ਸੀਰੀਆ ਦੇ ਟਾਊਨ ਉੱਤੇ ਹੋਇਆ ਰਸਾਇਣਿਕ ਹਮਲਾ

Fullscreen capture 452017 73813 AMਦੁਨੀਆ ਭਰ ਦੇ ਆਗੂਆਂ ਵੱਲੋਂ ਹਮਲੇ ਦੀ ਨਿਖੇਧੀ
ਬੈਰੂਤ, 4 ਅਪਰੈਲ (ਪੋਸਟ ਬਿਊਰੋ) : ਵਿਰੋਧੀ ਧਿਰ ਦੇ ਕਬਜੇ ਵਾਲੇ ਉੱਤਰੀ ਸੀਰੀਆ ਦੇ ਟਾਊਨ ਉੱਤੇ ਮੰਗਲਵਾਰ ਨੂੰ ਕਥਿਤ ਤੌਰ ਉੱਤੇ ਸਰਕਾਰ ਵੱਲੋਂ ਕਰਵਾਏ ਗਏ ਰਸਾਇਣਿਕ ਹਮਲੇ ਕਾਰਨ ਦਰਜਨਾਂ ਲੋਕ ਮਾਰੇ ਗਏ। ਕਈ ਸਥਾਨਕ ਵਾਸੀਆਂ ਨੂੰ ਤਾਂ ਸਾਹ ਲੈਣ ਵਿੱਚ ਦਿੱਕਤ ਪੇਸ਼ ਆਉਣ ਲੱਗੀ ਤੇ ਲੋਕ ਸੜਕਾਂ ਉੱਤੇ ਤੜਫਦੇ ਵੇਖੇ ਗਏ। ਹਸਪਤਾਲਾਂ ਵਿੱਚ ਅਚਾਨਕ ਲੋਕਾਂ ਦੀ ਭੀੜ ਵੱਧ ਗਈ। ਜੇ ਇਸ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਇਹ ਪਿਛਲੇ ਚਾਰ ਸਾਲਾਂ ਵਿੱਚ ਸੱਭ ਤੋਂ ਘਾਤਕ ਰਸਾਇਣਿਕ ਹਮਲਾ ਹੋਵੇਗਾ।
ਬ੍ਰਿਟੇਨ ਸਥਿਤ ਮਨੁੱਖੀ ਅਧਿਕਾਰਾਂ ਬਾਰੇ ਸੀਰੀਆਈ ਆਬਜ਼ਰਵੇਟਰੀ ਦਾ ਕਹਿਣਾ ਹੈ ਕਿ ਇਸ ਦੌਰਾਨ ਘੱਟੋ ਘੱਟ 58 ਲੋਕ ਮਾਰੇ ਗਏ, ਜਿਨ੍ਹਾਂ ਵਿੱਚ 11 ਬੱਚੇ ਵੀ ਸ਼ਾਮਲ ਸਨ। ਹਮਲਾ ਤੜ੍ਹਕੇ ਖਾਨ ਸੇਖੌਨ ਟਾਊਨ ਵਿੱਚ ਹੋਇਆ। ਚਸ਼ਮਦੀਦਾਂ ਅਨੁਸਾਰ ਰੂਸ ਤੇ ਸੀਰੀਆਈ ਸਰਕਾਰਾਂ ਵੱਲੋਂ ਆਪਰੇਟ ਕੀਤੇ ਜਾਣ ਵਾਲੇ ਸੁਖੋਈ ਜੈੱਟ ਜਹਾਜ਼ਾਂ ਰਾਹੀਂ ਇਹ ਰਸਾਇਣਿਕ ਹਮਲਾ ਕੀਤਾ ਗਿਆ।
ਡਾਕਟਰਾਂ ਨੂੰ ਵੀ ਇੱਕਠਿਆਂ ਐਨੇ ਮਰੀਜ਼ਾਂ ਨੂੰ ਸਾਂਭਣਾ ਔਖਾ ਹੋ ਗਿਆ ਤੇ ਮੌਕੇ ਤੋਂ ਪ੍ਰਾਪਤ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਵਾਲੰਟੀਅਰ ਮੈਡਿਕਸ ਅੱਗ ਬੁਝਾਉਣ ਵਾਲੀਆਂ ਪਾਣੀ ਦੀਆਂ ਪਾਈਪਾਂ ਨਾਲ ਪਾਣੀ ਪਾ ਕੇ ਰਸਾਇਣ ਲੋਕਾਂ ਦੇ ਉੱਤੋਂ ਉਤਾਰਨ ਦੀ ਕੋਸਿ਼ਸ਼ ਕਰ ਰਹੇ ਸਨ। ਬੇਜਾਨ ਬੱਚਿਆਂ ਦੇ ਲੱਗੇ ਢੇਰਾਂ ਦੀਆਂ ਤਸਵੀਰਾਂ ਵੇਖ ਕੇ ਹੀ ਹਮਲੇ ਦੀ ਸਿੱ਼ਦਤ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ।
2013 ਵਿੱਚ ਹੋਏ ਰਸਾਇਣਿਕ ਹਮਲੇ ਵਿੱਚ ਵੀ ਸੈਂਕੜੇ ਲੋਕ ਮਾਰੇ ਗਏ ਸਨ ਪਰ ਤਾਜ਼ਾ ਹਮਲੇ ਨੂੰ ਜਿ਼ਆਦਾ ਖਤਰਨਾਕ ਮੰਨਿਆ ਜਾ ਰਿਹਾ ਹੈ। 2013 ਵਿੱਚ ਕੀਤੇ ਹਮਲੇ ਬਾਰੇ ਰਾਸ਼ਟਰਪਤੀ ਬਸ਼ਰ ਅਸਦ ਦੀ ਸਰਕਾਰ ਨੇ ਇਹ ਮੰਨਿਆ ਸੀ ਕਿ ਉਹ ਆਪਣੇ ਰਸਾਇਣਿਕ ਹਥਿਆਰਾਂ ਤੋਂ ਖਹਿੜਾ ਛੁਡਾਉਣਾ ਚਾਹੁੰਦੇ ਸਨ ਤੇ ਕੈਮੀਕਲ ਹਥਿਆਰਾਂ ਸਬੰਧੀ ਕਨਵੈਨਸ਼ਨ ਵਿੱਚ ਹਿੱਸਾ ਲੈਣਾ ਚਾਹੁੰਦੇ ਸਨ ਜਿਸ ਲਈ ਉਨ੍ਹਾਂ ਇਹ ਰਾਹ ਅਪਣਾਇਆ।
ਮੰਗਲਵਾਰ ਨੂੰ ਹੋਏ ਹਮਲੇ ਦੀ ਦੁਨੀਆਂ ਭਰ ਦੇ ਆਗੂਆਂ ਵੱਲੋਂ ਸਖ਼ਤ ਆਲੋਚਨਾ ਕੀਤੀ ਗਈ। ਵਾੲ੍ਹੀਟ ਹਾਊਸ ਵੱਲੋਂ ਵੀ ਇਸ ਨੂੰ ਗੰਭੀਰ ਕਾਰਵਾਈ ਦੱਸਦਿਆਂ ਆਖਿਆ ਗਿਆ ਕਿ ਸੱਭਿਅਕ ਸੰਸਾਰ ਵੱਲੋਂ ਇਸ ਤਰ੍ਹਾਂ ਦੀ ਕਾਰਵਾਈ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਸੰਯੁਕਤ ਰਾਸ਼ਟਰ ਦੀ ਸਕਿਊਰਿਟੀ ਕਾਉਂਸਲ ਵੱਲੋਂ ਇਸ ਹਮਲੇ ਦੇ ਸਬੰਧ ਵਿੱਚ ਬੁੱਧਵਾਰ ਨੂੰ ਇੱਕ ਹੰਗਾਮੀ ਮੀਟਿੰਗ ਸੱਦੀ ਗਈ ਹੈ। ਸੀਰੀਆ ਤੇ ਖਿੱਤੇ ਦੇ ਭਵਿੱਖ ਨੂੰ ਲੈ ਕੇ ਯੂਰਪੀ ਯੂਨੀਅਨ ਦੇ ਉੱਘੇ ਨੁਮਾਇੰਦੇ ਫੈਡਰਿਕਾ ਮੋਘੇਰਿਨੀ ਦੀ ਮੇਜ਼ਬਾਨੀ ਵਿੱਚ ਬਰੱਸਲਜ਼ ਵਿੱਚ ਹੋਣ ਜਾ ਰਹੀ ਕੌਮਾਂਤਰੀ ਦਾਨੀਆਂ ਦੀ ਕਾਨਫਰੰਸ ਤੋਂ ਠੀਕ ਪਹਿਲਾਂ ਇਹ ਹਮਲਾ ਹੋਇਆ ਹੈ।
ਇਸ ਦੌਰਾਨ ਸੀਰੀਆਈ ਸਰਕਾਰ ਵੱਲੋਂ ਸਿਰੇ ਤੋਂ ਹੀ ਇਸ ਹਮਲੇ ਦੀ ਜਿ਼ੰਮੇਵਾਰੀ ਲੈਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਸੀਰੀਆਈ ਸਰਕਾਰ ਦਾ ਕਹਿਣਾ ਹੈ ਕਿ ਨਾ ਤਾਂ ਉਨ੍ਹਾਂ ਕੋਲ ਰਸਾਇਣਿਕ ਹਥਿਆਰ ਹਨ ਤੇ ਨਾ ਹੀ ਉਨ੍ਹਾਂ ਕਦੇ ਅਤੀਤ ਵਿੱਚ ਇਨ੍ਹਾਂ ਦੀ ਵਰਤੋਂ ਕੀਤੀ ਤੇ ਨਾ ਹੀ ਭਵਿੱਖ ਵਿੱਚ ਇਨ੍ਹਾਂ ਦੀ ਵਰਤੋਂ ਕਰਨਗੇ। ਉਨ੍ਹਾਂ ਇਸ ਹਮਲੇ ਦਾ ਸਾਰਾ ਦੋਸ਼ ਬਾਗੀਆਂ ਸਿਰ ਮੜ੍ਹ ਦਿੱਤਾ। ਸਰਕਾਰ ਦਾ ਕਹਿਣਾ ਹੈ ਕਿ ਇਹ ਹਮਲਾ ਬਾਗੀਆਂ ਵੱਲੋਂ ਕਰਵਾਇਆ ਗਿਆ ਹੈ ਤੇ ਇਸ ਲਈ ਸਰਕਾਰ ਨੂੰ ਫਸਾਇਆ ਜਾ ਰਿਹਾ ਹੈ। ਰੂਸ ਦੇ ਰੱਖਿਆ ਮੰਤਰਾਲੇ ਵੱਲੋਂ ਵੀ ਇਸ ਹਮਲੇ ਵਿੱਚ ਕਿਸੇ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਜਾ ਰਿਹਾ ਹੈ।