ਸੀਰੀਆ ਮਸਲੇ ਦੇ ਹੱਲ ਲਈ ਅਸਦ ਨੂੰ ਸੱਤਾ ਤੋਂ ਪਾਸੇ ਕਰਨਾ ਹੀ ਹੋਵੇਗਾ : ਟਰੂਡੋ

593482582001_5392790633001_5392761774001-vsਸੀਰੀਆ ਵਿੱਚ ਰਸਾਇਣਿਕ ਹਮਲੇ ਲਈ ਰੂਸ ਵੀ ਇੱਕ ਹੱਦ ਤੱਕ ਜਿ਼ੰਮੇਵਾਰ
ਕੌਰਸਿਊਲੈਸ-ਸੁਰ-ਮਰ, ਫਰਾਂਸ, 10 ਅਪਰੈਲ (ਪੋਸਟ ਬਿਊਰੋ) : ਸੀਰੀਆ ਦੇ ਰਾਸ਼ਟਰਪਤੀ ਵਜੋਂ ਬਸ਼ਰ ਅਸਦ ਦੇ ਦਿਨ ਬੱਸ ਹੁਣ ਗਿਣੇ ਚੁਣੇ ਹੀ ਹਨ। ਇਹ ਵਿਚਾਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਇੱਥੇ ਪ੍ਰਗਟਾਏ। ਕੌਮਾਂਤਰੀ ਤਾਕਤਾਂ ਮੱਧ ਪੂਰਬ ਵਿੱਚ ਫੌਜੀ ਕਾਰਵਾਈ ਕੀਤੇ ਜਾਣ ਸਬੰਧੀ ਵਿਚਾਰ ਕਰ ਰਹੀਆਂ ਹਨ।
ਟਰੂਡੋ ਨੇ ਨਿਊਜ਼ ਕਾਨਫਰੰਸ ਵਿੱਚ ਆਖਿਆ ਕਿ ਸੀਰੀਆ ਮਸਲੇ ਦਾ ਹੱਲ ਹੀ ਤਾਂ ਕੱਢਿਆ ਜਾ ਸਕਦਾ ਹੈ ਜੇ ਅਸਦ ਨੂੰ ਸੱਤਾ ਤੋਂ ਪਾਸੇ ਕੀਤਾ ਜਾਵੇ। ਜਿ਼ਕਰਯੋਗ ਹੈ ਕਿ ਅਸਦ ਵੱਲੋਂ ਆਪਣੇ ਹੀ ਲੋਕਾਂ ਖਿਲਾਫ ਪਿੱਛੇ ਜਿਹੇ ਕਰਵਾਏ ਗਏ ਰਸਾਇਣਿਕ ਹਮਲੇ ਦੀ ਜਿੱਥੇ ਸਾਰੀ ਦੁਨੀਆ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ ਉੱਥੇ ਹੀ ਰੂਸ ਤੇ ਇਰਾਨ ਵਰਗੇ ਦੇਸ਼ ਇਸ ਲਈ ਉਸ ਨੂੰ ਸੈ਼ਅ ਦੇ ਰਹੇ ਹਨ। ਇਹੋ ਕਾਰਨ ਹੈ ਕਿ ਉਹ ਅਜੇ ਤੱਕ ਸੱਤਾ ਉੱਤੇ ਕਾਬਜ ਹੈ।
ਦੂਜੀ ਵਿਸ਼ਵ ਜੰਗ ਵਿੱਚ ਸ਼ਹੀਦ ਹੋਏ ਕੈਨੇਡਾ ਦੇ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਜੂਨੋ ਬੀਚ ਪਹੁੰਚੇ ਟਰੂਡੋ ਨੇ ਆਖਿਆ ਕਿ ਮਾਸੂਮਾਂ ਤੇ ਬੱਚਿਆਂ ਖਿਲਾਫ ਇਸ ਤਰ੍ਹਾਂ ਦੇ ਕੋਝੇ ਪੈਂਤੜੇ ਅਪਨਾਉਣ ਵਾਲੇ ਸ਼ਖ਼ਸ ਨੂੰ ਸੱਤਾ ਵਿੱਚ ਬਣੇ ਰਹਿਣ ਦਾ ਕੋਈ ਹੱਕ ਨਹੀਂ। ਅਸਦ ਤੇ ਉਸ ਦੇ ਸਾਥੀਆਂ ਦੀ ਜਵਾਬਦੇਹੀ ਬਣਦੀ ਹੈ। ਸੀਰੀਆ ਵਿੱਚ ਸ਼ਾਂਤੀ ਤੇ ਸਥਿਰਤਾ ਲਿਆਉਣ ਲਈ ਸਾਨੂੰ ਤੇਜ਼ੀ ਨਾਲ ਕੰਮ ਕਰਨਾ ਹੋਵੇਗਾ। ਪਰ ਅਜਿਹਾ ਕਰਨ ਸਮੇਂ ਬਸ਼ਰ ਅਲ ਅਸਦ ਨੂੰ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ।
ਜਦੋਂ ਟਰੂਡੋ ਤੋਂ ਇਹ ਪੁੱਛਿਆ ਗਿਆ ਕਿ ਅਸਦ ਨੂੰ ਸੱਤਾ ਤੋਂ ਪਾਸੇ ਕਿਵੇਂ ਕੀਤਾ ਜਾਵੇ ਤੇ ਉਸ ਦੀ ਮਦਦ ਕਰਨ ਵਾਲੇ ਰੂਸ ਨੂੰ ਕਿਸ ਤਰ੍ਹਾਂ ਸਜ਼ਾ ਦਿੱਤੀ ਜਾਵੇ ਤਾਂ ਉਨ੍ਹਾਂ ਵੱਲੋਂ ਕੋਈ ਵਾਅਦਾ ਨਹੀਂ ਕੀਤਾ ਗਿਆ। ਉਨ੍ਹਾਂ ਆਖਿਆ ਕਿ ਕੈਨੇਡਾ ਆਪਣੇ ਭਾਈਵਾਲਾਂ ਨਾਲ ਰਾਇ ਕਰਨ ਤੋਂ ਬਾਅਦ ਰੂਸ ਉੱਤੇ ਨਵੀਆਂ ਪਾਬੰਦੀਆਂ ਲਾਉਣ ਲਈ ਤਿਆਰ ਹੈ। ਉਨ੍ਹਾਂ ਆਖਿਆ ਕਿ ਸੀਰੀਆ ਵਿੱਚ ਸ਼ਾਂਤੀ ਲਿਆਉਣ ਲਈ ਮਸਲੇ ਦਾ ਹੱਲ ਕੱਢਣ ਸਮੇਂ ਰੂਸ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਅਸਦ ਸ਼ਾਸਨ ਦੀ ਹਮਾਇਤ ਕਰਨ ਵਾਲੇ ਦੇਸ਼ਾਂ ਨੂੰ ਮਾਸੂਮਾਂ ਉੱਤੇ ਰਸਾਇਣਿਕ ਹਮਲੇ ਦੀ ਵੀ ਥੋੜ੍ਹੀ ਬਹੁਤ ਜਿ਼ੰਮੇਵਾਰੀ ਲੈਣੀ ਚਾਹੀਦੀ ਹੈ।
ਜਦੋਂ ਅਸਦ ਪ੍ਰਸ਼ਾਸਨ ਤੋਂ ਜਵਾਬ ਮੰਗਿਆ ਜਾਵੇ ਤਾਂ ਉਸ ਦੇ ਹਮਾਇਤੀ ਮੁਲਕਾਂ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਟਰੂਡੋ ਨੇ ਆਖਿਆ ਕਿ ਸੀਰੀਆ ਮਸਲੇ ਨੂੰ ਕੌਮਾਂਤਰੀ ਭਾਈਚਾਰੇ ਨੂੰ ਰਲ ਕੇ ਖ਼ਤਮ ਕਰਨਾ ਚਾਹੀਦਾ ਹੈ। ਜਿ਼ਕਰਯੋਗ ਹੈ ਕਿ ਅਮਰੀਕਾ ਨੇ ਪਿਛਲੇ ਹਫਤੇ ਸੀਰੀਆ ਦੇ ਹਵਾਈ ਟਿਕਾਣਿਆਂ ਉੱਤੇ 59 ਕਰੂਜ਼ ਮਿਜ਼ਾਈਲਾਂ ਦਾਗੀਆਂ ਸਨ ਜਿਸ ਦੀ ਕਈ ਥਾਂਵਾਂ ਤੋਂ ਨਿਖੇਧੀ ਵੀ ਕੀਤੀ ਗਈ ਸੀ। ਇਹ ਖਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ ਕਿ ਅਮਰੀਕਾ ਮੁੜ ਸੀਰੀਆ ਉੱਤੇ ਵਾਰ ਕਰ ਸਕਦਾ ਹੈ।