ਸੀਰੀਆਈ ਲੜਕੇ ਨੇ ਕੌਮਾਂਤਰੀ ਬਾਲ ਸ਼ਾਂਤੀ ਪੁਰਸਕਾਰ ਜਿੱਤਿਆ


ਹੇਗ, 6 ਦਸੰਬਰ (ਪੋਸਟ ਬਿਊਰੋ)- ਜੰਗ ਪ੍ਰਭਾਵਤ ਸੀਰੀਆ ਦੇ 16 ਸਾਲਾ ਲੜਕੇ ਮੁਹੰਮਦ ਅਲ ਜੁੰਦੇ ਨੂੰ ਬੀਤੇ ਦਿਨੀਂ ਇਥੇ ਇਸ ਸਾਲ ਦੇ ਕੌਮਾਂਤਰੀ ਬਾਲ ਸ਼ਾਂਤੀ ਇਨਾਮ ਨਾਲ ਨਿਵਾਜਿਆ ਗਿਆ। ਉਸ ਨੂੰ ਇਹ ਇਨਾਮ ਸੀਰੀਆਈ ਬਾਲ ਸ਼ਰਨਾਰਥੀਆਂ ਦੇ ਅਧਿਕਾਰ ਯਕੀਨੀ ਕਰਨ ਦੇ ਯਤਨਾਂ ਲਈ ਦਿੱਤਾ ਗਿਆ।
ਸਾਰੀ ਦੁਨੀਆ ਵਿੱਚ ਬੱਚਿਆਂ ਦੇ ਅਧਿਕਾਰਾਂ ਦੀ ਪੈਰਵੀ ਲਈ ਬਣੀ ਕਿਡਸ ਰਾਈਟਸ ਸੰਸਥਾ ਵੱਲੋਂ 2005 ਤੋਂ ਹਰ ਸਾਲ ਕਿਸੇ ਬੱਚੇ ਨੂੰ ਕੌਮਾਂਤਰੀ ਬਾਲ ਸ਼ਾਂਤੀ ਇਨਾਮ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਸੀਰੀਆ ਦੀ ਖਾਨਾ ਜੰਗੀ ਕਾਰਨ ਹਿਜਰਤ ਕਰ ਗਿਆ ਮੁਹੰਮਦ ਅਲ ਜੁੰਦੇ ਆਪਣੇ ਪਰਵਾਰ ਨਾਲ ਲਿਬਨਾਨ ਦੇ ਇਕ ਸ਼ਰਨਾਰਥੀ ਕੈਂਪ ‘ਚ ਸਕੂਲ ਚਲਾਉਂਦਾ ਹੈ। ਇਸ ਸਕੂਲ ‘ਚ ਕਰੀਬ 200 ਬੱਚਿਆਂ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ। ਅਲ ਜੁੰਦੇ ਨੂੰ ਇਹ ਇਨਾਮ ਨੋਬਲ ਜੇਤੂ ਮਲਾਲਾ ਯੂਸਫਜ਼ਈ ਦੇ ਹੱਥੀਂ ਦਿੱਤਾ ਗਿਆ। ਇਸ ਮੌਕੇ ਮਲਾਲਾ ਨੇ ਕਿਹਾ, ‘ਮੁਹੰਮਦ ਅਲ ਜੁੰਦੇ ਇਹ ਗੱਲ ਜਾਣਦਾ ਹੈ ਕਿ ਸੀਰੀਆ ਦਾ ਭਵਿੱਖ ਬੱਚਿਆਂ ਉੱਤੇ ਹੈ ਅਤੇ ਉਨ੍ਹਾਂ ਦਾ ਭਵਿੱਖ ਸਿੱਖਿਆ ਉੱਤੇ ਨਿਰਭਰ ਹੈ। ਮੁਸੀਬਤਾਂ ਦੇ ਬਾਵਜੂਦ ਅਲ ਜੁੰਦੇ ਅਤੇ ਉਨ੍ਹਾਂ ਦਾ ਪਰਵਾਰ ਕਈ ਬੱਚਿਆਂ ਨੂੰ ਸਕੂਲ ਜਾਣ ‘ਚ ਮਦਦ ਕਰ ਰਿਹਾ ਹੈ।’ ਮਲਾਲਾ ਨੇ ਕਿਹਾ ਕਿ ਇਸ ਸਮੇਂ ਦੁਨੀਆ ਵਿੱਚ ਕਰੀਬ 28 ਕਰੋੜ ਬੱਚੇ ਉੱਜੜੇ ਹਨ। ਇਕੱਲੇ ਸੀਰੀਆ ਵਿੱਚ ਜੰਗ ਨਾਲ ਕਰੀਬ 25 ਲੱਖ ਬੱਚੇ ਸ਼ਰਨਾਰਥੀ ਜੀਵਨ ਬਤੀਤ ਕਰਨ ਨੂੰ ਮਜ਼ਬੂਰ ਹਨ।