ਸਿੱਖ ਆਗੂਆਂ ਵੱਲੋਂ ਦੋਸ਼: ਬਾਦਲਾਂ ਨੇ ਵੋਟਾਂ ਖ਼ਾਤਰ ਸਿਰਸੇ ਡੇਰੇ ਨੂੰ ਕਲੀਨ ਚਿੱਟ ਦਿੱਤੀ ਸੀ


ਬਠਿੰਡਾ, 11 ਜੂਨ, (ਪੋਸਟ ਬਿਊਰੋ)- ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਬਠਿੰਡਾ ਅਤੇ ਅਕਾਲੀ ਦਲ (ਅੰਮ੍ਰਿਤਸਰ) ਦੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਸਮੇਤ ਸਿੱਖ ਸੰਗਠਨਾਂ ਦੀ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਅੱਜ ਇਨ੍ਹਾਂ ਸਿੱਖ ਆਗੂਆਂ ਨੇ ਬਰਗਾੜੀ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ, ਬਹਿਬਲ ਕਲਾਂ ਗੋਲੀ ਕਾਂਡ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸ ਬਾਰੇ ਓਦੋਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਦੋਸ਼ੀ ਠਹਿਰਾਇਆ ਹੈ।
ਇਨ੍ਹਾਂ ਸਿੱਖ ਆਗੂਆਂ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਬਾਰੇ ਸਿੱਖ ਸੰਗਠਨਾਂ ਨੇ ਗੁਰੂ ਗ੍ਰੰਥ ਸਾਹਿਬ ਐਕਸ਼ਨ ਕਮੇਟੀ ਬਣਾਈ ਸੀ ਤੇ ਇਸ ਕਮੇਟੀ ਨੇ ਜਾਂਚ ਦੌਰਾਨ ਕੁਝ ਡੇਰਾ ਪ੍ਰੇਮੀਆਂ ਨੂੰ ਦੋਸ਼ੀ ਕਿਹਾ ਸੀ, ਪਰ ਫ਼ਰੀਦਕੋਟ ਜ਼ਿਲ੍ਹੇ ਦੇ ਪੁਲੀਸ ਅਫ਼ਸਰਾਂ ਨੇ ਉਨ੍ਹਾਂ ਦੀ ਜਾਂਚ ਦੇ ਉਲਟ ਖੁਦ ਉਨ੍ਹਾਂ ਉੱਤੇ ਕੇਸ ਦਰਜ ਕਰ ਦਿੱਤੇ। ਏਥੋਂ ਤੱਕ ਕਿ ਗੁਰਦੀਪ ਸਿੰਘ ਬਠਿੰਡਾ ਦੇ ਦੋਵੇਂ ਪੁੱਤਰਾਂ ਉੱਤੇ ਝੂਠੇ ਕੇਸ ਦਰਜ ਕੀਤੇ ਗਏ। ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਅਕਾਲੀ ਸਰਕਾਰ ਵੱਲੋਂ ਸਿੰਘਾਂ ਦੇ ਖ਼ਿਲਾਫ਼ ਝੂਠੇ ਕੇਸ ਦਰਜ ਕਰਨ ਅਤੇ ਤਸ਼ੱਦਦ ਕਰਨ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਇਥੋਂ ਤੱਕ ਕਿਹਾ ਸੀ ਕਿ ਇਨ੍ਹਾਂ ਦੇ ਤਾਰ ਪਾਕਿਸਤਾਨ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਵਕਤ ਪੁਲੀਸ ਜਾਂਚ ਦੀ ਸੂਈ ਜਿਹੜੇ ਡੇਰਾ ਪ੍ਰੇਮੀਆਂ ਵੱਲ ਘੁੰਮੀ ਹੈ, ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਕਮੇਟੀ ਨੇ ਵੀ ਦੋਸ਼ੀ ਕਿਹਾ ਸੀ। ਇਨ੍ਹਾਂ ਸਿੱਖ ਆਗੂਆਂ ਨੇ ਦੋਸ਼ ਲਾਇਆ ਕਿ ਬਾਦਲਾਂ ਨੇ ਵੋਟਾਂ ਖਾਤਰ ਸਿਰਸੇ ਡੇਰੇ ਨੂੰ ਕਲੀਨ ਚਿੱਟ ਦਿੱਤੀ ਤੇ ਡੇਰਾ ਪ੍ਰੇਮੀਆਂ ਨੂੰ ਫੜਨ ਦੀ ਥਾਂ ਮੌੜ ਬੰਬ ਕਾਂਡ ਬਾਰੇ ਸਿੱਖ ਆਗੂਆਂ ਤੋਂ ਪੁੱਛਗਿੱਛ ਕਰਵਾਈ ਸੀ।