ਸੀ ਐਨ ਜੀ ਕਾਰ ਵਿੱਚ ਅੱਗ ਲੱਗਣ ਨਾਲ ਤਿੰਨ ਨੌਜਵਾਨ ਜ਼ਿੰਦਾ ਸੜੇ

cng car caught fire
ਗੁੜਗਾਓਂ, 2 ਸਤੰਬਰ (ਪੋਸਟ ਬਿਊਰੋ)- ਸਾਈਬਰ ਸਿਟੀ ਵਿੱਚ ਸੀ ਐਨ ਜੀ ਕਾਰ ਵਿੱਚ ਅਚਾਨਕ ਕਾਰ ਲੱਗਣ ਨਾਲ ਉਸ ਵਿੱਚ ਸਵਾਰ ਤਿੰਨ ਵਿਅਕਤੀ ਜ਼ਿੰਦਾ ਸੜ ਗਏ। ਬਾਦਸ਼ਾਹਪੁਰ ਥਾਣੇ ਦੇ ਇੰਚਾਰਜ ਅਨੁਸਾਰ ਮ੍ਰਿਤਕਾਂ ਦੀ ਪਛਾਣ ਪਲੜਾ ਪਿੰਡ ਨਿਵਾਸੀ ਗਜਿੰਦਰ, ਨਰਿੰਦਰ ਅਤੇ ਦਵਿੰਦਰ ਵਜੋਂ ਹੋਈ ਹੈ।
ਸੈਕਟਰ 40 ਵਿੱਚ ਕੱਲ੍ਹ ਰਾਤ ਉਦੋਂ ਹਫੜਾ ਦਫੜੀ ਮਚ ਗਈ, ਜਦੋਂ ਸੜਕ ਤੋਂ ਲੰਘ ਰਹੀ ਇਕ ਸੀ ਐਨ ਜੀ ਕਾਰ ਅਚਾਨਕ ਲਟ-ਲਟ ਕਰ ਕੇ ਸੜਨ ਲੱਗ ਪਈ। ਕਾਰ ਵਿੱਚ ਤਿੰਨ ਨੌਜਵਾਨ ਬੈਠੇ ਸਨ, ਜਿਨ੍ਹਾਂ ਨੇ ਉਤਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਕਾਰ ਵਿੱਚੋਂ ਨਿਕਲਣ ਵਿੱਚ ਕਾਮਯਾਬ ਨਾ ਹੋ ਸਕੇ। ਦੱਸਿਆ ਜਾਂਦਾ ਹੈ ਕਿ ਸੈਂਟਰ ਲਾਕ ਹੋਣ ਨਾਲ ਦਰਵਾਜ਼ਾ ਨਹੀਂ ਖੁੱਲ੍ਹ ਸਕਿਆ। ਨੌਜਵਾਨ ਉਸ ਵਿੱਚ ਫਸੇ ਰਹਿ ਗਏ। ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗੱਡੀ ਵਿੱਚ ਸੀ ਐਨ ਜੀ ਕਿੱਟ ਲੱਗੀ ਹੋਈ ਸੀ।