ਸਿੰਧ ਵਿੱਚ ਦੋ ਹਿੰਦੂ ਕਾਰੋਬਾਰੀਆਂ ਦਾ ਕਤਲ


ਕਰਾਚੀ, 6 ਜਨਵਰੀ (ਪੋਸਟ ਬਿਊਰੋ)- ਪਾਕਿਸਤਾਨ ਦੇ ਸਿੰਧ ਸੂਬੇ ਦੇ ਜ਼ਿਲਾ ਥਾਰਪਾਰਕਰ ਵਿੱਚ ਮੋਟਰ ਸਾਈਕਲ ਸਵਾਰ ਲੁਟੇਰਿਆਂ ਨੇ ਗੋਲੀਆਂ ਮਾਰ ਕੇ ਦੋ ਹਿੰਦੂ ਭਰਾਵਾਂ ਦੀ ਹੱਤਿਆ ਕਰ ਦਿੱਤੀ। ਇਸ ਦੇ ਰੋਸ ਵਿੱਚ ਘੱਟਗਿਣਤੀ ਭਾਈਚਾਰੇ ਵੱਲੋਂ ਮੁਜ਼ਾਹਰੇ ਕੀਤੇ ਜਾ ਰਹੇ ਹਨ। ਅਨਾਜ ਵਪਾਰੀ ਦਿਲੀਪ ਕੁਮਾਰ ਅਤੇ ਚੰਦਰ ਮਾਹੇਸ਼ਵਰੀ ਦੇ ਉਨ੍ਹਾਂ ਦੀ ਦੁਕਾਨ ਬਾਹਰ ਗੋਲੀਆਂ ਮਾਰੀਆਂ ਗਈਆਂ। ਸਿੰਧ ਦੇ ਗ੍ਰਹਿ ਮੰਤਰੀ ਸੋਹੇਲ ਅਨਵਰ ਸਿਆਲ ਦੇ ਉਮਰਕੋਟ ਦੇ ਐਸ ਐਸ ਪੀ ਇਸ ਵਾਰਦਾਤ ਦੀ ਪੜਤਾਲ ਦੇ ਹੁਕਮ ਦਿੱਤੇ ਹਨ।
‘ਐਕਸਪ੍ਰੈਸ ਟਿ੍ਰਬਿਊਨ’ ਦੀ ਰਿਪੋਰਟ ਮੁਤਾਬਕ ਜ਼ਿਲੇ ਦੇ ਮਿੱਠੀ ਇਲਾਕੇ ਵਿੱਚ ਉਹ ਆਪਣੀ ਅਨਾਜ ਦੀ ਦੁਕਾਨ ਖੋਲ੍ਹ ਰਹੇ ਸਨ, ਜਦੋਂ ਇਹ ਵਾਰਦਾਤ ਹੋਈ। ਪੁਲਸ ਅਨੁਸਾਰ ਇਸ ਸ਼ਹਿਰ ਵਿੱਚ ਲੁੱਟ ਖੋਹ ਦੀ ਇਹ ਪਹਿਲੀ ਵਾਰਦਾਤ ਹੈ। ਮੋਟਰ ਸਾਈਕਲ ਸਵਾਰ ਲੁਟੇਰਿਆਂ ਨੇ ਇਨ੍ਹਾਂ ਭਰਾਵਾਂ ਤੋਂ ਰਾਸ਼ੀ ਖੋਹਣ ਦਾ ਯਤਨ ਕੀਤਾ, ਪਰ ਉਨ੍ਹਾਂ ਵੱਲੋਂ ਵਿਰੋਧ ਕੀਤੇ ਜਾਣ ਬਾਅਦ ਲੁਟੇਰਿਆਂ ਨੇ ਉਨ੍ਹਾਂ ਦੇ ਗੋਲੀ ਮਾਰ ਦਿੱਤੀ। ਇਸ ਘਟਨਾ ਪਿੱਛੋਂ ਜ਼ਿਲੇ ਵਿੱਚ ਹਿੰਦੂ ਬਹੁਗਿਣਤੀ ਵਾਲੇ ਇਲਾਕਿਆਂ ਵਿੱਚ ਵਪਾਰੀਆਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਅਤੇ ਰੋਸ ਵਿੱਚ ਮੁੱਖ ਸੜਕਾਂ ਉਤੇ ਧਰਨੇ ਦਿੱਤੇ, ਜਿਸ ਕਾਰਨ ਟਰੈਫਿਕ ਜਾਮ ਹੋ ਗਿਆ। ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਪੁਲਸ ਘਟਨਾ ਸਥਾਨ ਉਤੇ ਦੇਰ ਨਾਲ ਪੁੱਜੀ, ਕਿਉਂਕਿ ਜ਼ਿਆਦਾ ਮੁਲਾਜ਼ਮ ਪੀ ਪੀ ਪੀ ਦੀ ਮੀਰਪੁਰ ਖਾਸ ਵਿੱਚ ਹੋੋਣ ਵਾਲੀ ਰੈਲੀ, ਜਿਸ ਨੂੰ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੇ ਸੰਬੋਧਨ ਕਰਨ ਦੀ ਆਸ ਹੈ, ਦੀ ਸੁਰੱਖਿਆ ਦੇ ਲਈ ਤਾਇਨਾਤ ਕੀਤੇ ਗਏ ਹਨ।