ਸੀਐਨਐਨ ਦੇ ਸੈਲੇਬ੍ਰਿਟੀ ਸ਼ੈੱਫ ਐਂਥਨੀ ਬਰਡੇਨ ਨੇ ਕੀਤੀ ਖੁਦਕੁਸ਼ੀ

ਵਾਸਿ਼ੰਗਟਨ, 8 ਜੂਨ (ਪੋਸਟ ਬਿਊਰੋ) : ਸੈਲੇਬ੍ਰਿਟੀ ਸ਼ੈੱਫ ਐਨਥਨੀ ਬਰਡੇਨ ਨੇ ਖੁਦਕੁਸ਼ੀ ਕਰਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਇਹ ਜਾਣਕਾਰੀ ਸੀਐਨਐਨ ਨੇ ਸ਼ੁੱਕਰਵਾਰ ਸਵੇਰੇ ਦਿੱਤੀ।
ਬਰਡੇਨ ਸੀਐਨਐਨ ਦੇ ਹੋਸਟ ਤੇ ਸੈਲੇਬ੍ਰਿਟੀ ਸ਼ੈੱਫ ਸਨ। ਨੈੱਟਵਰਕ ਵੱਲੋਂ ਵੀ ਇਹੋ ਆਖਿਆ ਗਿਆ ਹੈ ਕਿ ਉਨ੍ਹਾਂ ਨੇ ਖੁਦਕੁਸ਼ੀ ਕੀਤੀ ਹੈ। ਬਰਡੇਨ ਦੇ ਨੇੜਲੇ ਦੋਸਤ ਤੇ ਫਰੈਂਚ ਸੈ਼ੱਫ ਐਰਿਕ ਰਿਪਰਟ ਨੇ ਦੱਸਿਆ ਕਿ ਫਰਾਂਸ ਦੇ ਇੱਕ ਹੋਟਲ ਵਿੱਚ ਉਨ੍ਹਾਂ ਨੂੰ ਉਹ ਮ੍ਰਿਤਕ ਪਏ ਮਿਲੇ। ਨੈੱਟਵਰਕ ਨੇ ਦੱਸਿਆ ਕਿ ਬਰਡੇਨ ਇਸ ਸਮੇਂ “ਐਂਥਨੀ ਬਰਡੇਨ : ਪਾਰਕਸ ਅਨ-ਨੋਨ” ਸੋ਼ਅ ਦੇ ਅਗਲੇ ਐਪੀਸੋਡ ਦੀ ਤਿਆਰੀ ਕਰ ਰਹੇ ਸਨ।
ਸੀਐਨਐਨ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਆਪਣੇ ਦੋਸਤ ਤੇ ਕੁਲੀਗ ਦੀ ਮੌਤ ਦੀ ਪੁਸ਼ਟੀ ਕਰਦਿਆਂ ਹੋਇਆਂ ਉਨ੍ਹਾਂ ਨੂੰ ਬਹੁਤ ਦੁਖ ਤੇ ਅਫਸੋਸ ਹੋ ਰਿਹਾ ਹੈ। ਐਡਵੈਂਚਰ, ਨਵੇਂ ਦੋਸਤਾਂ, ਚੰਗੇ ਖਾਣੇ ਤੇ ਪੀਣ ਦਾ ਸ਼ੌਕ ਰੱਖਣ ਵਾਲੇ ਬਰਡੇਨ ਨੂੰ ਉਨ੍ਹਾਂ ਦੇ ਕਹਾਣੀ ਦੱਸਣ ਦੇ ਖਾਸ ਅੰਦਾਜ਼ ਕਾਰਨ ਕਾਫੀ ਪਸੰਦ ਕੀਤਾ ਜਾਂਦਾ ਸੀ। ਉਨ੍ਹਾਂ ਵਿੱਚ ਕਮਾਲ ਦਾ ਟੇਲੈਂਟ ਸੀ ਤੇ ਅਸੀਂ ਹਮੇਸ਼ਾਂ ਉਨ੍ਹਾਂ ਨੂੰ ਚੇਤੇ ਰੱਖਾਂਗੇ। ਇਸ ਦੁੱਖ ਦੀ ਘੜੀ ਵਿੱਚ ਸਾਡੇ ਵੱਲੋਂ ਉਨ੍ਹਾਂ ਦੀ ਧੀ ਤੇ ਪਰਿਵਾਰ ਲਈ ਅਰਦਾਸ ਕੀਤੀ ਜਾਂਦੀ ਹੈ।