ਸਿੱਖ ਸਿਪਾਹੀਆਂ ਦੀ ਯਾਦ ਵਿੱਚ ਸਮੈਦਿਕ ਵਿਖੇ ‘ਵਿਸ਼ਵ ਜੰਗ ਦੇ ਸ਼ੇਰ’ ਨਾਂਅ ਦੀ ਯਾਦਗਾਰ ਬਣੇਗੀ


ਲੰਡਨ, 21 ਜੂਨ (ਪੋਸਟ ਬਿਊਰੋ)- ਪਹਿਲੀ ਵਿਸ਼ਵ ਜੰਗ ਵਿੱਚ ਹਿੱਸਾ ਲੈਣ ਵਾਲੇ ਸਿੱਖ ਯੋਧਿਆਂ ਦੀ ਯਾਦ ‘ਚ ਸਮੈਦਿਕ ਵਿਖੇ ਸਿੱਖ ਸਿਪਾਹੀ ਦਾ 10 ਫੁੱਟ ਉਚਾ ਕਾਂਸੀ ਦਾ ਬੁੱਤ ਲਾ ਕੇ ਯਾਦਗਾਰ ਉਸਾਰੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਇਹ ਯਾਦਗਾਰ ਪਹਿਲੀ ਅਤੇ ਦੂਸਰੀ ਵਿਸ਼ਵ ਜੰਗ ਵਿੱਚ ਹਿੱਸਾ ਲੈਣ ਵਾਲੇ ਸਿੱਖ ਸਿਪਾਹੀਆਂ ਨੂੰ ਸਮਰਪਿਤ ਹੋਵੇਗੀ। ਪਹਿਲੀ ਤੇ ਦੂਸਰੀ ਵਿਸ਼ਵ ਜੰਗ ਵਿੱਚ ਹਿੱਸਾ ਲੈਣ ਵਾਲੇ ਸਿੱਖ ਸਿਪਾਹੀਆਂ ਦੀ ਯਾਦ ਨੂੰ ਸਮਰਪਿਤ ਇਸ ਯਾਦ ਵਿੱਚ 10 ਫੁੱਟ ਉਚਾ ਕਾਂਸੀ ਦਾ ਬੁੱਤ ਲਾਇਆ ਜਾ ਰਿਹਾ ਹੈ। ਬਲੈਕ ਕੰਟਰੀ ਦੇ ਮਹਾਨ ਬੁੱਤ ਬਣਾਉਣ ਵਾਲੇ ਲਿਊਕ ਪੈਰੀ ਵੱਲੋਂ ਸਿੱਖ ਸਿਪਾਹੀ ਦਾ ਬੁੱਤ ਬਣਾਇਆ ਜਾਵੇਗਾ। ਦੋਵੇਂ ਸੰਸਾਰ ਯੁੱਧਾਂ ਦੇ ਦੌਰਾਨ ਬ੍ਰਿਟਿਸ਼ ਫੌਜ ਲਈ ਲੜਦੇ ਹੋਏ ਲੱਖਾਂ ਭਾਰਤੀ ਸਿਪਾਹੀਆਂ ਨੇ ਜਾਨਾਂ ਵਾਰੀਆਂ ਸਨ। ਸੈਂਡਵਿੱਲ ਕੌਂਸਲ ਤੇ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਦੇ ਸਹਿਯੋਗ ਨਾਲ ਹਾਈ ਸਟਰੀਟ ਅਤੇ ਟੋਲਹਾਊਸ ਵੇਅ ਵਿਚਕਾਰਲੀ ਥਾਂ ਉਤੇ ਇਹ ਬੁੱਤ ਲਾਇਆ ਜਾਵੇਗਾ, ਜਿਥੇ ਲੋਕਾਂ ਦੇ ਬੈਠਣ ਦਾ ਪ੍ਰਬੰਧ ਕਰਨ ਤੋਂ ਇਲਾਵਾ ਇਸ ਦਾ ਸੁੰਦਰੀਕਰਨ ਵੀ ਕੀਤਾ ਜਾਵੇਗਾ। ਇਸ ਬੁੱਤ ਦੇ ਨਾਲ ਇਸ ਦੀ ਮਹੱਤਤਾ ਦਾ ਇਤਿਹਾਸ ਅੰਕਿਤ ਕੀਤਾ ਜਾਵੇਗਾ।
ਗੁਰੂ ਘਰ ਦੇ ਪ੍ਰਧਾਨ ਜਤਿੰਦਰ ਸਿੰਘ ਨੇ ਦੱਸਿਆ ਕਿ ਜਿਥੇ ਕੌਂਸਲ ਵੱਲੋਂ ਇਸ ਕਾਰਜ ਲਈ ਜਗ੍ਹਾ ਦਿੱਤੀ ਜਾ ਰਹੀ ਹੈ, ਉਥੇ ਗੁਰੂ ਨਾਨਕ ਗੁਰਦੁਆਰੇ ਸਮੈਦਿਕ ਵੱਲੋਂ ਬੁੱਤ ਬਣਾਉਣ ਅਤੇ ਲਾਉਣ ਦਾ ਸਾਰਾ ਖਰਚਾ ਦਿੱਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਸਾਡੇ ਲਈ ਮਾਣ ਦੀ ਗੱਲ ਹੈ ਕਿ ਅਸੀਂ ਉਨ੍ਹਾਂ ਯੋਧਿਆਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਹਜ਼ਾਰਾਂ ਮੀਲ ਦੂਰ ਆ ਕੇ ਉਨ੍ਹਾਂ ਲੋਕਾਂ ਲਈ ਕੁਰਬਾਨੀਆਂ ਕੀਤੀਆਂ, ਜੋ ਉਨ੍ਹਾਂ ਦੇ ਨਹੀਂ ਸਨ। ਸਿੱਖ ਸਿਪਾਹੀਆਂ ਨੇ ਇਹ ਜਾਨਾਂ ਮਨੁੱਖਤਾ ਦੀ ਆਜ਼ਾਦੀ ਲਈ ਵਾਰੀਆਂ। ਆਲ ਪਾਰਲੀਮੈਂਟਰੀ ਗੁਰੱਪਸ ਫਾਰ ਸਿੱਖਸ ਦੀ ਚੇਅਰਪਰਸਨ ਐਮ ਪੀ ਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਸੈਂਡਵੈਲ ਵਿੱਚ ਇਹ ਇਤਿਹਾਸਕ ਬੁੱਤ ਲੱਗਣਾ ਮੇਰੇ ਲਈ ਮਾਣ ਵਾਲੀ ਗੱਲ ਹੈ।