ਸੀਰੀਆ ਉੱਤੇ ਹਮਲਾ ਕਰਨ ਦੇ ਮਾੜੇ ਸਿੱਟੇ ਭੁਗਤਣੇ ਹੋਣਗੇ ਅਮਰੀਕਾ ਨੂੰ : ਅਸਦ

ਸੀਰੀਆ, 26 ਅਗਸਤ (ਪੋਸਟ ਬਿਊਰੋ) : ਸੋਮਵਾਰ ਨੂੰ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਨੇ ਧਮਕੀ ਭਰੇ ਲਹਿਜੇ ਵਿੱਚ ਆਖਿਆ ਕਿ ਰਸਾਇਣਿਕ ਹਥਿਆਰਾਂ ਦੀ ਵਰਤੋਂ ਦੇ ਦੋਸ਼ ਲਾ ਕੇ ਸੀਰੀਆ ਉੱਤੇ ਹਮਲਾ ਕਰਨ ਦੀ ਤਾਕ ਵਿੱਚ ਬੈਠੇ ਅਮਰੀਕਾ ਨੂੰ ਇਸ ਦੇ ਮਾੜੇ ਸਿੱਟੇ ਭੁਗਤਣੇ ਪੈਣਗੇ। ਇੱਕ ਰੋਜ਼ਾਨਾ ਅਖਬਾਰ ਵੱਲੋਂ ਇਹ ਪੁੱਛੇ ਜਾਣ ਉੱਤੇ ਕਿ ਜੇ ਅਮਰੀਕਾ ਵੱਲੋਂ ਹਮਲਾ ਕੀਤਾ ਜਾਂਦਾ ਹੈ ਤੇ ਜਾਂ ਅਮਰੀਕਾ ਸੀਰੀਆ ਉੱਤੇ ਚੜ੍ਹਾਈ ਕਰਦਾ ਹੈ ਤਾਂ ਕੀ ਹੋਵੇਗਾ? ਅਸਦ ਨੇ ਬੜੀ ਦਲੇਰੀ ਨਾਲ ਆਖਿਆ ਕਿ ਜੇ ਅਮਰੀਕਾ ਅਜਿਹਾ ਕਰਦਾ ਹੈ ਤਾਂ ਇਹ ਉਸ ਦੀ ਬਹੁਤ ਵੱਡੀ ਭੁੱਲ ਹੋਵੇਗੀ। ਵੀਅਤਨਾਮ ਦੀ ਲੜਾਈ ਤੋਂ ਲੈ ਕੇ ਹੁਣ ਤੱਕ ਅਮਰੀਕਾ ਨੇ ਜੋ ਲੜਾਈਆਂ ਲੜੀਆਂ ਹਨ ਉਹ ਉਸ ਨੂੰ ਭੁੱਲ ਜਾਣਗੀਆਂ ਤੇ ਇਸ ਤਰ੍ਹਾਂ ਦੇ ਕਿਸੇ ਵੀ ਫੈਸਲਾ ਦੇ ਸਿੱਟੇ ਉਸ ਨੂੰ ਦੇਰ ਤੱਕ ਯਾਦ ਰਹਿਣਗੇ। ਵਾੲ੍ਹੀਟ ਹਾਊਸ ਦੇ ਇੱਕ ਸੀਨੀਅਰ ਅਧਿਕਾਰੀ ਵੱਲੋਂ ਦਿੱਤੇ ਗਏ ਤਿੱਖੇ ਬਿਆਨ, ਜਿਸ ਵਿੱਚ ਉਸ ਨੇ ਆਖਿਆ ਸੀ ਕਿ ਹੁਣ ਸੀਰੀਆ ਭਰੋਸਾ ਹਾਸਲ ਕਰਨ ਤੋਂ ਖੁੰਝ ਚੁੱਕਿਆ ਹੈ, ਤੋਂ ਬਾਅਦ ਹੀ ਅਸਦ ਦਾ ਇਹ ਬਿਆਨ ਆਇਆ ਹੈ। ਉਸ ਅਧਿਕਾਰੀ ਨੇ ਇਹ ਵੀ ਆਖਿਆ ਸੀ ਕਿ ਅਮਰੀਕਾ ਨੂੰ ਇਸ ਵਿੱਚ ਭੋਰਾ ਵੀ ਸੱ਼ਕ ਨਹੀਂ ਹੈ ਕਿ ਅਸਦ ਹਕੂਮਤ ਵੱਲੋਂ ਇਨ੍ਹਾਂ ਹਥਿਆਰਾਂ ਦੀ ਵਰਤੋਂ ਕੀਤੀ ਗਈ ਹੋਵੇਗੀ। ਇਹ ਖਬਰਾਂ ਵੀ ਹਨ ਕਿ ਇਸ ਸਬੰਧ ਵਿੱਚ ਅਮਰੀਕਾ ਅਗਲੀ ਕਾਰਵਾਈ ਕਰਨ ਦੇ ਨੇੜੇ ਪਹੁੰਚ ਚੁੱਕਿਆ ਹੈ। ਇਹ ਵੀ ਕਿ ਅਮਰੀਕੀ ਨੇਵੀ ਦੇ ਜਹਾਜ਼ ਸੀਰੀਆ ਦੇ ਤੱਟੀ ਇਲਾਕਿਆਂ ਵੱਲ ਰਵਾਨਾ ਹੋ ਚੁੱਕੇ ਹਨ। ਦੂਜੇ ਪਾਸੇ ਰੂਸ ਦੇ ਵਿਦੇਸ਼ ਮੰਤਰਾਲੇ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਹੈ ਕਿ ਸੀਰੀਆ ਵੱਲੋਂ ਕਥਿਤ ਤੌਰ ਉੱਤੇ ਰਸਾਇਣਿਕ ਹਮਲਾ ਕਰਨ ਦੇ ਖਿਲਾਫ ਅਮਰੀਕਾ ਵੱਲੋਂ ਕਿਸੇ ਵੀ ਤਰ੍ਹਾਂ ਦੀ ਫੌਜੀ ਕਾਰਵਾਈ ਨੂੰ ਲੈ ਕੇ ਉਹ ਬਹੁਤ ਚਿੰਤਤ ਹਨ।