ਸਿੱਧੇ ਮੁਕਾਬਲੇ ਦੌਰਾਨ ਪੰਜ ਨਕਸਲੀ ਮਾਰੇ ਗਏ


ਲਾਤੇਹਾਰ, 4 ਅਪ੍ਰੈਲ (ਪੋਸਟ ਬਿਊਰੋ)- ਝਾਰਖੰਡ ਜ਼ਿਲੇ ਵਿੱਚ ਬੁੱਧਵਾਰ ਨੂੰ ਸੁਰੱਖਿਆ ਫੋਰਸ ਤੇ ਨਕਸਲੀਆਂ ਵਿਚਾਲੇ ਮੁਕਾਬਲਾ ਹੋਇਆ। ਨਕਸਲੀਆਂ ਦੀ ਮੀਟਿੰਗ ਦੀ ਸੂਚਨਾ ਉੱਤੇ ਹੇਰਹੰਜ ਥਾਣਾ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਸਿਕੀਦ ਅਤੇ ਕੇਡੂ ਵਿਚਕਾਰ ਜੰਗਲ ਵਿੱਚ ਜਵਾਨਾਂ ਦਾ ਸਾਹਮਣਾ ਨਕਸਲੀਆਂ ਨਾਲ ਹੋ ਗਿਆ। ਦੋਵਾਂ ਪਾਸਿਓਂ ਹੋਈ ਫਾਇਰਿੰਗ ਵਿੱਚ 5 ਨਕਸਲੀ ਮਾਰੇ ਗਏ। ਮੌਕੇ ਉੱਤੇ ਲਈ ਤਲਾਸ਼ੀ ਵਿੱਚ ਉਨ੍ਹਾਂ ਕੋਲ ਦੋ ਐੈੱਸ ਐੈੱਲ ਆਰ, ਦੋ ਇੰਸਾਸ, ਇਕ 315 ਬੋਰ ਰਾਈਫਲ ਅਤੇ ਵੱਡੀ ਗਿਣਤੀ ਵਿੱਚ ਗੋਲੀਆਂ ਮਿਲੀਆਂ ਹਨ।
ਐੈੱਸ ਪੀ ਪ੍ਰਸ਼ਾਂਤ ਨੇ ਦੱਸਿਆ ਕਿ ਹੇਰਹੰਜ ਦੇ ਜੰਗਲਾਂ ਵਿੱਚ ਕਾਫੀ ਗਿਣਤੀ ਵਿੱਚ ਨਕਸਲੀਆਂ ਦੇ ਕਿਸੇ ਹਮਲੇ ਲਈ ਇਕੱਠੇ ਹੋਣ ਦੀ ਜਾਣਕਾਰੀ ਮਿਲੀ ਸੀ। ਇਸ ਪਿੱਛੋਂ ਮੰਗਲਵਾਰ ਰਾਤ ਪੁਲਸ, ਸੀ ਆਰ ਪੀ ਐੈੱਫ ਅਤੇ ਝਾਰਖੰਡ ਜਗੁਆਰ ਦੇ ਜਵਾਨਾਂ ਨੇ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ। ਸੁਰੱਖਿਆ ਫੋਰਸ ਦੇ ਜਵਾਨ ਜਦੋਂ ਨਕਸਲੀਆ ਦੇ ਕੋਲ ਪਹੁੰਚੇ ਤਾਂ ਉਨ੍ਹਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਥੇ ਲੱਗਭਗ 70 ਨਕਸਲੀ ਇਕੱਠੇ ਸਨ। ਜਵਾਨਾਂ ਨੇ ਜਵਾਬੀ ਕਾਰਵਾਈ ਕਰ ਕੇ 5 ਨੂੰ ਮਾਰ ਦਿੱਤਾ। ਮੁਕਾਬਲੇ ਦੌਰਾਨ ਕਈ ਹੋਰ ਮੌਕੇ ਤੋਂ ਭੱਜ ਗਏ।