ਸਿੱਖ ਹੈਰੀਟੇਜ ਮੰਥ ਦਾ ਨਿਰਪੱਖ ਲੇਖਾ ਜੋਖਾ

 

ਸਿੱਖ ਹੈਰੀਟੇਜ ਮੰਥ ਦੇ ਜਸ਼ਨ ਬੀਤੇ ਵੀਕ ਐਂਡ ਸਮਾਪਤ ਹੋ ਗਏ ਹਨ। ਮਹੀਨਾ ਭਰ ਵੱਖ 2 ਥਾਵਾਂ ਉੱਤੇ ਅਨੇਕਾਂ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਅਪਰੈਲ ਤਾਂ ਸਦਾ ਹੀ ਖਾਲਸਾਈ ਵਿਰਾਸਤ ਦਾ ਮਹੀਨਾ ਰਿਹਾ ਹੈ ਜਿਸਨੂੰ ਦੁਨੀਆਵੀ ਮਾਨਤਾ ਦੀ ਕੋਈ ਲੋੜ ਨਹੀਂ ਹੈ। ਇਹ ਆਪਣੇ ਆਪ ਵਿੱਚ ਇੱਕ ਅਦੁੱਤੀ ਘਟਨਾ ਦੇ ਪ੍ਰਤੀਕ ਦਾ ਮਹੀਨਾ ਹੈ ਜੋ ਗੁਰੂ ਸਾਹਿਬ ਨੇ ਆਪਣੇ ਮਨੁੱਖਾ ਸਰੀਰ ਵੇਲੇ ਦੀਨ ਦੁਖੀ ਨੂੰ ਮਾਣ, ਕਮਜ਼ੋਰਾਂ ਨੂੰ ਤਾਣ ਅਤੇ ਧਰਮ ਦੇ ਰਾਹ ਨਾ ਤੁਰ ਸੱਕਣ ਵਾਲਿਆਂ ਨੂੰ ਹਿੰਮਤ ਅਤੇ ਦਿਸ਼ਾ ਦੀ ਬਖ਼ਸਿ਼ਸ਼ ਕੀਤੀ। ਸੋ ਵਿਸ਼ਵ ਭਰ ਵਿੱਚ ਸਿੱਖ ਆਪੋ ਆਪਣੇ ਪੱਧਰ ਉੱਤੇ ਇਸ ਮਹੀਨੇ ਨੂੰ ਨਤਮਸਤਕ ਹੋ ਕੇ ਜਸ਼ਨ ਮਨਾਉਂਦੇ ਹਨ। ਬਹੁਤ ਥਾਵਾਂ ਉੱਤੇ ਗੁਰੂ ਸਾਹਿਬਾਨਾਂ ਦੇ ਗੁੱਝੇ ਅਧਿਆਤਮਕ ਰੱਹਸਾਂ ਨੂੰ ਸਮਝਣ ਦੀਆਂ ਕੋਸਿ਼ਸ਼ਾਂ ਗੰਭੀਰ ਸਿੱਖ ਸਾਧਕਾਂ ਵੱਲੋਂ ਕੀਤੀਆਂ ਜਾਂਦੀਆਂ ਹਨ।

ਖੈਰ ਖਾਸਲੇ ਦੀ ਜਨਮ ਧਰਤੀ ਤੋਂ ਹਜ਼ਾਰਾਂ ਮੀਲ ਦੂਰ ਇੱਕ ਨਿਵੇਕਲੇ ਵਾਤਾਵਰਣ ਕੈਨੇਡਾ ਵਿੱਚ ਸਿੱਖ ਭਾਈਚਾਰੇ ਦੇ ਯੋਗਦਾਨ, ਉਹਨਾਂ ਦੀ ਨਿਵੇਕਲੀ ਪਹਿਚਾਣ ਨੂੰ ਕਬੂਲਣ ਦੇ ਚਿੰਨ ਵਜੋਂ ਸਿਟੀ ਪੱਧਰ (ਬਰੈਂਪਟਨ ਅਤੇ ਹੋਰ ਸ਼ਹਿਰਾਂ ਵਿੱਚ), ਪ੍ਰੋਵਿੰਸ਼ੀਅਲ ਅਤੇ ਫੈਡਰਲ ਪੱਧਰ ਉੱਤੇ ਸਰਕਾਰਾਂ ਨੇ ਸੰਕੇਤਕ ਰੂਪ ਵਿੱਚ ਇਸ ਪਾਵਨ ਮਹੀਨੇ ਨੂੰ ਵਿਰਾਸਤੀ ਮਹੀਨਾ ਐਲਾਨਿਆ ਹੈ ਜੋ ਬਹੁਤ ਫਖ਼ਰ ਵਾਲੀ ਗੱਲ ਹੈ। ਵੇਖਣਾ ਬਣਦਾ ਹੈ ਕਿ ਸਿੱਖੀ ਵਿਰਾਸਤ ਨੂੰ ਲੋਕਾਈ ਸਾਹਵੇਂ ਪੇਸ਼ ਕਰਨ ਲਈ ਜਿਹਨਾਂ ਪਤਵੰਤਿਆਂ ਸਿਰ ਜੁੰਮੇਵਾਰੀ ਆਈ, ਕੀ ਉਹ ਇਸ ਗੰਭੀਰ ਵਿਸ਼ੇ ਨਾਲ ਇਨਸਾਫ ਕਰ ਸਕੇ ਜਾਂ ਨਹੀਂ।

ਇਸ ਪਰੀਪੇਖ ਵਿੱਚ ਅਸੀਂ ਗੱਲ ਬਰੈਂਪਟਨ ਸਿਟੀ ਵਿੱਚ ਮਨਾਏ ਗਏ ਜਸ਼ਨਾਂ ਦੇ ਮਾਧਿਆਮ ਰਾਹੀਂ ਕਰਦੇ ਹਾਂ। ਇਸ ਮੰਤਵ ਵਾਸਤੇ ਬਰੈਂਪਟਨ ਸਿਟੀ ਅਤੇ ਸੰਭਵਤਾ ਹੋਰ ਫੰਡ ਕਰਨ ਵਾਲੇ ਸਰਕਾਰੀ ਅਤੇ ਗੈਰ ਸਰਕਾਰੀ ਸ੍ਰੋਤਾਂ ਵੱਲੋਂ ਵੱਡੀ ਪੱਧਰ ਉੱਤੇ ਫੰਡ ਦਿੱਤੇ ਗਏ। ਇਹਨਾਂ ਫੰਡਾਂ ਦਾ ਇੱਕ ਮਕਸਦ ਵਿਰਾਸਤੀ ਮਹੀਨੇ ਬਾਰੇ ਕਮਿਉਨਿਟੀ ਵਿੱਚ ਜਾਗਰਤੀ ਪੈਦਾ ਕਰਨਾ ਹੈ। ਪਰ ਵੇਖਿਆ ਗਿਆ ਕਿ ਮਹੀਨਾ ਭਰ ਵਿੱਚ ਟੈਲੀਵੀਜ਼ਨ ਚੈਨਲ ਤੋਂ ਇਲਾਵਾ ਕਿਸੇ ਮੀਡੀਆ ਖਾਸਕਰਕੇ ਪੰਜਾਬੀ ਮੀਡੀਆ ਨਾਲ ਕੋਈ ਸਿੱਧਾ ਜਾਂ ਅੱਸਿਧਾ ਸੰਪਰਕ ਕਰਨ ਦੀ ਕੋਸਿ਼ਸ਼ ਨਹੀਂ ਕੀਤੀ ਗਈ। ਗੁਰਦੁਆਰਾ ਸਾਹਿਬਾਨਾਂ ਤੋਂ ਲੈ ਕੇ ਕਮਿਉਨਿਟੀ ਵਿੱਚ ਵਰਤਣ ਵਾਲੇ ਸੋਗ ਖੁਸ਼ੀਆਂ ਦੇ ਸਮਾਗਮਾਂ ਦੀਆਂ ਖਬਰਾਂ ਲਈ ਪੰਜਾਬੀ ਮੀਡੀਆ ਦੀ ਭੂਮਿਕਾ ਬਾਰੇ ਸਾਰੇ ਜਾਣੂੰ ਹਨ। ਸੁਆਲ ਹੈ ਕਿ ਸਿੱਖ ਹੈਰੀਟੇਜ ਮੰਥ ਨੇ ਇਸ ਪੱਖ ਨੂੰ ਅੱਖੋਂ ਪਰੋਖੇ ਕਿਉਂ ਰੱਖਿਆ?

ਸਿਫ਼ਤ ਕਰਨੀ ਬਣਦੀ ਹੈ ਕਿ  www.ontariosikhheritagemonth.ca ਨਾਮਕ ਇੱਕ ਵੈੱਬਸਾਈਟ ਬਣਾਈ ਗਈ ਹੈ ਜਿਸਦੀ ਦਿੱਖ ਪ੍ਰੋਫੈਸ਼ਨਲ ਹੈ। ਇਸ ਮਹੀਨੇ ਦੇ ਚੰਦ ਕੁ ਦਿਨਾਂ ਲਈ ਪੀਲ ਅਰਟ ਗੈਲਰੀ, ਮਿਊਜ਼ੀਅਮ ਅਤੇ ਆਰਕਾਈਵਜ਼ ( Peel Art Gallery, Museum and Archives (PAMA)) ਭਾਵ ਪਾਮਾ ਦੇ ਸਹਿਯੋਗ ਨਾਲ ਕਈ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਗਤੀਵਿਧੀਆਂ ਦੀ ਜੋ ਲਿਸਟ ਤਿਆਰ ਕੀਤੀ ਗਈ,ਉਸਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਹੈ ਕਲਾ(Arts), ਕਮਿਉਨਿਟੀ(Community), ਸਿਹਤ ਅਤੇ ਸਲਾਮਤੀ (Health and Wellness)  ਅਤੇ ਸਮਾਜਕ ਨਿਆਂ (Social Justice)। ਪਰ ਸਿੱਖੀ ਅਧਿਆਤਮਵਾਦ ਜਾਂ ਸਿੱਖੀ ਸਿਧਾਂਤ ਬਾਰੇ ਕੋਈ ਭਾਗ ਨਹੀਂ ਰੱਖਿਆ ਗਿਆ। ਇਸਦੇ ਖਾਮੀ ਦੇ ਬਾਵਜੂਦ ਕੁੱਝ ਗਤੀਵਿਧੀਆਂ ਜਿਵੇਂ ਕਿ ਸਤਨਾਮ ਤੋਂ ਵਾਹਿਗੁਰੂ, ਮੂਲ ਮੰਤਰ ਦੇ 31 ਮਿੰਟ ਦਾ ਸਿੱਧਾ ਸਬੰਧ ਸਿੱਖੀ ਅਧਿਆਤਮਵਾਦ ਅਤੇ ਸਿਧਾਂਤ ਨਾਲ ਹੈ ਜੋ ਚੰਗੀ ਗੱਲ ਹੈ।

ਪਰ ਕਈ ਗਤੀਵਿਧੀਆਂ ਅਜਿਹੀਆਂ ਸਨ ਜਿਹਨਾਂ ਬਾਰੇ ਕਿਹਾ ਜਾ ਸਕਦਾ ਹੈ ਕਿ ਇਹ ਸਿੱਖ ਵਿਰਾਸਤ ਨਾਲੋਂ ਮਨੋਰੰਜਨ ਪੱਖੀ ਵਧੇਰੇ ਸਨ, ਸਿਵਾਏ ਇਸ ਤੱਥ ਤੋਂ ਕਿ ਇਹਨਾਂ ਵਿੱਚ ਸ਼ਮੂਲੀਅਤ ਕਰਨ ਵਾਲੇ ਕਲਾਕਾਰ ਸਿੱਖ ਪਰਿਵਾਰਾਂ ਨਾਲ ਸਬੰਧਿਤ ਹਨ। ਮਿਸਾਲ ਵਜੋਂ ਹੰਬਲ ਦਾ ਪੋਇਟ ਜਾਂ ਰੂਪੀ ਕੌਰ (ਆਪੋ ਆਪਣੀ ਵਿਧਾ ਵਿੱਚ ਬਹੁਤ ਮਸ਼ਹੂਰ ਕਲਾਕਾਰ) ਸ਼ਾਇਦ ਸਿੱਖ ਵਿਰਾਸਤ ਦੇ ਨੁਮਾਇੰਦੇ ਹੋਣ ਨਾਲੋਂ ਕਲਾਕਾਰ ਵਧੇਰੇ ਹਨ।

ਗਤੀਵਿਧੀਆਂ ਲਈ ਜੁੰਮੇਵਾਰ ਕਮੇਟੀ ਨੂੰ ਵੀ ਵਧੇਰੇ ਸਪੱਸ਼ਟ ਅਤੇ ਪਾਰਦਰਸ਼ੀ ਹੋਣਾ ਚਾਹੀਦਾ ਹੈ। ਵੱਖ 2 ਸ੍ਰੋਤਾਂ ਤੋਂ ਮਿਲੇ ਫੰਡਾਂ ਦਾ ਹਿਸਾਬ ਕਿਤਾਬ ਕਮਿਉਨਿਟੀ ਪਲੇਟਫਾਰਮ ਵਰਤ ਕੇ ਜਾਂ ਆਪਣੀ ਵੈੱਬਸਾਈਟ ਉੱਤੇ ਪਾਉਣੇ ਚਾਹੀਦੇ ਹਨ। ਚੁੱਕੇ ਗਏ ਕੁੱਝ ਵਿਵਾਦਪੂਰਣ ਕਦਮਾਂ (ਮਿਸਾਲ ਵਜੋਂ ਵੱਖਰੇ ਸਟਾਈਲ ਦੇ ਸਿੱਖ ਨਿਸ਼ਾਨ ਸਾਹਿਬ ਦੀ ਪਿਰਤ ਪਾਉਣੀ) ਆਦਿ ਬਾਰੇ ਵੀ ਆਪਣਾ ਸਟੈਂਡ ਸਪੱਸ਼ਟ ਕਰਨਾ ਬਣਦਾ ਹੈ। ਬੇਸ਼ੱਕ ਉਂਟੇਰੀਓ ਸਿੱਖਜ਼ ਅਤੇ ਗੁਰਦੁਆਰਾ ਕਾਉਂਸਲ ਅਤੇ ਉਂਟੇਰੀਓ ਗੁਰਦੁਆਰਾ ਕਮੇਟੀ ਦੇ ਮੈਂਬਰ ਇਸ ਮੁੱਦੇ ਨੂੰ ਹੱਲ ਕਰਨ ਦੀ ਗੱਲ ਕਰਦੇ ਰਹੇ ਹਨ ਪਰ ਹਾਲੇ ਤੱਕ ਕੋਈ ਠੋਸ ਸਿੱਟੇ ਸਾਹਮਣੇ ਨਹੀਂ ਆਏ।

ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਅਗਲੇ ਸਾਲ ਇਹਨਾਂ ਖਾਮੀਆਂ ਨੂੰ ਦੂਰ ਕਰਕੇ ਸਿੱਖ ਵਿਰਾਸਤ ਬਾਬਤ ਹੋਰ ਚੰਗੇਰੇ ਪ੍ਰਭਾਵ ਪੈਦਾ ਕਰਨ ਦੀ ਕੋਸ਼ਸ਼ ਕੀਤੀ ਜਾਵੇਗੀ। ਪੰਜਾਬੀ ਮੀਡੀਆ ਤੋਂ ਬਣਦੀ ਸਹਾਇਤਾ ਹਾਸਲ ਕਰਨ ਵਿੱਚ ਹਰਜ਼ ਨਹੀਂ ਹੋਵੇਗਾ ਜਿਸ ਨਾਲ ਪਹਿਲੀ ਪੀੜੀ ਦਾ ਸਿੱਖ ਭਾਈਚਾਰਾ (Sikhs of first generation) ਇਹਨਾਂ ਜਸ਼ਨਾਂ ਵਿੱਚ ਸਰਗਰਮੀ ਨਾਲ ਸ਼ਾਮਲ ਹੋ ਸਕੇਗਾ। ਪ੍ਰਬੰਧਕਾਂ ਲਈ ਧਰਵਾਸ ਵਾਲੀ ਗੱਲ ਹੋਣੀ ਚਾਹੀਦੀ ਹੈ ਕਿ ਸਹੀ ਤਰੀਕੇ ਸਪੰਰਕ ਸਾਧਿਆਂ, ਪੰਜਾਬੀ ਮੀਡੀਆ ਇਹ ਸੇਵਾ ਮੁਫਤ ਵਿੱਚ ਵੀ ਨਿਭਾ ਸਕਦਾ ਹੈ।