‘ਸੀ ਆਈ ਐਫ’ ਨੇ ਜੈਨੋਸਾਈਡ ਬਾਰੇ ਮੋਸ਼ਨ ਰੋਕਣ ਲਈ ਲਿਖਿਆ ਸੀ ਪ੍ਰੀਮੀਅਰ ਨੂੰ ਪੱਤਰ

CIF Logo Harry Dhaliwalਟੋਰਾਂਟੋ ਪੋਸਟ ਬਿਉਰੋ: ਉਂਟੇਰੀਓ ਪਾਰਲੀਮੈਂਟ ਵੱਲੋਂ ਭਾਰਤ ਵਿੱਚ 1984 ਵਿੱਚ ਹੋਏ ਸਿੱਖ ਕਤਲੇਆਮ ਬਾਬਤ ਮੋਸ਼ਨ ਪਾਸ ਹੋਣ ਤੋਂ ਪਹਿਲਾਂ ਸੀ ਆਈ ਐਫ ਭਾਵ ਕੈਨੇਡਾ ਇੰਡੀਆ ਫਾਉਂਡੇਸ਼ਨ ਵੱਲੋਂ ਪ੍ਰੀਮੀਅਰ ਕੈਥਲਿਨ ਵਿੱਨ ਉੱਤੇ ਜੋਰ ਪਾਇਆ ਗਿਆ ਸੀ ਕਿ ਇਸ ਮੋਸ਼ਨ ਨੂੰ ਪਾਸ ਨਾ ਹੋਣ ਦਿੱਤਾ ਜਾਵੇ। ਸੀ ਆਈ ਐਫ ਦੀ ਵੈੱਬਸਾਈਟ ਉੱਤੇ ਪਾਏ ਗਏ ਇਸ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਹਰਿੰਦਰ ਮੱਲ੍ਹੀ ਦਾ ਮੋਸ਼ਨ ਬਹੁਤ ਹੀ ਮਾੜੇ ਖਿਆਲ ਦਾ ਸਿੱਟਾ ਹੈ ਜਿਸਦੇ ਪਾਸ ਹੋਣ ਦੀ ਸੂਰਤ ਵਿੱਚ ਕੈਨੇਡਾ-ਭਾਰਤ ਸੰਬਧ ਖਰਾਬ ਹੋਣਗੇ। ਫਾਉਂਡੇਸ਼ਨ ਦੇ ਅਹੁਦੇਦਾਰਾਂ ਅਜੀਤ ਸੋਮੇਸ਼ਵਰ ਅਤੇ ਅਨਿਲ ਸ਼ਾਹ ਦੇ ਦਸਤਖਤਾਂ ਹੇਠ ਇਸ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਮੋਸ਼ਨ ਦੇ ਪਾਸ ਹੋਣ ਨਾਲ ਇੱਕ ਖਤਰਨਾਕ ਰੁਝਾਨ ਆਰੰਭ ਹੋ ਜਾਵੇਗਾ ਜਿਸਦੇ ਸਿੱਟੇ ਵਜੋਂ ਪ੍ਰੀਮੀਅਰ ਨੂੰ ਸਮਰੱਥਨ ਗੁਆਉਣਾ ਪੈ ਸਕਦਾ ਹੈ। ਪੱਤਰ ਵਿੱਚ ਮੋਸ਼ਨ ਨੂੰ ਖਾਲਿਸਤਾਨ ਮੂਵਮੈਂਟ ਨਾਲ ਜੋੜ ਕੇ ਵੀ ਵੇਖਿਆ ਗਿਆ।

ਇਸ ਫਾਉਡੇਸ਼ਨ ਦੇ ਬੋਰਡ ਆਫ ਗਰਨਰਜ਼ ਵਿੱਚ ਪੰਜਾਬੀ ਭਾਈਚਾਰੇ ਨਾਲ ਸਬੰਧਿਤ ਬੀਬੀ ਰਜਿੰਦਰ ਮਿਨਹਾਸ ਬੱਲ ਦਾ ਵੀ ਨਾਮ ਹੈ। ਬੀਬੀ ਮਿਨਹਾਸ ਬੱਲ ਅਗਲੀਆਂ ਚੋਣਾਂ ਨੂੰ ਖਿਆਲ ਵਿੱਚ ਰੱਖ ਕੇ ਸਿਆਸਤ ਵਿੱਚ ਵੀ ਸਰਗਰਮ ਹੋਣ ਦੀ ਕੋਸਿ਼ਸ਼ ਕਰ ਰਹੀ ਹੈ। ਪੱਤਰ ਵਿੱਚ ਪ੍ਰੀਮੀਅਰ ਨੂੰ ਮੋਸ਼ਨ ਪਾਸ ਹੋਣ ਤੋਂ ਰੋਕਣ ਅਤੇ ਮੋਸ਼ਨ ਦੀ ਲੇਖਿਕਾ ਐਮ ਪੀ ਪੀ ਹਰਿੰਦਰ ਮੱਲ੍ਹੀ ਨੂੰ ਤਾੜਨਾ ਕਰਨ ਲਈ ਵੀ ਆਖਿਆ ਗਿਆ ਹੈ।

ਸੀ ਆਈ ਐਫ ਵੱਲੋਂ ਇਸ ਮੋਸ਼ਨ ਬਾਰੇ ਨਿਭਾਏ ਗਏ ਰੋਲ ਬਾਰੇ ਸਾਬਕਾ ਸਿਟੀਜ਼ਨਸਿ਼ੱਪ ਜੱਜ ਹੈਰੀ ਧਾਲੀਵਾਲ ਨੇ ਇੱਕ ਨਵਾਂ ਮੋੜ ਦਿੱਤਾ ਹੈ। ਆਪਣੀ ਫੇਸਬੁੱਕ ਉੱਤੇ ਧਾਲੀਵਾਲ ਨੇ ਲਿਖਿਆ ਹੈ ਕਿ ਸੀ ਆਈ ਐਫ ਦੇ ਸੀਨੀਅਰ ਅਹੁਦੇਦਾਰਾਂ ਨੇ ੇ ਆਪਣੇ ਮੈਂਬਰਾਂ ਨੂੰ ਇੱਕ ਅੰਦਰੂਨੀ ਪੱਤਰ ਲਿਖਿਆ ਜਿਸ ਵਿੱਚ ਇਸ ਮੁੱਦੇ ਨੂੰ ਹਿੰਦੂ ਸਿੱਖ ਟਕਰਾਅ ਦੀ ਰੰਗਤ ਦਿੱਤੀ ਗਈ। ਇਸ ਸੋਚ ਦੀ ਨਿੰਦਾ ਕਰਦੇ ਹੋਏ ਹੈਰੀ ਧਾਲੀਵਾਲ ਲਿਖਦਾ ਹੈ ਕਿ 1984 ਦਾ ਕਤਲੇਆਮ ਹਿੰਦੂਆਂ ਵੱਲੋਂ ਨਹੀਂ ਸਗੋਂ ਕਾਂਗਰਸ ਪਾਰਟੀ ਦੀ ਸਰਕਾਰ ਦੀ ਕਾਰਵਾਈ ਸੀ ਜਿਸਨੂੰ ਹਿੰਦੂ ਸਿੱਖ ਰੰਗਤ ਦੇਣਾ ਗਲਤ ਹੈ।