀ ਐਨ ਟਾਵਰ ਦੇ ਸਿਖ਼ਰ ਉੱਤੇ ਜਾ ਚੜੀ ਸੀ। ਟੋਰਾਂਟੋ ਦੇ ਸਾਬਕਾ ਮੇਅਰ ਡੇਵਿਡ ਮਿੱਲਰ ਨੇ ਵੀ ਇਹ ਚੜਾਈ 24 ਮਿੰਟਾਂ ਵਿੱਚ ਚੜ ਕੇ ਆਪਣਾ ਯੋਗਦਾਨ ਪਾਇਆ। ਉਹ ਡਬਲਿਊ ਡਬਲਿਊ ਐਫ ਦਾ ਮੁੱਖ ਕਾਰਜਕਾਰੀ ਅਫ਼ਸਰ ਵੀ ਹੈ।