ਸਿੱਖਾਂ ਦੇ ਯੋਗਦਾਨ ਲਈ ਅਮਰੀਕੀ ਉਪ ਰਾਸ਼ਟਰਪਤੀ ਵੱਲੋਂ ਤਾਰੀਫ

mike pence
ਵਾਸ਼ਿੰਗਟਨ, 19 ਜੂਨ (ਪੋਸਟ ਬਿਊਰੋ)- ਅਮਰੀਕੀ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਸਿੱਖਾਂ ਵੱਲੋਂ ਇਸ ਦੇਸ਼ ਦੀ ਤਰੱਕੀ ਵਿੱਚ ਪਾਏ ਯੋਗਦਾਨ ਦੀ ਤਾਰੀਫ ਕਰਦਿਆਂ ਇਸ ਭਾਈਚਾਰੇ ਨੂੰ ਕਿਹਾ ਹੈ ਕਿ ਉਹ ਫੌਜ ਅਤੇ ਸਥਾਨਕ, ਰਾਜ ਤੇ ਕੈਂਦਰੀ ਪੱਧਰ ‘ਤੇ ਸਰਕਾਰੀ ਦਫਤਰਾਂ ਵਿੱਚ ਸੇਵਾ ਦਿੰਦਿਆਂ ਆਪਣਾ ਯੋਗਦਾਨ ਜਾਰੀ ਰੱਖਣ।
ਇੰਡੀਆਨਾਪੋਲਿਸ ਵਿੱਚ ਸਿੱਖ ਵਫਦ ਨੂੰ ਸੰਬੋਧਨ ਕਰਦਿਆਂ ਪੈਂਸ ਨੇ ਕਿਹਾ, ‘ਸਿੱਖ ਭਾਈਚਾਰਾ ਤੇ ਉਨ੍ਹਾਂ ਨਾਲ ਜੁੜੇ ਮੁੱਦੇ ਹਮੇਸ਼ਾ ਮੇਰੇ ਦਿਲ ਦੇ ਕਰੀਬ ਰਹੇ ਹਨ ਅਤੇ ਮੈਂ ਹਮੇਸ਼ਾਂ ਇੰਡਿਆਨਾ ਅਤੇ ਦੇਸ਼ ਭਰ ਵਿੱਚ ਰਹਿੰਦੇ ਸਿੱਖਾਂ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਹੈ।’
ਗੁਰਿੰਦਰ ਸਿੰਘ ਖਾਲਸਾ ਦੀ ਅਗਵਾਈ ਵਾਲੀ ਸਿੱਖਾਂ ਦੀ ਸਿਆਸੀ ਐਕਸ਼ਨ ਕਮੇਟੀ (ਸਿੱਖਜ਼ ਪੀ ਏ ਸੀ) ਨਾਲ ਮੀਟਿੰਗ ਦੌਰਾਨ ਪੈਂਸ ਨੇ ਕਿਹਾ ਕਿ ਉਹ ਸਿੱਖਾਂ ਦੇ ਮੁੱਦਿਆਂ ਤੋਂ ਉਦੋਂ ਤੋਂ ਜਾਣੂ ਹੈ ਜਦੋਂ ਉਹ ਇੰਡਿਆਨਾ ਰਾਜ ਦੇ ਗਵਰਨਰ ਸਨ। ਕਮੇਟੀ ਵੱਲੋਂ ਜਾਰੀ ਮੀਡੀਆ ਰਿਲੀਜ਼ ਮੁਤਾਬਕ ਵਫਦ ਵੱਲੋਂ ਉਪ ਰਾਸ਼ਟਰਪਤੀ ਨਾਲ ਮੀਟਿੰਗ ਵਿੱਚ ਚਰਚਾ ਦਾ ਮੁੱਖ ਵਿਸ਼ਾ ਸਿੱਖਾਂ ਬਾਰੇ ਜਾਗਰੂਕਤਾ ਤੇ ਸਿੱਖਿਆ ਬਾਰੇ ਫੈਡਰਲ ਵਿਭਾਗ ਦੀ ਮਦਦ ਨਾਲ ਇਤਿਹਾਸ ਵਿਸ਼ੇ ‘ਚ ਸਿੱਖਾਂ ਦੇ ਇਤਿਹਾਸ ਨੂੰ ਸ਼ਾਮਲ ਕਰਨਾ ਸੀ।
ਉਪ ਰਾਸ਼ਟਰਪਤੀ ਨੇ ਸਿੱਖਜ਼ ਪੀ ਏ ਸੀ ਵੱਲੋਂ ਸਿੱਖ ਭਾਈਚਾਰੇ ਨੂੰ ਦੇਸ਼ ਦੀ ਮੋਹਰੀ ਸਿਆਸਤ ਵਿੱਚ ਯੋਗਦਾਨ ਲਈ ਦਿੱਤੀ ਹੱਲਾਸ਼ੇਰੀ ਦੇ ਯਤਨਾਂ ਨੂੰ ਵੀ ਸਲਾਹਿਆ। ਇਸ ਹਫਤੇ ਦੀ ਸ਼ੁਰੂਆਤ ਵਿੱਚ ਖਾਲਸਾ ਨੇ ਵਾਸ਼ਿੰਗਟਨ ਡੀ ਸੀ ਦੇ ਦੌਰੇ ਮੌਕੇ ਅਮਰੀਕੀ ਸੈਨੇਟਰਾਂ ਤੇ ਕਾਂਗਰਸੀਆਂ ਨਾਲ ਮੁਲਾਕਾਤ ਕੀਤੀ ਸੀ। ਯਾਦ ਰਹੇ ਕਿ ਪੈਂਸ ਪਹਿਲੇ ਸੀਟਿੰਗ ਗਵਰਨਰ ਸਨ, ਜਿਨ੍ਹਾਂ 2015 ਵਿੱਚ ਸਿੱਖ ਪਰੇਡ ‘ਚ ਸ਼ਾਮਲ ਹੋ ਕੇ ਇਕ ਸਿੱਖ ਨੂੰ ਸਰਵੋਤਮ ਸ਼ਹਿਰੀ ਐਵਾਰਡ ਨਾਲ ਸਨਮਾਨਤ ਕੀਤਾ ਸੀ।