ਸੀਨੀਅਰਾਂ ਲਈ ਯੋਜਨਾ ਵਿੱਚ ਪਰਵਾਸੀ ਸੀਨੀਅਰ ਸ਼ਾਮਲ ਰੱਖੇ ਜਾਣ

ਉਂਟੇਰੀਓ ਸਰਕਾਰ ਨੇ ਬੀਤੇ ਦਿਨੀਂ ਅਗਲੇ ਤਿੰਨ ਸਾਲ ਲਈ ਸੀਨੀਅਰਾਂ ਵਾਸਤੇ ਯੋਜਨਾ ਦੀ ਘੁੰਡ ਚੁਕਾਈ ਕਰਦੇ ਹੋਏ 155 ਮਿਲੀਅਨ ਡਾਲਰ ਖਰਚ ਕਰਨ ਦਾ ਐਲਾਨ ਕੀਤਾ ਹੈ। ਇਸ ਯੋਜਨਾ ਦਾ ਨਾਮ  ‘Aging With Confidence: Ontario’s Action Plan for Seniors’ (ਵਿਸ਼ਵਾਸ਼ ਨਾਲ ਬਜ਼ੁਰਗ ਹੋਣਾ: ਉਂਟੇਰੀਓ ਦੀ ਸੀਨੀਅਰਾਂ ਲਈ ਕਾਰਵਾਈ ਦੀ ਯੋਜਨਾ) ਰੱਖਿਆ ਗਿਆ ਹੈ। ਸਰਕਾਰ ਦੀ ਨਵੀਂ ਯੋਜਨਾ ਤਹਿਤ ਅਗਲੇ ਚਾਰ ਸਾਲਾਂ ਵਿੱਚ ਉਂਟੇਰੀਓ ਭਰ ਵਿੱਚ 500 ਨਵੇਂ ਲੌਂਗ ਟਰਮ ਕੇਅਰ ਬੈੱਡ ਹੋਂਦ ਵਿੱਚ ਲਿਆਂਦੇ ਜਾਣਗੇ, ਪਰਸਨਲ ਸੁਪੋਰਟ ਵਰਕਰਾਂ ਵੱਲੋਂ ਕੀਤੀ ਜਾਂਦੀ ਸੇਵਾ ਵਿੱਚ ਵਾਧਾ ਕੀਤਾ ਜਾਵੇਗਾ। ਯਤਨ ਇਹ ਵੀ ਕੀਤੇ ਜਾਣਗੇ ਕਿ ਸੀਨੀਅਰਾਂ ਨੂੰ ਹਸਪਤਾਲਾਂ ਅਤੇ ਲੌਂਗ ਟਰਮ ਕੇਅਰ ਵਿੱਚ ਜਾਣ ਦੀ ਥਾਂ ਆਪੋ ਆਪਣੇ ਘਰ ਵਿੱਚ ਹੀ ਬਿਹਤਰ ਜੀਵਨ ਜਿਉਣ ਦੀ ਸੁਵਿਧਾ ਮਿਲ ਸਕੇ।

ਸੀਨੀਅਰਾਂ ਦੀਆਂ ਲੋੜਾਂ ਅਤੇ ਇਹਨਾਂ ਲੋੜਾਂ ਨੂੰ ਪੂਰਾ ਕਰਨ ਲਈ ਲੋੜੀਂਦੇ ਸ੍ਰੋਤ ਸਰਕਾਰ ਵੱਲੋਂ ਅਲਾਟ ਕੀਤੇ ਗਏ 155 ਮਿਲੀਅਨ ਡਾਲਰ ਨਾਲੋਂ ਕਿਤੇ ਵੱਧ ਗਿਣਤੀ ਵਿੱਚ ਚਾਹੀਦੇ ਹਨ। 2016 ਦੇ ਜਨਸੰਖਿਆ ਦੇ ਅੰਕੜਿਆਂ ਮੁਤਾਬਕ ਕੈਨੇਡਾ ਵਿੱਚ ਸੀਨੀਅਰਾਂ ਦੀ ਗਿਣਤੀ ਬੱਚਿਆਂ ਨਾਲੋਂ ਵੱਧ ਚੁੱਕੀ ਹੈ। ਜੇਕਰ 2016 ਵਿੱਚ ਕੈਨੇਡਾ ਵਿੱਚ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਗਿਣਤੀ 58 ਲੱਖ ਸੀ ਤਾਂ ਸੀਨੀਅਰਾਂ ਦੀ ਗਿਣਤੀ 59 ਲੱਖ ਸੀ। ਇਹ ਉਹ ਸਥਿਤੀ ਹੈ ਜਿੱਥੇ ਕੱਲ ਨੂੰ ਕਮਾਈ ਕਰਕੇ ਆਰਥਕਤਾ ਨੂੰ ਮਜ਼ਬੂਤ ਕਰਨ ਵਾਲੇ ਹੱਥਾਂ ਨਾਲੋਂ ਆਪਣੇ ਜੀਵਨ ਦਾ ਸੁਨਿਹਰੇ ਭਾਗ ਮਾਨਣ ਵਾਲੇ ਲੋਕਾਂ ਦੀ ਗਿਣਤੀ ਵੱਧ ਹੈ। 2011 ਤੋਂ ਬਾਅਦ 65 ਸਾਲ ਤੋਂ ਵੱਧ ਉਮਰ ਦੇ ਸੀਨੀਅਰਾਂ ਦੀ ਗਿਣਤੀ ਵਿੱਚ 20% ਵਾਧਾ ਹੋਇਆ ਹੈ ਜਦੋਂ ਕਿ ਕੈਨੇਡਾ ਦੀ ਕੁੱਲ ਜਨਸੰਖਿਆ ਮਹਿਜ਼ 5% ਰਫ਼ਤਾਰ ਨਾਲ ਵੱਧ ਰਹੀ ਹੈ।

ਸੀਨੀਅਰਾਂ ਦੀਆਂ ਲੋੜਾਂ ਨੂੰ ਇੱਕ ਖਾਸ ਪਰੀਪੇਖ ਵਿੱਚ ਰੱਖ ਕੇ ਵੇਖਣ ਦੀ ਲੋੜ ਹੈ। ਉਂਟੇਰੀਓ ਵਿੱਚ ਸੀਨੀਅਰਾਂ ਲਈ ਰਾਖਵੇਂ ਰੱਖੇ ਗਏ ਫੰਡਾਂ ਦਾ 60% ਹਿੱਸਾ ਉਹਨਾਂ ਗੰਭੀਰ ਸਮੱਸਿਆਵਾਂ ਵਾਲੇ ਸੀਨੀਅਰਾਂ ਉੱਤੇ ਖਰਚ ਹੁੰਦਾ ਹੈ ਜੋ ਵੈਸੇ ਸੀਨੀਅਰਾਂ ਦੀ ਗਿਣਤੀ ਦਾ ਮਹਿਜ਼ 10% ਹਿੱਸਾ ਬਣਦੇ ਹਨ। ਇਸਤੋਂ ਉਲਟ ਉਂਟੇਰੀਓ ਦੇ ਕੁੱਲ ਸੀਨੀਅਰਾਂ ਵਿੱਚੋਂ ਉਹ 50% ਸੀਨੀਅਰ ਜੋ ਸਿਹਤੰਮਦ ਹਨ, ਉਹਨਾਂ ਉੱਤੇ ਫੰਡਾਂ ਦਾ ਮਹਿਜ਼ 6% ਖਰਚ ਕੀਤਾ ਜਾਂਦਾ ਹੈ। ਇਹ ਤੱਥ ਸਾਬਤ ਕਰਦਾ ਹੈ ਕਿ ਜਿਹੜੇ ਸੀਨੀਅਰ ਕਸਤਰ, ਯੋਗਾ, ਮੈਡੀਟੇਸ਼ਨ ਅਤੇ ਚੰਗੀ ਸਾਵੀਂ ਖੁਰਾਕ ਖਾ ਕੇ ਆਪਣੀ ਸਿਹਤ ਦਾ ਖਿਆਲ ਰੱਖਦੇ ਹਨ, ਉਹ ਸਿਰਫ਼ ਖੁਦ ਉੱਤੇ ਹੀ ਮਿਹਰ ਨਹੀਂ ਕਰਦੇ ਸਗੋਂ ਕੈਨੇਡਾ ਦੀ ਆਰਥਕਤਾ ਵਿੱਚ ਵੀ ਵੱਡਾ ਯੋਗਦਾਨ ਪਾਉਂਦੇ ਹਨ।

ਸੇਂਟ ਮਾਉਂਟ ਸੇਨਾਈ ਹਸਪਤਾਲ ਵਿੱਚ ਸੀਨੀਅਰਾਂ ਦੇ ਵਿਭਾਗ ਦੇ ਮੁਖੀ ਡਾਕਟਰ ਸਿਨਹਾ ਨੇ ਕੈਨੇਡਾ ਭਰ ਦੇ ਸੀਨੀਅਰਾਂ ਦੀ ਸੇਵਾ ਸੰਭਾਲ ਬਾਰੇ ਇੱਕ ਕੌਮੀ ਰਣਨੀਤੀ ਤਿਆਰ ਕਰਨ ਵਿੱਚ ਵੱਡਾ ਯੋਗਦਾਨ ਪਾਇਆ ਸੀ। ਡਾਕਟਰ ਸਿਨਹਾ ਦਾ ਆਖਣਾ ਹੈ ਕਿ ਸਾਡੇ ਹਸਤਪਾਲ ਇਸ ਤਰੀਕੇ ਤਿਆਰ ਕੀਤੇ ਗਏ ਹਨ ਕਿ ਉਹ 25-26 ਸਾਲ ਦੇ ਨੌਜਵਾਨ ਦਾ ਇਲਾਜ ਕਰਨ ਲਈ ਤਾਂ ਬਹੁਤ ਢੁੱਕਵੇਂ ਹਨ ਪਰ 75-76 ਸਾਲ ਦੇ ਸੀਨੀਅਰਾਂ ਦੀ ਸੰਭਾਲ ਲਈ ਸਹੀ ਨਹੀਂ ਹਨ। ਡਾਕਟਰ ਸਿਨਹਾ ਨੂੰ ਕੈਨੇਡਾ ਵਿੱਚ ਸੀਨੀਅਰਾਂ ਬਾਰੇ ਜਾਣਕਾਰੀ ਦਾ ‘ਗੁਰੂ’ ਆਖਿਆ ਜਾਂਦਾ ਹੈ।

ਦੂਜੇ ਪਾਸੇ ਕੈਨੇਡੀਅਨ ਇਨਸਟੀਚਿਉਟ ਆਫ ਹੈਲਥ ਇਨਫਰਮੇਸ਼ਨ ਦੀ ਇੱਕ ਰਿਪੋਰਟ ਮੁਤਾਬਕ ਕੈਨੇਡਾ ਵਿੱਚ 1/5 ਸੀਨੀਅਰ ਉਹ ਹਨ ਜਿਹਨਾਂ ਦਾ ਲੌਂਗ ਟਰਮ ਕੇਅਰ ਵਿੱਚ ਜਾਣਾ ਰੋਕਿਆ ਜਾ ਸਕਦਾ ਹੈ। ਇਸ ਰਿਪੋਰਟ ਮੁਤਾਬਕ ਜੇ 2017 ਵਿੱਚ ਸੀਨੀਅਰਾਂ ਦੀ ਕੈਨੇਡਾ ਵਿੱਚ ਗਿਣਤੀ 62 ਲੱਖ ਹੈ ਤਾਂ ਅਗਲੇ 20 ਸਾਲ ਵਿੱਚ ਇਹ ਨਫ਼ਰੀ ਵੱਧ ਕੇ ਦੁੱਗਣੀ ਦੇ ਕਰੀਬ (1 ਕਰੋੜ 4 ਲੱਖ) ਹੋ ਜਾਵੇਗੀ। ਐਨੀ ਵੱਧਦੀ ਜਾ ਰਹੀ ਵੱਸੋਂ ਨੂੰ ਸਹੀ ਸੰਭਾਲ ਪ੍ਰਦਾਨ ਕਰਨ ਲਈ ਸਰਕਾਰਾਂ ਨੂੰ ਅੱਜ ਤੋਂ ਹੀ ਸੋਚਣਾ ਹੋਵੇਗਾ ਕਿਉਂਕਿ ਸੀਨੀਅਰ ਸੰਭਾਲ ਇੱਕ ਮਹਿੰਗਾ ਕਾਰਜ ਹੈ। ਜੇਕਰ ਕੋਈ ਸੀਨੀਅਰ ਇੱਕ ਦਿਨ ਲਈ ਹਸਪਤਾਲ ਵਿੱਚ ਦਾਖ਼ਲ ਹੁੰਦਾ ਹੈ ਤਾਂ ਪ੍ਰਤੀ ਦਿਨ 1000 ਡਾਲਰ ਖਰਚ ਹੁੰਦਾ ਹੈ ਜਦੋਂ ਕਿ ਲੌਂਗ ਟਰਮ ਕੇਅਰ ਵਿੱਚ ਪ੍ਰਤੀ ਦਿਨ 160 ਡਾਲਰ ਅਤੇ ਘਰ ਵਿਖੇ ਸੇਵਾ ਕਰਨ ਵਿੱਚ 55 ਡਾਲਰ।

ਸਾਊਥ ਏਸ਼ੀਅਨ ਖਾਸ ਕਰਕੇ ਪੰਜਾਬੀ ਕਮਿਉਨਿਟੀ ਦੇ ਸੀਨੀਅਰ ਵੱਡੀ ਗਿਣਤੀ ਵਿੱਚ ਘਰਾਂ ਵਿੱਚ ਹੀ ਸੇਵਾ ਸੰਭਾਲ ਪ੍ਰਾਪਤ ਕਰਦੇ ਹਨ। ਅਜਿਹਾ ਸਾਡੀਆਂ ਸੱਭਿਆਚਾਰਕ ਕਦਰਾਂ ਕੀਮਤਾਂ ਕਾਰਣ ਹੈ ਪਰ ਅੱਗੇ 2 ਜ਼ਮਾਨਾ ਬਦਲ ਰਿਹਾ ਹੈ। ਸਾਡੇ ਸੀਨੀਅਰਾਂ ਨੂੰ ਅੱਗੇ ਅੱਗੇ ਲੌਂਗ ਟਰਮ ਕੇਅਰ ਸੈਂਟਰਾਂ ਵਿੱਚ ਰਹਿਣ ਦੀ ਲੋੜ ਵੱਧ ਮਾਤਰਾ ਵਿੱਚ ਹੋਵੇਗੀ।

ਹੁਣ ਤੱਕ ਸਾਡੇ ਹਸਪਤਾਲਾਂ, ਲੌਂਗ ਟਰਮ ਕੇਅਰ ਸੈਂਟਰਾਂ ਵਿੱਚ ਸੇਵਾ ਸੰਭਾਲ ਦੇ ਮਾਪਦੰਡ ਯੂਰਪੀਅਨ ਜਨਸੰਖਿਆ ਨੂੰ ਧਿਆਨ ਵਿੱਚ ਰੱਖ ਕੇ ਬਣਾਏ ਗਏ ਹਨ। ਇਹਨਾਂ ਵਿੱਚ ਪਰਵਾਸੀ ਸੀਨੀਅਰਾਂ ਦੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ। ਭੱਵਿਖ ਵਿੱਚ ਸੀਨੀਅਰਾਂ ਲਈ ਬਣਾਈ ਜਾਣ ਵਾਲੀ ਹਰ ਯੋਜਨਾ ਵਿੱਚ ਪਰਵਾਸੀ ਸੀਨੀਅਰਾਂ ਦੀ ਸੇਵਾ ਸੰਭਾਲ ਦੇ ਪੱਖ ਨੂੰ ਸਾਹਮਣੇ ਰੱਖਿਆ ਜਾਵੇ। ਇਸ ਲੋੜ ਬਾਰੇ ਇੱਕ ਮਿਸਾਲ ਦੇਣੀ ਕਾਫ਼ੀ ਹੋਵੇਗੀ। ਰੀਜਨ ਆਫ ਪੀਲ ਵੱਲੋਂ ਤਿਆਰ ਕੀਤੀ ਇੱਕ ਰਿਪੋਰਟ ਮੁਤਾਬਕ ਪੀਲ ਰੀਜਨ ਵਿੱਚ ਸੀਨੀਅਰਾਂ ਦੀ ਗਿਣਤੀ ਵਿੱਚ 74% ਵਾਧਾ ਪਰਵਾਸੀ ਸੀਨੀਅਰਾਂ ਦੇ ਕੈਨੇਡਾ ਆ ਕੇ ਵੱਸਣ ਨਾਲ ਹੋ ਰਿਹਾ ਹੈ। ਇਹ ਤੱਥ ਸਾਬਤ ਕਰਦਾ ਹੈ ਕਿ ਬਦਲੀਆਂ ਪ੍ਰਸਥਿਤੀਆਂ ਦੇ ਸਨਮੁਖ ਸੀਨੀਅਰਾਂ ਦੀ ਸੰਭਾਲ ਲਈ ਕੀਤੇ ਜਾਣ ਵਾਲੇ ਹਰ ਨਵੇਂ ਉੱਦਮ ਵਿੱਚ ਪਰਵਾਸੀ ਸੀਨੀਅਰਾਂ ਨੂੰ ਅੱਖੋ ਪਰੋਖੇ ਨਹੀਂ ਕੀਤਾ ਜਾਣਾ ਚਾਹੀਦਾ।