ਸੀਅਰਜ਼ ਕੈਨੇਡਾ ਬੰਦ ਕਰਨਾ ਚਾਹੁੰਦੀ ਹੈ ਆਪਣੇ ਸਾਰੇ ਸਟੋਰਜ਼

2
1200 ਕਰਮਚਾਰੀ ਹੋ ਜਾਣਗੇ ਵਿਹਲੇ
ਟੋਰਾਂਟੋ, 10 ਅਕਤੂਬਰ (ਪੋਸਟ ਬਿਊਰੋ) : ਸੀਅਰਜ਼ ਕੈਨੇਡਾ ਨੇ ਆਪਣੇ 130 ਦੇ ਲੱਗਭਗ ਸਟੋਰਜ਼ ਨੂੰ ਬੰਦ ਕਰਨ ਦਾ ਫੈਸਲਾ ਕਰ ਲਿਆ ਹੈ। ਇਸ ਨਾਲ ਦੇਸ਼ ਵਿੱਚ 12000 ਹੋਰ ਕਰਮਚਾਰੀ ਵਿਹਲੇ ਹੋ ਜਾਣਗੇ।
ਸੰਘਰਸ਼ ਕਰ ਰਹੀ ਇਸ ਰਿਟੇਲਰ ਕੰਪਨੀ ਨੇ ਜੂਨ ਵਿੱਚ ਆਪਣੇ ਕ੍ਰੈਡੇਟਰਜ਼ ਤੋਂ ਪ੍ਰੋਟੈਕਸ਼ਨ ਮੰਗੀ ਸੀ। ਪਰ ਮੰਗਲਵਾਰ ਨੂੰ ਕੰਪਨੀ ਨੇ ਆਖਿਆ ਕਿ ਉਨ੍ਹਾਂ ਨੂੰ ਕੋਈ ਢੁਕਵਾਂ ਖਰੀਦਦਾਰ ਨਹੀਂ ਮਿਲਿਆ ਜਿਸ ਕਾਰਨ ਉਹ ਇਸ ਨੂੰ ਹੋਰ ਦੇਰ ਤੱਕ ਨਹੀਂ ਚਲਾ ਸਕਦੇ। ਸੀਅਰਜ਼ ਕੈਨੇਡਾ ਵੱਲੋਂ ਅਦਾਲਤ ਤੋਂ ਆਪਣੇ ਕਾਰੋਬਾਰ ਨੂੰ ਬੰਦ ਕਰਨ ਲਈ ਮਨਜ਼ੂਰੀ ਲੈਣ ਵਾਸਤੇ ਅਰਜ਼ੀ ਲਾਈ ਹੋਈ ਹੈ। ਹੁਣ ਇਸ ਮਾਮਲੇ ਦੀ ਨਿਗਰਾਨੀ ਕਰ ਰਹੀ ਅਦਾਲਤ ਨੇ ਸੁ਼ੱਕਰਵਾਰ ਨੂੰ ਇਸ ਸਬੰਧ ਵਿੱਚ ਸੁਣਵਾਈ ਰੱਖੀ ਹੈ।
ਮੰਗਲਵਾਰ ਨੂੰ ਇੱਕ ਬਿਆਨ ਵਿੱਚ ਸੀਅਰਜ਼ ਕੈਨੇਡਾ ਨੇ ਆਖਿਆ ਕਿ ਕੰਪਨੀ ਨੂੰ ਆਪਣੇ ਦਰਵਾਜ਼ੇ ਬੰਦ ਕਰਨ ਤੇ ਕਈ ਕਰਮਚਾਰੀਆਂ ਦੀ ਨੌਕਰੀ ਖੁੱਸ ਜਾਣ ਦਾ ਬੇਹੱਦ ਅਫਸੋਸ ਹੈ। ਜਿ਼ਕਰਯੋਗ ਹੈ ਕਿ ਪਿਛਲੇ ਹਫਤੇ ਸੀਅਰਜ਼ ਨੂੰ ਇੱਕ ਖਰੀਦਦਾਰ ਗਰੁੱਪ ਦੇ ਐਗਜ਼ੈਕਟਿਵ ਚੇਅਰਮੈਨ ਬਰੈਂਡਨ ਸਟਰੈਂਜ਼ਲ ਦਾ ਸੁਨੇਹਾ ਆਇਆ ਸੀ ਜਿਸ ਵਿੱਚ ਉਨ੍ਹਾਂ ਸਮੁੱਚੇ ਕਾਰੋਬਾਰ ਨੂੰ ਖਰੀਦਣ ਤੇ ਚਲਾਉਣ ਦੀ ਪੇਸਕਸ ਕੀਤੀ ਸੀ। ਪਰ ਇਸ ਤੋਂ ਪਹਿਲਾਂ ਸਟਰੈਂਜ਼ਲ ਕੰਪਨੀ ਨੂੰ ਖਰੀਦਣ ਤੋਂ ਪਾਸੇ ਹਟ ਗਈ ਸੀ। ਮੰਗਲਵਾਰ ਨੂੰ ਰਿਟੇਲਰ ਨੇ ਆਖਿਆ ਕਿ ਇਸ ਸਬੰਧ ਵਿੱਚ ਕੋਈ ਢੰਗ ਦਾ ਲੈਣ ਦੇਣ ਅਜੇ ਨਹੀਂ ਹੋਇਆ ਹੈ।
ਸਟਰੈਂਜ਼ਲ ਦੇ ਵਕੀਲ ਨੇ ਵੀ ਫੌਰਨ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਸੀਅਰਜ਼ ਕੈਨੇਡਾ ਲਈ ਕੋਰਟ ਵੱਲੋਂ ਨਿਯੁਕਤ ਨਿਗਰਾਨ ਐਫਟੀਆਈ ਕੰਸਲਟਿੰਗ ਕੈਨੇਡਾ ਨੇ ਪਿਛਲੇ ਹਫਤੇ ਅਦਾਲਤ ਨੂੰ ਦੱਸਿਆ ਸੀ ਕਿ ਸਟਰੈਂਜ਼ਲ ਵੱਲੋਂ ਇਸ ਸੋਧੀ ਹੋਈ ਪੇਸ਼ਕਸ ਉੱਤੇ ਗੌਰ ਕੀਤਾ ਜਾ ਸਕਦਾ ਹੈ ਪਰ ਕੰਪਨੀ ਕੋਲ ਨਾ ਤਾਂ ਇਸ ਵਕਤ ਪੈਸਾ ਹੈ ਤੇ ਨਾ ਹੀ ਸਮਾਂ ਹੈ। ਸੀਅਰਜ਼ ਕੈਨੇਡਾ ਕੋਲ ਇਸ ਸਮੇਂ 74 ਫੁੱਲ ਡਿਪਾਰਟਮੈਂਟ ਸਟੋਰ ਲੋਕੇਸ਼ਨਜ਼, ਅੱਠ ਸੀਅਰਜ਼ ਹੋਮ ਸਟੋਰਜ਼, 49 ਸੀਅਰਜ਼ ਹੋਮਟਾਊਨ ਸਟੋਰਜ਼ ਹਨ, ਤੇ ਕੰਪਨੀ ਦੇ ਬੁਲਾਰੇ ਜੋਇਲ ਸੈ਼ਫਰ ਅਨੁਸਾਰ ਇਨ੍ਹਾਂ ਸਾਰਿਆਂ ਨੂੰ ਬੰਦ ਕੀਤਾ ਜਾ ਰਿਹਾ ਹੈ।