ਸੀਰੀਆ ਵਿੱਚ ਅਮਰੀਕੀ ਹਮਲੇ ਵਿੱਚ ਸਰਕਾਰ ਪੱਖੀ 52 ਲੜਾਕੇ ਮਰੇ


ਬੈਰੂਤ, 19 ਜੂਨ (ਪੋਸਟ ਬਿਊਰੋ)- ਸੀਰੀਆ ਵਿੱਚ ਅਮਰੀਕਾ ਦੀ ਅਗਵਾਈ ਵਾਲੀ ਗਠਜੋੜ ਫੌਜ ਵਿੱਚ ਹਵਾਈ ਹਮਲੇ ਵਿੱਚ ਸਰਕਾਰ ਦੇ ਪੱਖ ਵਾਲੇ 52 ਲੜਾਕੇ ਮਾਰੇ ਗਏ। ਸਾਰੀ ਰਾਤ ਦਾ ਇਹ ਹਮਲਾ ਇਰਾਕ ਦੀ ਸਰਹੱਦ ਨਾਲ ਲੱਗਦੇ ਅਲ-ਹਾਰੀ ਖੇਤਰ ਵਿੱਚ ਕੀਤਾ ਗਿਆ ਸੀ। ਬ੍ਰਿਟੇਨ ਵਿੱਚ ਮਨੁੱਖੀ ਅਧਿਕਾਰ ਸੰਗਠਨ ਸੀਰੀਅਨ ਆਬਜ਼ਰਵੇਟਰੀ ਨੇ ਇਸ ਨੂੰ ਅਸਦ ਸਰਕਾਰ ਦੇ ਸਹਿਯੋਗੀਆਂ ਦੇ ਖਿਲਾਫ ਸਭ ਤੋਂ ਖਤਰਨਾਕ ਹਮਲਿਆਂ ਵਿੱਚੋਂ ਦੱਸਿਆ ਹੈ।
ਸੀਰੀਅਨ ਆਬਜ਼ਰਵੇਟਰੀ ਦੇ ਮੁਖੀ ਰਾਮੀ ਅਬਦੇਲ ਰਹਿਮਾਨ ਦੇ ਦੱਸਣ ਅਨੁਸਾਰ ਮਾਰੇ ਗਏ ਲੜਾਕਿਆਂ ਵਿੱਚ 30 ਈਰਾਕੀ ਤੇ 16 ਸੀਰੀਆਈ ਹਨ। ਛੇ ਦੀ ਤੁਰੰਤ ਪਛਾਣ ਨਹੀਂ ਹੋ ਸਕੀ। ਅਮਰੀਕਾ ਦੀ ਅਗਵਾਈ ਵਾਲੇ ਗਠਜੋੜ ਨੇ ਹਾਲਾਂਕਿ ਹਮਲੇ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕੀਤਾ ਹੈ, ਪਰ ਸੀਰੀਆ ਨੇ ਹਮਲੇ ਦੇ ਲਈ ਗਠਜੋੜ ਫੌਜ ਨੂੰ ਹੀ ਦੋਸ਼ੀ ਠਹਿਰਾਇਆ ਹੈ। ਅਮਰੀਕਾ ਦੀ ਅਗਵਾਈ ਵਾਲਾ ਗਠਜੋੜ ਅਤੇ ਰੂਸ ਦੇ ਸਮਰਥਨ ਨਾਲ ਸੀਰੀਆ ਦੀ ਫੌਜ ਪੂਰਬੀ ਪ੍ਰਾਂਤ ਦੀਰ-ਅਲ-ਜੋਰ ਵਿੱਚ ਇਸਲਾਮਕ ਸਟੇਟ ਦੇ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ। ਦੋਵੇਂ ਗੁੱਟ ਇੱਕ-ਦੂਸਰੇ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਤੋਂ ਬਚਦੇ ਹਨ, ਪਰ ਅਜਿਹੇ ਕਈ ਮੌਕੇ ਆਏ ਹਨ, ਜਦ ਅਮਰੀਕੀ ਗਠਜੋੜ ਫੌਜ ਦੇ ਹਮਲੇ ਵਿੱਚ ਸਰਕਰਾ ਸਮਰਥਕ ਲੜਾਕੇ ਮਾਰੇ ਗਏ।