ਸਿੱਖਾਂ ਵਿਰੁੱਧ ਭੜਕਾਊ ਬੋਲੀ ਬੋਲਣ ਤੋਂ ਚਰਚਿਤ ਹੋਇਆ ਸੁਧੀਰ ਸੂਰੀ ਗ੍ਰਿਫਤਾਰ


ਅੰਮ੍ਰਿਤਸਰ, 8 ਨਵੰਬਰ, (ਪੋਸਟ ਬਿਊਰੋ)- ਇਸ ਮਹਾਂਨਗਰ ਦੇ ਹਿੰਦੂ ਨੇਤਾ ਵਿਪਨ ਸ਼ਰਮਾ ਦਾ ਕਤਲ ਹੋਣ ਦੇ ਬਾਅਦ ਫ਼ਿਰਕੂ ਪੱਤਾ ਖੇਡਣ ਦੀ ਕੋਸ਼ਿਸ਼ ਕਰਨ ਵਾਲੇ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਨੂੰ ਅੱਜ ਪੁਲਿਸ ਨੇ ਉਸ ਦੇ ਇਕ ਹੋਰ ਸਾਥੀ ਸਮੇਤ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਸੁਰੱਖਿਆ ਪੱਖੋਂ ਚੌਕਸੀ ਕਾਰਨ ਪਠਾਨਕੋਟ ਜੇਲ੍ਹ ਵਿੱਚ ਭੇਜਿਆ ਗਿਆ। ਇਹ ਵਿਅਕਤੀ ਪਿਛਲੇ ਕਾਫ਼ੀ ਸਮੇਂ ਤੋ ਸੋਸ਼ਲ ਮੀਡੀਆ ਉੱਤੇ ਸਿੱਖਾਂ ਦੇ ਖ਼ਿਲਾਫ਼ ਪ੍ਰਚਾਰ ਕਰ ਰਿਹਾ ਸੀ ਤੇ ਉਸ ਨੇ ਇਸੇ ਆੜ ਵਿੱਚ ਖਾੜਕੂਆਂ ਤੋਂ ਆਪਣੀ ਜਾਨ ਦਾ ਖ਼ਤਰਾ ਦੱਸ ਕੇ ਪੁਲਿਸ ਤੋਂ ਗੰਨਮੈਨ ਵੀ ਲੈ ਲਏ ਸਨ।
ਇਹ ਮਾਮਲਾ ਬੀਤੇ ਦਿਨ ਇੱਕ ਵਾਰ ਫਿਰ ਓਦੋਂ ਚਰਚਾ ਵਿੱਚ ਆ ਗਿਆ, ਜਦੋਂ ਉਸ ਵਲੋਂ ਇਕ ਵੀਡੀਓ ਸੋਸ਼ਲ ਮੀਡੀਆ ਉੱਤੇ ਨਸ਼ਰ ਕੀਤੀ, ਜਿਸ ਵਿੱਚ ਉਸ ਨੇ ਪਹਿਲਾਂ ਦੇ ਮੁਕਾਬਲੇ ਹੋਰ ਵੀ ਹਮਲਾਵਰ ਰੁੱਖ ਵਰਤਦੇ ਹੋਏ ਅਸ਼ਲੀਲ ਸ਼ਬਦਾਂ ਦੀ ਵਰਤੋਂ ਕੀਤੀ ਗਈ ਅਤੇ ਹਿੰਦੂ ਨੇਤਾ ਵਿਪਨ ਸ਼ਰਮਾ ਨੂੰ ਖਾੜਕੂਆਂ ਵਲੋਂ ਮਾਰੇ ਜਾਣ ਦਾ ਦੋਸ਼ ਲਾਉਂਦਿਆਂ ਉਸ ਨੇ ਸਰਕਾਰ ਦੇ ਖਿਲਾਫ ਕਈ ਕੁਝ ਕਿਹਾ ਅਤੇ ਇਕ ਭਾਈਚਾਰੇ ਦੇ ਖ਼ਿਲਾਫ਼ ਭੜਕਾਊ ਬਿਆਨਬਾਜ਼ੀ ਵੀ ਕੀਤੀ। ਉਸ ਦੀ ਇਸ ਵੀਡੀਓ ਦਾ ਕਾਫ਼ੀ ਵਿਰੋਧ ਹੋ ਰਿਹਾ ਸੀ, ਜਿਸ ਪਿੱਛੋਂ ਸਿੱਖ ਸਟੂਡੈਂਟ ਫ਼ੈਡਰੇਸ਼ਨ ਮਹਿਤਾ ਨੇ ਸਖ਼ਤ ਸਟੈਂਡ ਲੈਂਦਿਆਂ ਪੁਲਿਸ ਕਮਿਸ਼ਨਰ ਐਸ. ਸ੍ਰੀ ਵਾਸਤਵਾ ਨੂੰ ਮਿਲ ਕੇ ਉਸ ਦੇ ਖ਼ਿਲਾਫ਼ ਤੁਰੰਤ ਕਾਰਵਾਈ ਦੀ ਮੰਗ ਕੀਤੀ ਸੀ।
ਵਰਨਣ ਯੋਗ ਹੈ ਕਿ ਇਸ ਤੋਂ ਪਹਿਲਾਂ ਜੂਨ ਵਿੱਚ ਆਪਰੇਸ਼ਨ ਬਲਿਊ ਸਟਾਰ ਦੀ ਵਰ੍ਹੇਗੰਢ ਮੌਕੇ ਵੀ ਸੁਧੀਰ ਸੂਰੀ ਨੇ ਭੜਕਾਊ ਬਿਆਨ ਦਿੱਤੇ ਸਨ, ਜਿਸ ਕਾਰਨ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਪਰ ਕੁਝ ਦੇਰ ਬਾਅਦ ਜ਼ਮਾਨਤ ਦੇ ਦਿੱਤੀ ਗਈ ਤਾਂ ਉਹ ਰਿਹਾਅ ਹੋ ਗਿਆ ਸੀ। ਉਸ ਦੇ ਖ਼ਿਲਾਫ਼ ਹੁਣ ਤੱਕ ਪੁਲਿਸ ਨੇ ਤਿੰਨ ਪਰਚੇ ਦਰਜ ਕੀਤੇ ਹਨ। ਥਾਣਾ ਰਾਮ ਬਾਗ ਵਿਖੇ ਦਰਜ ਕੇਸ ਦੀ ਪੁਸ਼ਟੀ ਕਰਦਿਆਂ ਏ ਸੀ ਪੀ ਪ੍ਰਭਜੋਤ ਸਿੰਘ ਵਿਰਕ ਨੇ ਦਸਿਆ ਕਿ ਸੁਧੀਰ ਸੂਰੀ ਅਤੇ ਉਸ ਦੇ ਸਾਥੀ ਹਰਦੀਪ ਕੁਮਾਰ ਹੈਪੀ ਨੂੰ ਵੱਖ-ਵੱਖ ਧਾਰਾਵਾਂ ਦੇ ਕੇਸ ਵਿੱਚ ਗ੍ਰਿਫਤਾਰ ਕਰਕੇ ਅਦਾਲਤੀ ਹੁਕਮ ਉੱਤੇ 22 ਨਵੰਬਰ ਤੱਕ ਪਠਾਨਕੋਟ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ।